ਲੋਕਤੰਤਰ ਦੀ ਹੋਈ ਜਿੱਤ, ਭਾਜਪਾ ਅਤੇ ਅਕਾਲੀ ਦਲ ਦਾ ਸਫਾਇਆ – ਅਮਨ ਅਰੋੜਾ
ਆਪ ਨੇ ਪੰਜਾਬ ਦੀਆਂ ਲੋਕਲ ਬਾਡੀ ਚੋਣਾਂ ਵਿੱਚ 50% ਤੋਂ ਵੱਧ ਵਾਰਡਾਂ ਵਿੱਚ ਕੀਤੀ ਜਿੱਤ ਹਾਸਲ
ਆਪ ਪੰਜਾਬ ਦੇ ਪ੍ਰਧਾਨ ਨੇ ਜੇਤੂ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਦਿੱਤੀ ਵਧਾਈ, ਜਿੱਤ ਦਾ ਸਿਹਰਾ ਆਪ ਦੇ ਲੋਕ-ਪੱਖੀ ਕੰਮਾਂ ਨੂੰ ਦਿੱਤਾ
ਅਰੋੜਾ ਨੇ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਲਈ ਰਾਜ ਚੋਣ ਕਮਿਸ਼ਨ ਦੀ ਕੀਤੀ ਤਾਰੀਫ, ਕਿਹਾ – ਪਹਿਲੀ ਵਾਰ ਕਿਸੇ ਸੱਤਾਧਾਰੀ ਪਾਰਟੀ ਨੇ ਲੋਕਲ ਬਾਡੀ ਚੋਣਾਂ ਵਿੱਚ ਧਾਂਦਲੀ ਨਹੀਂ ਕੀਤੀ
ਚੰਡੀਗੜ੍ਹ, 21 ਦਸੰਬਰ
ਪੰਜਾਬ ਦੀਆਂ ਲੋਕਲ ਬਾਡੀ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ 977 ਹਲਕਿਆਂ ਦੇ 50% ਤੋਂ ਵੱਧ ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਇਤਿਹਾਸ ਰਚਿਆ ਹੈ। ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਸ਼ਾਨਦਾਰ ਜਿੱਤ ‘ਆਪ’ ਦੇ ਲੋਕ-ਪੱਖੀ ਸ਼ਾਸਨ ਅਤੇ ਪਾਰਦਰਸ਼ੀ ਰਾਜਨੀਤੀ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ।
ਅਰੋੜਾ ਨੇ ਟਵਿੱਟਰ ਰਾਹੀਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਅਤੇ ਸਾਰੇ ਜੇਤੂ ਉਮੀਦਵਾਰਾਂ ਨੂੰ ਨਿਗਮ ਚੋਣਾਂ ਵਿੱਚ ‘ਆਪ’ ਪੰਜਾਬ ਦੀ ਸ਼ਾਨਦਾਰ ਜਿੱਤ ਲਈ ਦਿਲੋਂ ਵਧਾਈਆਂ। ਮੈਂ ਆਪਣੇ ਸਾਰੇ ਵਰਕਰਾਂ ਦਾ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਾਰੇ ਚੁਣੇ ਹੋਏ ਕੌਂਸਲਰ ਲੋਕ ਸੇਵਾ ਅਤੇ ਵਿਕਾਸ ਲਈ ਸਮਰਪਿਤ ਰਹਿਣਗੇ”।
ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਅਰੋੜਾ ਨੇ ਉਤਸ਼ਾਹਜਨਕ ਨਤੀਜਿਆਂ ਨੂੰ ਉਜਾਗਰ ਕਰਦੇ ਹੋਏ ਕਿਹਾ, “ਪਟਿਆਲਾ ਅਤੇ ਜਲੰਧਰ ਵਿੱਚ, ਅਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਦੋਂ ਕਿ ਫਗਵਾੜਾ ਵਰਗੀਆਂ ਛੋਟੀਆਂ ਕਾਰਪੋਰੇਸ਼ਨਾਂ ਦੇ ਨਤੀਜੇ ਪੂਰੀ ਤਰ੍ਹਾਂ ਸਾਡੇ ਹੱਕ ਵਿੱਚ ਨਹੀਂ ਸਨ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਨਤੀਜੇ ਅਜੇ ਵੀ ਆ ਰਹੇ ਹਨ, ਅਤੇ ਅਸੀਂ ਆਸ਼ਾਵਾਦੀ ਹਾਂ।
ਅਰੋੜਾ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੀ ਤਾਰੀਫ਼ ਕਰਦਿਆਂ ਇਸ ਨੂੰ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਏ ਕੁਪ੍ਰਬੰਧਾਂ ਦੇ ਉਲਟ ਦੱਸਿਆ। ਉਨ੍ਹਾਂ ਕਿਹਾ ਕਿ “ਕਾਂਗਰਸ ਦੇ ਸਮੇਂ ਚੋਣਾਂ ਇੱਕ ਮਜ਼ਾਕ ਤੋਂ ਘੱਟ ਨਹੀਂ ਸਨ, ਜਿਨ੍ਹਾਂ ਵਿੱਚ ਵਿਆਪਕ ਤੌਰ ਤੇ ਧਾਂਦਲੀ ਅਤੇ ਹੇਰਾਫੇਰੀ ਹੁੰਦੀ ਸੀ। ਇਸ ਵਾਰ ਅਸੀਂ ਪਾਰਦਰਸ਼ੀ ਚੋਣਾਂ ਦੇਖੀਆਂ ਹਨ ਅਤੇ ਜਨਤਾ ਦਾ ਫਤਵਾ ਜਿੱਤਿਆ ਹੈ। ਅਸੀਂ ਜ਼ੀਰੋ ਤੋਂ ਇੰਨੀ ਮਹੱਤਵਪੂਰਨ ਜਿੱਤ ਤੱਕ ਜੋ ਛਾਲ ਮਾਰੀ ਹੈ, ਉਹ ‘ਆਪ’ ਲਈ ਇੱਕ ਸ਼ਾਨਦਾਰ ਪ੍ਰਾਪਤੀ ਹੈ।
ਵਿਰੋਧੀ ਪਾਰਟੀਆਂ ‘ਤੇ ਚੁਟਕੀ ਲੈਂਦਿਆਂ ਅਰੋੜਾ ਨੇ ਕਿਹਾ, ”ਅਕਾਲੀ ਦਲ ਅਤੇ ਭਾਜਪਾ ਦਾ ਪੂਰੀ ਤਰ੍ਹਾਂ ਸਫਾਇਆ ਹੋ ਚੁੱਕਾ ਹੈ। ਸ਼ਹਿਰੀ ਖੇਤਰਾਂ ਵਿੱਚ ਭਾਜਪਾ ਦੇ ਦਬਦਬੇ ਦਾ ਭਰਮ ਟੁੱਟ ਗਿਆ ਹੈ ਅਤੇ ਲੋਕਾਂ ਨੇ ਉਨ੍ਹਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਕਈ ਵਾਰਡਾਂ ਵਿੱਚ ਚੋਣ ਲੜਨ ਲਈ ਉਮੀਦਵਾਰ ਲੱਭਣ ਲਈ ਵੀ ਸੰਘਰਸ਼ ਕਰਨਾ ਪਿਆ। ‘ਆਪ’ ਇਕਲੌਤੀ ਪਾਰਟੀ ਸੀ ਜਿਸ ਕੋਲ ਮਜ਼ਬੂਤ ਜਥੇਬੰਦਕ ਢਾਂਚਾ ਸੀ ਜਿਸ ਨੇ ਹਰ ਵਾਰਡ ਵਿਚ ਆਪਣੇ ਚੋਣ ਨਿਸ਼ਾਨ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ।
ਅਰੋੜਾ ਨੇ ਸਪੱਸ਼ਟ ਕੀਤਾ ਕਿ ‘ਆਪ’ ਦਾ ਇੰਡੀਆ ਬਲਾਕ ਦੇ ਤਹਿਤ ਕਾਂਗਰਸ ਨਾਲ ਗਠਜੋੜ ਰਾਸ਼ਟਰੀ ਪੱਧਰ ਤੱਕ ਸੀਮਤ ਹੈ। ਪੰਜਾਬ ਵਿੱਚ ਸਾਡਾ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੈ। ਸਾਡੀ ਲੜਾਈ ਸਿੱਧੇ ਤੌਰ ‘ਤੇ ਉਨ੍ਹਾਂ ਦੇ ਵਿਰੁੱਧ ਸੀ ਅਤੇ ਜਾਰੀ ਰਹੇਗੀ।
ਜਿੱਤ ਦਾ ਸਿਹਰਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਨੂੰ ਦਿੰਦੇ ਹੋਏ ਅਰੋੜਾ ਨੇ ‘ਆਪ’ ਦੇ ਵਰਕਰਾਂ, ਵਲੰਟੀਅਰਾਂ ਅਤੇ ਆਗੂਆਂ ਦੀ ਅਣਥੱਕ ਮਿਹਨਤ ਦਾ ਧੰਨਵਾਦ ਕੀਤਾ। ਉਨ੍ਹਾਂ ਜਨਤਾ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਹਰ ਵਾਰਡ ਵਿੱਚ ਆਪਣੀ ਕਾਰਗੁਜ਼ਾਰੀ ਦੀ ਸਮੀਖਿਆ ਕਰੇਗੀ, ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗੀ ਅਤੇ ਭਵਿੱਖ ਵਿੱਚ ਸੁਧਾਰਾਂ ਲਈ ਕਮੀਆਂ ਨੂੰ ਦੂਰ ਕਰੇਗੀ।