Punjab
ਦੂਜੇ ਰਾਜਾਂ ਤੋਂ ਅਣਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ ਦੀ ਚੈਕਿੰਗ ਲਈ ਫਲਾਇੰਗ ਸਕੂਐਡ ਟੀਮਾਂ ਦਾ ਗਠਨ
ਦੂਜੇ ਰਾਜਾਂ ਤੋਂ ਅਣਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ ਦੀ ਚੈਕਿੰਗ
ਲਈ 6 ਫਲਾਇੰਗ ਸਕੂਐਡ ਟੀਮਾਂ ਦਾ ਗਠਨ: ਡਿਪਟੀ ਕਮਿਸ਼ਨਰ
* ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਖਰੀਦ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ
ਮਾਨਸਾ, 4 ਅਕਤੂਬਰ:
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਸ ਵਿੱਚ ਪੂਰਾ ਤਾਲਮੇਲ ਰੱਖਦੇ ਹੋਏ ਜ਼ਿਲ੍ਹੇ ਦੇ ਉਨ੍ਹਾਂ ਰਸਤਿਆਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇ ਜਿਥੋਂ ਕਿ ਦੂਜੇ ਸੂਬਿਆਂ ਵਿੱਚੋਂ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਟਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਝੋਨਾ ਪੁੱਜਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਤੋਂ ਅਣਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ ਦੀ ਚੈਕਿੰਗ ਕਰਨ ਲਈ ਕਮੇਟੀ ਪੱਧਰ ’ਤੇ 6 ਫਲਾਇੰਗ ਸਕੂਐਡ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਕਿ ਉਪ ਮੰਡਲ ਮੈਜਿਸਟਰੇਟਾਂ ਦੀ ਅਗਵਾਈ ਹੇਠ ਕਾਰਜਸ਼ੀਲ ਰਹਿਣਗੀਆਂ। ਸ਼੍ਰੀ ਮਹਿੰਦਰਪਾਲ ਨੇ ਕਿਹਾ ਕਿ ਏ.ਡੀ.ਸੀ ਵਿਕਾਸ ਨੂੰ ਇਸ ਮੰਤਵ ਲਈ ਨੋਡਲ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੁੱਚੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਸਬੰਧਤ ਵਿਭਾਗ ਦੇ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਮੰਡੀਆਂ ਵਿੱਚ ਫ਼ਸਲ ਦੀ ਆਮਦ ਤੋਂ ਲੈ ਕੇ ਖਰੀਦ, ਲਿਫ਼ਟਿੰਗ, ਢੋਆ ਢੁਆਈ ਅਤੇ ਅਦਾਇਗੀ ਸਮੇਤ ਹੋਰ ਕਾਰਜਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਅਮਲੀ ਜਾਮਾ ਪਹਿਨਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ ’ਤੇ ਏਜੰਸੀ ਦੀ ਤਰਫੋਂ ਤਾਇਨਾਤ ਨੋਡਲ ਅਧਿਕਾਰੀ ਪੂਰੀ ਤਰ੍ਹਾਂ ਮੁਸਤੈਦ ਰਹਿਣ ਤਾਂ ਜੋ ਕਿਸੇ ਵੀ ਮੰਡੀ ਵਿੱਚ ਕੋਈ ਸਮੱਸਿਆ ਪੇਸ਼ ਆਉਣ ’ਤੇ ਫੌਰੀ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਸਰਕਾਰ ਦੀ ਤਰਫੋਂ ਪ੍ਰਾਪਤ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ।
ਉਨ੍ਹਾਂ ਡੀ.ਐਫ.ਐਸ.ਸੀ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਲੋੜ ਮੁਤਾਬਕ ਬਾਰਦਾਨੇ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੋਈ ਵੀ ਸਮੱਸਿਆ ਪੇਸ਼ ਆਉਣ ’ਤੇ ਤੁਰੰਤ ਸਬੰਧਤ ਉਪ ਮੰਡਲ ਮੈਜਿਸਟਰੇਟ ਨਾਲ ਰਾਬਤਾ ਕਰਕੇ ਫੌਰੀ ਹੱਲ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਮੁੱਚੀ ਖਰੀਦ ਪ੍ਰਕਿਰਿਆ ਨਿਰਵਿਘਨ ਨੇਪਰੇ ਚੜ੍ਹਾਈ ਜਾ ਸਕੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਜੈ ਅਰੋੜਾ, ਏ.ਡੀ.ਸੀ ਵਿਕਾਸ ਅਮਰਪ੍ਰੀਤ ਕੌਰ ਸੰਧੂ, ਐਸ.ਪੀ ਸਤਨਾਮ ਸਿੰਘ, ਉਪ ਮੰਡਲ ਮੈਜਿਸਟਰੇਟ ਡਾ. ਸ਼ਿਖਾ ਭਗਤ, ਉਪ ਮੰਡਲ ਮੈਜਿਸਟਰੇਟ ਕਾਲਾ ਰਾਮ ਕਾਂਸਲ ਬੁਢਲਾਡਾ, ਸਹਾਇਕ ਕਮਿਸ਼ਨਰ ਹਰਜਿੰਦਰ ਸਿੰਘ ਜੱਸਲ, ਡੀ.ਐਫ.ਐਸ.ਸੀ , ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।