ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਡੀ.ਜੀ.ਪੀ. ਪੰਜਾਬ ਦਾ ਵਾਧੂ ਚਾਰਜ ਸੰਭਾਲਿਆ
ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਡੀ.ਜੀ.ਪੀ. ਪੰਜਾਬ ਦਾ ਵਾਧੂ ਚਾਰਜ ਸੰਭਾਲਿਆ
ਚੰਡੀਗੜ੍ਹ, 25 ਸਤੰਬਰ:
1988 ਬੈਚ ਦੇ ਆਈ.ਪੀ.ਐਸ. ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ ਡਾਇਰੈਕਟਰ ਜਨਰਲ ਆਫ਼ ਪੁਲਿਸ (ਪੁਲਿਸ ਫੋਰਸ ਦੇ ਮੁਖੀ) ਪੰਜਾਬ ਦਾ ਵਾਧੂ ਚਾਰਜ ਸੰਭਾਲ ਲਿਆ ਹੈ।
ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸ੍ਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਆਰਮਡ ਬਟਾਲੀਅਨ, ਪੰਜਾਬ ਦੇ ਵਿਸ਼ੇਸ਼ ਡੀਜੀਪੀ ਦਾ ਚਾਰਜ ਵੀ ਨਿਭਾਉਂਦੇ ਰਹਿਣਗੇ।
ਅਹੁਦਾ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ ਦੇ ਸਾਰੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਪੰਜਾਬ ਪੁਲਿਸ ਵੱਲੋਂ ਬੀਤੇ ਸਮੇਂ ਵਿੱਚ ਕੀਤੀਆਂ ਗਈਆਂ ਸਾਰੀਆਂ ਪਹਿਲਕਦਮੀਆਂ ਨੂੰ ਬੇਹੱਦ ਸ਼ਲਾਘਾਯੋਗ ਦੱਸਦਿਆਂ ਕਿਹਾ ਕਿ ਉਹ ਸੂਬਾ ਪੁਲਿਸ ਦੀ ਹੋਰ ਬਿਹਤਰੀ ਲਈ ਕੰਮ ਕਰਦੇ ਰਹਿਣਗੇ।
ਡੀਜੀਪੀ ਨੇ ਕਿਹਾ, “ਨਸ਼ਿਆਂ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਕਰਨ ਅਤੇ ਮਾੜੇ ਅਨਸਰਾਂ `ਤੇ ਨਜ਼ਰ ਰੱਖਣ ਤੋਂ ਇਲਾਵਾ ਰਾਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਮੇਰੀ ਪ੍ਰਮੱਖ ਤਰਜੀਹ ਹੋਵੇਗੀ।”
ਜ਼ਿਕਰਯੋਗ ਹੈ ਕਿ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਰਾਜ ਵਿੱਚ ਵੱਖ -ਵੱਖ ਅਹੁਦਿਆਂ `ਤੇ ਸੇਵਾਵਾਂ ਨਿਭਾਈਆਂ ਹਨ। ਵਿਸ਼ੇਸ਼ ਡੀਜੀਪੀ ਆਰਮਡ ਬਟਾਲੀਅਨ ਪੰਜਾਬ ਵਜੋਂ ਤਾਇਨਾਤੀ ਤੋਂ ਪਹਿਲਾਂ, ਉਹ ਪੰਜਾਬ ਹੋਮ ਗਾਰਡਜ਼ ਅਤੇ ਕਮਾਂਡੈਂਟ ਜਨਰਲ ਸਿਵਲ ਡਿਫੈਂਸ ਦੇ ਵਿਸ਼ੇਸ਼ ਡੀਜੀਪੀ ਵੀ ਰਹਿ ਚੁੱਕੇ ਹਨ।
ਉਨ੍ਹਾਂ ਏਡੀਜੀਪੀ ਪੀਏਪੀ ਜਲੰਧਰ, ਏਡੀਜੀਪੀ ਰੇਲਵੇ, ਏਡੀਜੀਪੀ ਜੇਲ੍ਹਾਂ, ਏਡੀਜੀਪੀ ਪ੍ਰਸ਼ਾਸਨ, ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਪੰਜਾਬ ਪੁਲਿਸ ਵਿੱਚ ਹੋਰ ਵੱਡੇ ਅਹੁਦਿਆਂ `ਤੇ ਵੀ ਸੇਵਾ ਨਿਭਾਈ ਹੈ।