ਪੰਜਾਬ ‘ਮੇਰਾ ਕੰਮ ਮੇਰਾ ਮਾਣ’ ਸਕੀਮ ਸ਼ੁਰੂ ਕਰੇਗਾ,ਲਾਭਪਾਤਰੀ ਨੂੰ ਸਿਖਲਾਈ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਮਿਲੇਗਾ
ਹੁਨਰ ਤੇ ਰੋਜ਼ਗਾਰ ਯੋਗਤਾ ਵਧਾ ਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਵਿੱਚ ਮੱਦਦ ਲਈ
ਮੌਜੂਦਾ ਵਿੱਤੀ ਸਾਲ ਤੋਂ ਉਸਾਰੂ ਕਾਮਿਆਂ ਤੇ ਉਨ੍ਹਾਂ ਦੇ ਬੱਚਿਆਂ ਲਈ ਸਕੀਮ ਸ਼ੁਰੂ ਹੋਵੇਗੀ, ਲਾਭਪਾਤਰੀ ਨੂੰ 12 ਮਹੀਨਿਆਂ ਦੀ ਸਿਖਲਾਈ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਮਿਲੇਗਾ
ਚੰਡੀਗੜ੍ਹ, 26 ਅਗਸਤ
ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਥੋੜੇਂ ਸਮੇਂ ਦੀ ਮੁਫਤ ਹੁਨਰ ਸਿਖਲਾਈ ਰਾਹੀਂ ਉਨ੍ਹਾਂ ਦੇ ਚੁਣੇ ਹੋਏ ਖੇਤਰ ਵਿੱਚ ਰੋਜ਼ਗਾਰ ਦੇ ਯੋਗ ਬਣਾਉਣ ਅਤੇ ਹੁਨਰ ਵਿੱਚ ਵਾਧੇ ਵਿੱਚ ਮੱਦਦ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਵੀਰਵਾਰ ਨੂੰ ਨਿਵੇਕਲੀ ਨਵੀਂ ਸਕੀਮ ‘ਮੇਰਾ ਕੰਮ ਮੇਰਾ ਮਾਣ’ ਸਕੀਮ ਸ਼ੁਰੂ ਕਰਨ ਦੀ ਹਰੀ ਝੰਡੀ ਦਿੱਤੀ।
ਕੈਬਨਿਟ ਵੱਲੋਂ ਉਸਾਰੀ ਕਾਮਿਆਂ ਤੇ ਉਨ੍ਹਾਂ ਦੇ ਬੱਚਿਆਂ ਲਈ ਪਾਇਲਟ ਪ੍ਰਾਜੈਕਟ ਦੇ ਆਧਾਰ ‘ਤੇ ਇਹ ਸਕੀਮ ਮੌਜੂਦਾ ਵਿੱਤੀ ਵਰ੍ਹੇ ਤੋਂ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਪਾਇਲਟ ਪ੍ਰਾਜੈਕਟ ਤਹਿਤ 30,000 ਲਾਭਪਾਤਰੀਆਂ ਨੂੰ ਮੱਦਦ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਉਤੇ 90 ਕਰੋੜ ਰੁਪਏ ਦੀ ਲਾਗਤ ਆਵੇਗੀ।
ਕੈਬਨਿਟ ਨੇ ਮੁੱਖ ਮੰਤਰੀ ਨੂੰ ਇਹ ਸਕੀਮ ਸਮਾਜ ਦੇ ਹੋਰਨਾਂ ਵਰਗਾਂ ਤੱਕ ਵਧਾਉਣ ਲਈ ਅਧਿਕਾਰਤ ਕੀਤਾ ਜਦੋਂ ਵੀ ਉਹ ਉਚਿਤ ਸਸਮਝਣ। ਇਸ ਤੋਂ ਇਲਾਵਾ ਇਸ ਸਕੀਮ ਨੂੰ ਸਫਲਤਾਪੂਰਵਕ ਤਰੀਕੇ ਨਾਲ ਲਾਗੂ ਕਰਨ ਲਈ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਨੂੰ ਸਮੇਂ-ਸਮੇਂ ‘ਤੇ ਇਸ ਸਕੀਮ ਵਿੱਚ ਕੋਈ ਸੋਧ ਕਰਨ ਲਈ ਅਧਿਕਾਰਤ ਕੀਤਾ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਸਕੀਮ ਅਧੀਨ ਪੰਜਾਬ ਹੁਨਰ ਵਿਕਾਸ ਮਿਸ਼ਨ ਸਿਖਲਾਈ ਕੇਂਦਰਾਂ ਵਿੱਚ ਥੋੜੇਂ ਸਮੇਂ ਦੇ ਹੁਨਰ ਸਿਖਲਾਈ ਪ੍ਰੋਗਰਾਮਾਂ ਤਹਿਤ ਟ੍ਰੇਨਿੰਗ ਕੋਰਸ ਦੀ ਸ਼ੁਰੂਆਤ ਤੋਂ ਲਾਭਪਾਤਰੀ ਨੂੰ 12 ਮਹੀਨਿਆਂ ਲਈ 2500 ਰੁਪਏ ਪ੍ਰਤੀ ਮਹੀਨਾ ਰੋਜ਼ਗਾਰ ਸਹਾਇਕ ਭੱਤਾ ਮੁਹੱਈਆ ਕਰਵਾਇਆ ਜਾਵੇਗਾ। ਉਕਤ ਭੱਤਾ ਸਿਖਲਾਈ ਸਮੇਂ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਲੇਸਮੈਂਟ ਤੋਂ ਪਹਿਲਾਂ ਅਤੇ ਪਲੇਸਮੈਂਟ ਤੋਂ ਬਾਅਦ ਦੇ 12 ਮਹੀਨਿਆਂ ਦੇ ਸਮੇਂ ਲਈ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਦਿੱਤਾ ਜਾਵੇਗਾ।
‘ਮੇਰਾ ਕੰਮ ਮੇਰਾ ਮਾਣ’ ਸਕੀਮ ਤਹਿਤ ਕਿਰਤ ਵਿਭਾਗ ਦੇ ਉਸਾਰੀ ਕਾਮੇ ਭਲਾਈ ਬੋਰਡ ਕੋਲ ਰਜਿਸਟਰਡ ਯੋਗ ਉਸਾਰੀ ਕਾਮੇ ਤੇ ਉਨ੍ਹਾਂ ਦੇ ਬੱਚੇ ਸਬੰਧਤ ਜ਼ਿਲੇ ਦੇ ਜ਼ਿਲਾ ਰੋਜ਼ਗਾਰ ਤੇ ਉਦਮ ਬਿਊਰੋ ਨਾਲ ਤਾਲਮੇਲ ਕਰ ਕੇ ਇਸ ਸਕੀਮ ਦਾ ਫਾਇਦਾ ਕਰਨ ਲਈ ਅਪਲਾਈ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ’ ਨੇ ਪਹਿਲੀ ਅਪਰੈਲ, 2017 ਤੋਂ ਹੁਣ ਤੱਕ 17.61 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਮੱਦਦ ਕੀਤੀ ਹੈ ਜਿਨ੍ਹਾਂ ਵਿੱਚ ਪ੍ਰਾਈਵੇਟ ਖੇਤਰ ਦੇ 7.02 ਲੱਖ ਨੌਜਵਾਨ, ਸਵੈ ਰੋਜ਼ਗਾਰ ਵਾਲੇ 9.97 ਲੱਖ ਨੌਜਵਾਨ ਅਤੇ ਸਰਕਾਰੀ ਨੌਕਰੀ ਵਾਲੇ 62,743 ਨੌਜਵਾਨ ਸ਼ਾਮਲ ਹਨ।