ਬਾਬਾ ਸਾਹਿਬ ਦੇ ਸੁਫਨਿਆਂ ਨੂੰ ਕੇਵਲ ਅਰਵਿੰਦ ਕੇਜਰੀਵਾਲ ਹੀ ਪੂਰਾ ਕਰ ਸਕਦੇ ਹਨ : ਹਰਪਾਲ ਚੀਮਾ
-ਦੱਬੇ- ਕੁਚਲੇ ਸਮਾਜ ਲਈ ‘ਆਪ’ ਨੇ ਸ਼ੁਰੂ ਕੀਤੀ ‘ਬਾਬਾ ਸਾਹਿਬ ਦਾ ਸੁਫ਼ਨਾ ਅਧੂਰਾ, ਕੇਜਰੀਵਾਲ ਕਰਨਗੇ ਪੂਰਾ’ ਸੂਬਾ ਪੱਧਰੀ ਮੁਹਿੰਮ
-ਪਾਰਟੀ ਪੰਜਾਬ ਦੇ ਘਰ- ਘਰ ਜਾ ਕੇ ਦੱਸੇਗੀ ਕੇਜਰੀਵਾਲ ਸਰਕਾਰ ਨੇ ਕਿਸ ਤਰਾਂ ਬਾਬਾ ਸਾਹਿਬ ਦੇ ਸੁਫ਼ਨੇ ਨੂੰ ਸਾਕਾਰ ਕੀਤਾ
ਚੰਡੀਗੜ, 1 ਅਕਤੂਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ”ਬਾਬਾ ਸਾਹਿਬ ਦਾ ਸੁਫ਼ਨਾ ਅਧੂਰਾ, ਕੇਜਰੀਵਾਲ ਕਰਨਗੇ ਪੂਰਾ” ਨਾਂਅ ‘ਤੇ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ, ਜੋ ਗਰੀਬ ਅਤੇ ਦੱਬੇ – ਕੁਚਲੇ ਸਮਾਜ ਦੇ ਉਥਾਨ ਨੂੰ ਸਮਰਪਿਤ ਹੋਵੇਗੀ। ਇਸ ਮੁਹਿੰਮ ਦੇ ਤਹਿਤ ਆਮ ਆਦਮੀ ਪਾਰਟੀ ਸੂਬੇ ਦੇ ਹਰੇਕ ਪਿੰਡ- ਸ਼ਹਿਰ ਦੇ ਕਸਬੇ, ਮੁਹੱਲੇ ਅਤੇ ਵਾਰਡ ਵਿੱਚ ਘਰ- ਘਰ ਜਾ ਕੇ ਲੋਕਾਂ ਨੂੰ ਦੱਸੇਗੀ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਕਿਸ ਤਰਾਂ ਨਾਲ ਬਾਬਾ ਸਾਹਿਬ ਦੇ ਸੁਫ਼ਨਿਆਂ ਨੂੰ ਸਾਕਾਰ ਕੀਤਾ ਹੈ।
ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਲਾਲ ਚੰਦ ਕਟਾਰੂਚੱਕ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ”ਬਾਬਾ ਸਾਹਿਬ ਦਾ ਸੁਫ਼ਨਾ ਸੀ ਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਾਬਰ ਹੱਕ ਮਿਲਣ, ਸਾਰਿਆਂ ਨੂੰ ਚੰਗੀ ਸਿੱਖਿਆ, ਇਲਾਜ ਅਤੇ ਇਨਸਾਫ਼ ਮਿਲੇ। ਇਹ ਇਨਸਾਫ਼ ਮਿਲੇਗਾ ਕਿਵੇ? ਜਦੋਂ ਤੱਕ ਸਮਾਜ ਦੇ ਸਾਰੇ ਲੋਕ ਸਿੱਖਿਅਤ ਅਤੇ ਤੰਦਰੁਸਤ ਨਹੀਂ ਹੋ ਜਾਂਦੇ ਅਤੇ ਉਨਾਂ ਨੂੰ ਬਰਾਬਰ ਰੋਜ਼ਗਾਰ ਦੇ ਮੌਕੇ ਨਹੀਂ ਮਿਲਦੇ, ਉਦੋਂ ਤੱਕ ਬਾਬਾ ਸਾਹਿਬ ਦਾ ਸੁਫ਼ਨਾ ਪੂਰਾ ਨਹੀਂ ਹੋਵੇਗਾ।” ਚੀਮਾ ਨੇ ਕਿਹਾ ਕਿ ਸਾਲਾਂਬੱਧੀ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਅਕਾਲੀ- ਭਾਜਪਾ ਸਰਕਾਰਾਂ ਨੇ ਬਾਬਾ ਸਾਹਿਬ ਦੇ ਸੁਫ਼ਨਿਆ ਦੀ ਆੜ ਵਿੱਚ ਗਰੀਬ ਅਨੁਸੂਚਿਤ ਜਾਤੀ (ਐਸ.ਸੀ) ਤੇ ਪਿੱਛੜੇ ਵਰਗਾਂ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ।
ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ, ”ਪਾਰਟੀ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਰਾਬਰ ਮੌਕੇ ਦਿੱਤੇ ਹਨ। ਮੈਂ ਵੀ ਪਿੱਛੜੇ ਵਰਗ ਤੋਂ ਆਉਂਦਾ ਹਾਂ ਅਤੇ ਪਾਰਟੀ ਨੇ ਮੈਨੂੰ ਵਿਰੋਧੀ ਧਿਰ ਦੇ ਨੇਤਾ ਬਣਾ ਕੇ ਸਾਬਤ ਕਰ ਦਿੱਤਾ ਕਿ ਪੰਜਾਬ ਵਿੱਚ ਹੋਰ ਪਾਰਟੀਆਂ ਦੀ ਤਰਾਂ ਆਮ ਆਦਮੀ ਪਾਰਟੀ ਵਿੱਚ ਭੇਦਭਾਵ ਲਈ ਕੋਈ ਥਾਂ ਨਹੀਂ ਹੈ।”
ਇਸ ਮੌਕੇ ਵਿਧਾਇਕਾ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ, ”ਆਜ਼ਾਦੀ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਕੰਮ ਨਹੀਂ ਕੀਤਾ, ਪਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਿੱਖਿਆ, ਸਿਹਤ ਦੇ ਨਾਨ- ਨਾਲ ਲੋਕਾਂ ਨੂੰ ਉਨਾਂ ਦੇ ਹੱਕ ਦਿਵਾ ਕੇ ਬਾਬਾ ਸਾਹਿਬ ਦੇ ਸੁਫਨਿਆਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਹੈ। ਪਿੱਛੜੇ ਸਮਾਜ ਦੇ ਸਾਰੇ ਬੱਚਿਆਂ ਨੂੰ ਦਿੱਲੀ ਵਿੱਚ ਵਜ਼ੀਫ਼ਾ ਮਿਲਦਾ ਹੈ।” ਉਨਾਂ ਕਿਹਾ ਕਿ ਬਾਬਾ ਸਾਹਿਬ ਦੇ ‘ਪੜੋ, ਜੁੜੋ ਅਤੇ ਸੰਘਰਸ਼ ਕਰੋ’ ਦੇ ਸੁਫ਼ਨੇ ਨੂੰ ਕਾਂਗਰਸ ਅਤੇ ਅਕਾਲੀ ਭਾਜਪਾ ਨੇ ਬੁਰੀ ਤਰਾਂ ਦਬਾਅ ਦਿੱਤਾ ਹੈ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਤਾਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਉਨਾਂ ਦੇ ਚਹੇਤੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੋਸਟ ਮੈਟ੍ਰਿਕ ਸਕਾਰਲਸ਼ਿਪ ‘ਚ ਘੋਟਾਲਾ ਕਰਕੇ ਸੈਂਕੜੇ ਅਨੁਸੂਚਿਤ ਜਾਤੀ (ਐਸ.ਸੀ) ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ। ਅੱਜ ਸਥਿਤੀ ਇਹ ਹੈ ਕਿ ਅਨੁਸੂਚਿਤ ਜਾਤੀ (ਐਸ.ਸੀ) ਤੇ ਪਿੱਛੜੇ ਵਰਗ ਦੇ ਲੱਖਾਂ ਵਿਦਿਆਰਥੀਆਂ ਲਈ ਪੰਜਾਬ ਦੇ ਕਾਲਜਾਂ ਨੇ ਆਪਣੇ ਦਰਵਾਜੇ ਬੰਦ ਦਿੱਤੇ ਹਨ, ਕਿਉਂਕਿ ਸਰਕਾਰ ਨੇ ਉਨਾਂ ਨੂੰ ਵਜ਼ੀਫ਼ਾ ਰਾਸ਼ੀ ਹੀ ਨਹੀਂ ਦਿੱਤੀ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅਨੁਸੂਚਿਤ ਜਾਤੀ (ਐਸ.ਸੀ) ਵਰਗ ਤੋਂ ਆਉਂਦੇ ਹਨ, ਇਸ ਲਈ ਉਹ ਅਨੁਸੂਚਿਤ ਜਾਤੀ (ਐਸ.ਸੀ) ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਦੇ ਕਰੋੜਾਂ ਰੁਪਏ ਡਕਾਰਨ ਵਾਲੇ ਸਾਧੂ ਸਿੰਘ ਧਰਮਸੋਤ ਐਂਡ ਗੈਂਗ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਨਾਂ ਨੂੰ ਸਲਾਖਾਂ ਪਿੱਛੇ ਸੁੱਟਣ ਤਾਂ ਕਿ ਅਨੁਸੂਚਿਤ ਜਾਤੀ (ਐਸ.ਸੀ) ਵਿਦਿਆਰਥੀਆਂ ਨੂੰ ਇਨਸਾਫ਼ ਮਿਲ ਸਕੇ।
ਇਸ ਮੌਕੇ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਗਰੀਬ ਅਤੇ ਅਨੁਸੂਚਿਤ ਜਾਤੀ (ਐਸ.ਸੀ) ਸਮਾਜ ਦੇ ਲੋਕਾਂ ਨੂੰ ਆਪਣੇ ਰਾਜਸੀ ਲਾਭ ਲਈ ਵਰਤਿਆ ਹੈ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਦੀ ਘਾਟ, ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਦੇ ਕਾਰਨ ਸਭ ਤੋਂ ਵੱਡਾ ਨੁਕਸਾਨ ਗਰੀਬ ਅਤੇ ਪਿੱਛੜੇ ਵਰਗ ਦੀ ਜਨਤਾ ਦਾ ਹੋ ਰਿਹਾ ਹੈ। ਅਰਵਿੰਦ ਕੇਜਰੀਵਾਲ ਦਾ ਦਿੱਲੀ ਦੀ ਤਰਜ ‘ਤੇ ਪੰਜਾਬ ਦੀ ਜਨਤਾ ਨੂੰ ਪਾਰਟੀ ਦੂਜੀ ਗਰੰਟੀ ਦੇ ਰੂਪ ਵਿੱਚ ਮੁਫ਼ਤ ਸਿਹਤ ਸੇਵਾਵਾਂ ਦੀ ਗਰੰਟੀ ਨਾਲ ਸਭ ਤੋਂ ਜ਼ਿਆਦਾ ਲਾਭ ਪੰਜਾਬ ਦੀ ਗਰੀਬ ਜਨਤਾ ਨੂੰ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ਵਿੱਚ ਕਰੀਬ 32 ਫ਼ੀਸਦੀ ਆਬਾਦੀ ਅਨੁਸੂਚਿਤ ਜਾਤੀ (ਐਸ.ਸੀ) ਹੈ, ਪਰ ਅੱਜ ਵੀ ਉਹ ਸਹੂਲਤਾਂ ਤੋਂ ਸੱਖਣੇ ਹਨ। ਸੰਨ 1984 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਨੇ ਪੰਜਾਬ ਵਿੱਚ ਰਾਜ ਕੀਤਾ ਹੈ, ਉਨਾਂ ਅਨੁਸੂਚਿਤ ਜਾਤੀ (ਐਸ.ਸੀ) ਸਮਾਜ ਨੂੰ ਸਹੂਲਤਾਂ ਦੇਣ ਦੀ ਥਾਂ ਇਸ ਦਾ ਇਸਤੇਮਾਲ ਕੀਤਾ ਹੈ।
ਕਟਾਰੂਚੱਕ ਨੇ ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਨੂੰ ਵੰਗਾਰਿਆ ਕਿ ਜਦੋਂ ਵਿਦਿਆਰਥੀਆਂ ਦਾ ਵਜ਼ੀਫ਼ਾ ਪੰਜਾਬ ਸਰਕਾਰ ਵਿੱਚ ਬੈੇਠੇ ਮੰਤਰੀਆਂ ਨੇ ਖਾਧਾ ਹੈ ਤਾਂ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਵਿੱਚ ਐਸ.ਸੀ ਸਮਾਜ ਲਈ ਸੰਘਰਸ਼ ਕੀਤਾ ਅਤੇ ‘ਆਪ’ ਆਗੂ ਭੁੱਖ ਹੜਤਾਲ ਸਮੇਤ ਮਰਨ ਵਰਤ ‘ਤੇ ਬੈਠੇ ਸਨ। ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੇ ਐਸ.ਸੀ ਸਮਾਜ ਦੇ ਬੱਚਿਆਂ ਲਈ ਵਜ਼ੀਫ਼ੇ ਦਾ ਐਲਾਨ ਕਰਨ ਲਈ ਮਜ਼ਬੂਰ ਕਰ ਦਿੱਤਾ, ਪਰ ਇਹ ਲੜਾਈ ਹੁਣ ਵੀ ਜਾਰੀ ਹੈ। ਉਨਾਂ ਕਿਹਾ ਪੰਜਾਬ ਵਿੱਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰ ਪਰਿਵਾਰ ਨੂੰ ਬਿਜਲੀ ਦੀ ਗਰੰਟੀ ਅਤੇ ਇਸ ਦੇ ਨਾਲ ਹੀ ਮੁਫ਼ਤ ਅਤੇ ਚੰਗਾ ਇਲਾਜ ਮੁਹਈਆ ਕਰਵਾਏਗੀ, ਜਿਸ ਦੀ ਗਰੰਟੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਕੁੱਝ ਹੋਰ ਗਰੰਟੀਆਂ ਦਾ ਐਲਾਨ ਵੀ ਕੀਤਾ ਜਾਵੇਗਾ।