Punjab
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁਲਾਜ਼ਮ ਪੱਖੀ ਇਕ ਵੱਡਾ ਫੈਸਲਾ, ਮਹਿਲਾਵਾਂ ਲਈ ਵੱਡੇ ਐਲਾਨ
ਚੰਡੀਗੜ੍ਹ 2 ਅਕਤੂਬਰ :
ਮੁਲਾਜ਼ਮ ਪੱਖੀ ਇਕ ਵੱਡਾ ਫੈਸਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨਿਚਰਵਾਰ ਨੂੰ ਸੇਵਾ ਮੁਕਤੀ ਤੋਂ ਪਹਿਲਾਂ ਮੌਤ ਹੋਣ ਦੇ ਮਾਮਲੇ ਵਿਚ ਪਾਰਿਵਾਰਿਕ ਪੈਨਸ਼ਨ ਦਾ ਲਾਭ ਨਵੀ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਵੀ ਦੇਣ ਲਈ ਹਰੀ ਝੰਡੀ ਦੇ ਦਿੱਤੀ। ਇਸ ਦੇ ਨਾਲ ਹੀ 5-5-2009 ਦੇ ਪਾਰਿਵਾਰਿਕ ਪੈਨਸ਼ਨ ਸਬੰਧੀ ਦਿਸ਼ਾ ਨਿਰਦੇਸ਼ਾਂ ਅਤੇ ਮਿਤੀ 4-9-2019 ਨੂੰ ਇਸ ਮੁੱਦੇ ਨਾਲ ਜੁੜੀਆਂ ਹਦਾਇਤਾਂ ਅਪਣਾਏ ਜਾਣ ਨੂੰ ਵੀ ਮਨਜੂਰੀ ਦੇ ਦਿੱਤੀ ਗਈ। ਪੰਜਾਬ ਸਿਵਿਲ ਸੇਵਾਵਾਂ ਨਿਯਮ- ਜਿਲਦ 2 ਤਹਿਤ ਪ੍ਰਾਵਧਾਨਾਂ ਅਨੁਸਾਰ ਭਾਰਤ ਸਰਕਾਰ ਦੇ ਅਜਿਹੀ ਹੀ ਸਥਿਤੀ ਵਾਲੇ ਮੁਲਾਜ਼ਮਾਂ ਉੱਤੇ ਲਾਗੂ ਹੁੰਦੀ ਨਵੀਂ ਪੈਨਸ਼ਨ ਸਕੀਮ ਤਹਿਤ ਕਵਰ ਹੁੰਦੇ ਮੁਲਾਜ਼ਮਾਂ ਸਬੰਧੀ ਸੂਬਾ ਸਰਕਾਰ ਵਲੋਂ ਸੋਧਾਂ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਫੈਸਲੇ ਨੂੰ ਲਾਗੂ ਕਰਨ ਲਈ ਵਿੱਤ ਵਿਭਾਗ ਦੀ ਉਸ ਤਜਵੀਜ਼ ਲਈ ਸਹਿਮਤੀ ਦਿੱਤੀ ਹੈ ਜਿਸ ਨੂੰ ਕਿ 26 ਅਗਸਤ 2021 ਨੂੰ ਮੰਤਰੀ ਮੰਡਲ ਵੱਲੋਂ ਮਨਜੂਰੀ ਦੇ ਦਿੱਤੀ ਗਈ ਸੀ।
ਮੁੱਖ ਮੰਤਰੀ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਦੋਵੇਂ ਮਾਪੇ ਗਵਾ ਚੁੱਕੀਆਂ ਲੜਕੀਆਂ ਨੂੰ ਆਸ਼ੀਰਵਾਦ ਸਕੀਮ ਤਹਿਤ ਸਾਲਾਨਾ ਆਮਦਨ ਸੀਮਾ ’ਤੇ ਛੋਟ ਦੇਣ ਦੇ ਹੁਕਮ*
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰਸਤਾਵ ਨੂੰ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਵਿਡ -19 ਮਹਾਂਮਾਰੀ ਦੌਰਾਨ ਆਪਣੇ ਦੋਵੇਂ ਮਾਪਿਆਂ ਤੋਂ ਮਹਿਰੂਮ ਹੋ ਚੁੱਕੀਆਂ ਲੜਕੀਆਂ ਨੂੰ ਆਸ਼ੀਰਵਾਦ ਸਕੀਮ ਦੀਆਂ ਲਾਭਪਾਤਰੀਆਂ ਵਜੋਂ ਸਾਲਾਨਾ ਆਮਦਨ ਸੀਮਾ 32,790 ਰੁਪਏ ’ਤੇ ਛੋਟ ਦੇਣ ਜਾਂ ਮੁਆਫ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਆਮਦਨੀ ਦੀ ਨਿਰਧਾਰਤ ਸੀਮਾ ਨੂੰ ਵਿਚਾਰੇ ਬਿਨਾਂ ਅਨੁਸੂਚਿਤ ਜਾਤੀ/ਈਸਾਈ ਭਾਈਚਾਰੇ ਦੀਆਂ ਲੜਕੀਆਂ ਲਾਭਪਾਤਰੀਆਂ, ਪੱਛੜੀਆਂ ਸ੍ਰੇਣੀਆਂ/ਜਾਤੀਆਂ, ਆਰਥਿਕ ਤੌਰ ‘ਤੇ ਕਮਜ਼ੋਰ ਸ੍ਰੇਣੀਆਂ ਜਾਂ ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਨੂੰ ਵਿਆਹ ਮੌਕੇ ਅਤੇ ਅਨੁਸੂਚਿਤ ਜਾਤੀ ਦੀਆਂ ਵਿਧਵਾਵਾਂ ਮੁੜ- ਵਿਆਹ (ਰੀ-ਮੈਰਿਜ) ਕਰਵਾਉਣ ’ਤੇ ਉਕਤ ਯੋਜਨਾ ਤਹਿਤ ਵਿੱਤੀ ਲਾਭ ਪ੍ਰਾਪਤ ਹੋਵੇਗਾ। ਚੰਨੀ ਨੇ ਅੱਗੇ ਕਿਹਾ ਕਿ ਸਕੀਮ ਦੇ ਹੋਰ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।