Punjab
ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿਲੋਂ ਦਾ ਰਾਜਨੀਤਿਕ ਪਾਰਟੀਆਂ ਨੂੰ ਸੱਦਾ , ਆਓ ਸਾਰੇ ਆਪਣੇ ਪੰਜਾਬ ਦੇ ਭਵਿੱਖ ਲਈ ਇਕੱਠੇ ਹੋਈਏ
ਪਿਛਲੇ ਸਮੇਂ ਵਿੱਚ ਚਿੱਟੇ ਦਿਨ ਹੋਏ ਕਤਲਾਂ ਨੇ ਸਾਨੂੰ ਸਭ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ
ਪਿਆਰੇ ਪੰਜਾਬੀਓ,ਵੀਰੋ ਅਤੇ ਦੋਸਤੋ,
ਪੰਜਾਬ ਗੁਰੂਆਂ,ਪੀਰਾਂ,ਪੈਗ਼ੰਬਰਾਂ,ਰਿਸ਼ੀਆਂ, ਮੁਨੀਆਂ,ਸੂਫ਼ੀਆਂ ਦੀ ਧਰਤੀ ਹੈ। ਅਸੀਂ ਸਾਰੇ ਬੇਹੱਦ ਮਾਣ ਨਾਲ ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਪਰ ਕੀ ਸਾਡਾ ਆਉਣ ਵਾਲਾ ਭਵਿੱਖ ਵੀ ਪੰਜਾਬ ਬਾਰੇ ਇਸੇ ਤਰ੍ਹਾਂ ਮਾਣ ਨਾਲ ਗੱਲ ਕਰ ਸਕੇਗਾ?
ਪਿਛਲੇ ਦੌਰ ’ਚ ਪੰਜਾਬ ਨੂੰ ਬੇਹੱਦ ਗੰਭੀਰ ਰੋਗ ਲੱਗੇ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਧ ਖ਼ਤਰਨਾਕ ਗੈਂਗਸਟਰ ਵਰਤਾਰਾ ਹੈ। ਪਿਛਲੇ ਸਮੇਂ ਵਿੱਚ ਚਿੱਟੇ ਦਿਨ ਹੋਏ ਕਤਲਾਂ ਨੇ ਸਾਨੂੰ ਸਭ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ। ਮਸਲਾ ਇਕੱਲੇ ਵਿੱਕੀ ਮਿੱਡੂਖੇੜਾ, ਕੁਲਬੀਰ ਨਰੂਆਣਾ ਜਾਂ ਗੁਰਲਾਲ ਦਾ ਨਹੀਂ, ਗੱਲ ਪੰਜਾਬ ਦੀ ਨੌਜਵਾਨੀ ਦੇ ਉਸ ਘਾਣ ਦੀ ਹੈ, ਜੋ ਸਾਨੂੰ ਮੈਕਸੀਕੋ ਵਰਗੇ ਹੋ ਰਹੇ ਹਾਲਾਤਾਂ ਦੇ ਰੁਬਰੂ ਕਰ ਰਹੀ ਹੈ।
ਪੰਜਾਬ ਦੀ ਜਵਾਨੀ ਅੱਜ ਜਿਸ ਰਾਹ ਪਈ ਹੈ, ਜੇ ਅਸੀਂ ਨਾ ਮੋੜੀ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਅੱਜ ਦੇ ਨਵੇਂ ਨੌਜਵਾਨ ਮੁੰਡੇ ਗੈਂਗਸਟਰ ਵਰਤਾਰੇ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ। ਅਸੀਂ ਪਿਛਲੇ ਸਮੇਂ ਵਿੱਚ ਮਾਰੇ ਗਏ ਮੁੰਡਿਆਂ ਦੇ ਮਾਪਿਆਂ ਨੂੰ ਮੀਡੀਆ ਦੇ ਰੂਬਰੂ ਕਰਵਾ ਕੇ ਯੂਥ ਕਾਂਗਰਸ ਵੱਲੋਂ ਇੱਕ ਪਹਿਲ ਕਦਮੀ ਵੀ ਕੀਤੀ ਸੀ, ਤਾਂ ਜੋ ਨੌਜਵਾਨ ਮੁੰਡੇ ਮਾਪਿਆਂ ਦੇ ਇਸ ਦਰਦ ਨੂੰ ਸਮਝ ਇਸ ਗੈਂਗਸਟਰਵਾਦ ਦੇ ਰਾਹ ਨਾ ਪੈਣ, ਕਿਉਂਕਿ ਇਸ ਰਾਹ ਦਾ ਆਖ਼ਰੀ ਅੰਜ਼ਾਮ ਮੌਤ ਹੈ।
ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਆਪਣੇ ਪੱਧਰ ‘ਤੇ ਜਾਰੀ ਹਨ, ਪਰ ਮੈਂ ਅੱਜ ਪੰਜਾਬ ਯੂਥ ਕਾਂਗਰਸ ਅਤੇ ਨਿੱਜੀ ਤੌਰ ‘ਤੇ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ(ਆਪ, ਅਕਾਲੀ ਦਲ, ਬੀਜੇਪੀ, ਬੀਐਸਪੀ, ਲੋਕ ਅਧਿਕਾਰ ਲਹਿਰ, ਅਕਾਲੀ ਦਲ ਸੰਯੁਕਤ, ਅਕਾਲੀ ਦਲ ਅੰਮ੍ਰਿਤਸਰ, ਕਮਿਊਨਿਸਟ ਪਾਰਟੀ ਆਦਿ ਹੋਰ ਕੋਈ ਵੀ ਪਾਰਟੀ ਜੋ ਹਿੱਸਾ ਬਣਨਾ ਚਾਹੇ) , ਸਮਾਜਿਕ ਕਾਰਕੁੰਨਾਂ, ਦਾਨਿਸ਼ਮੰਦਾਂ ਅਤੇ ਪੱਤਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਆਓ ਸਾਰੇ ਆਪਣੇ ਪੰਜਾਬ ਦੇ ਭਵਿੱਖ ਲਈ ਇਕੱਠੇ ਹੋਈਏ। ਆਓ ਪੰਜਾਬ ਦੀ ਜਵਾਨੀ ਬਚਾਉਣ ਲਈ ਇਕੱਠੇ ਹੋ ਕੇ ਚੱਲੀਏ। ਹਰ ਪਾਰਟੀ, ਹਰ ਵਿਅਕਤੀ ਆਪਣੇ ਨਿੱਜੀ ਮੁਫਾਦਾਂ ਨੂੰ ਛੱਡ ਕੇ ਆਪਣੇ ਗੁਰੂ ਸਾਹਿਬਾਂ ਦੁਆਰਾ ਸਿਖਾਈ ਗਈ ਸਮੂਹਿਕਤਾ ਤੇ ਸਾਂਝੀਵਾਲਤਾ ਦੀ ਵਿਰਾਸਤ ਦਾ ਝੰਡਾ ਬੁਲੰਦ ਕਰੇ।
ਅੱਜ ਜਦੋਂ ਮੈਂ ਇਹ ਲਿਖ ਰਿਹਾਂ ਹਾਂ, ਤਾਂ ਮੈਨੂੰ ਪਤਾ ਹੈ ਕਿ ਮੈਂ ਇੱਕ ਸਿਆਸੀ ਪ੍ਰਾਣੀ ਹਾਂ ਅਤੇ ਸਿਆਸੀ ਪ੍ਰਾਣੀ ਦੀ ਕਿਸੇ ਵੀ ਗੱਲ ਨੂੰ ਬੇਹੱਦ ਸ਼ੱਕ ਨਾਲ ਵੇਖਿਆ ਜਾਂਦਾ ਹੈ। ਇਸ ਲਈ ਮੈਂ ਪਹਿਲਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਇਸ ਗੱਲ ‘ਚ ਮੈਂ ਕਤਾਰ ਦੇ ਸਭ ਤੋਂ ਪਿੱਛੇ ਹੀ ਖੜ੍ਹਨਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਸਿਸਟਮ, ਸਰਕਾਰ, ਸਮਾਜ ਤੇ ਮਾਪਿਆਂ ਨੂੰ ਲੈ ਕੇ ਗੈਂਗਸਟਰ ਵਰਤਾਰੇ ਵਿੱਚ ਬਹੁਤ ਸਾਰੀਆਂ ਬਹਿਸਾਂ ਹਨ। ਸਰਕਾਰਾਂ ਤੇ ਸਿਸਟਮ ਨੂੰ ਇਸ ‘ਚੋਂ ਸੁਰਖ਼ਰੂ ਨਹੀਂ ਕੀਤਾ ਜਾ ਸਕਦਾ। ਸਮਾਜ ਅਤੇ ਮਾਪਿਆਂ ਦੀ ਜ਼ਿੰਮੇਵਾਰੀਆਂ ‘ਤੇ ਵੀ ਚਰਚਾ ਹੋਣੀ ਬਹੁਤ ਜ਼ਰੂਰੀ ਹੈ। ਪਰ ਕੀ ਅਸੀਂ ਇਹਨਾਂ ਸਾਰੀਆਂ ਬਹਿਸਾਂ ਤੋਂ ਅੱਗੇ ਵਧ ਕੇ ਸੋਚ ਸਕਦੇ ਹਾਂ?
ਮੈਨੂੰ ਲੱਗਦੈ ਹੈ ਕਿ ਹੁਣ ਸਮੇਂ ਦੀ ਮੰਗ ਹੈ ਕਿ ਅਸੀਂ ਸਾਰੇ ਸਿਰ ਜੋੜ ਕੇ ਬੈਠੀਏ ਤਾਂ ਕਿ ਸਾਡਾ ਪੰਜਾਬ , ਪੰਜਾਬ ਰਹਿ ਸਕੇ। ਆਓ ਕੋਈ ਤਰੀਕ, ਕੋਈ ਦਿਨ ਤੈਅ ਕਰੀਏ ਜਿੱਥੇ ਇਕੱਠੇ ਹੋ ਕੇ ਆਪਾਂ ਇੱਕ ਵਿਚਾਰ ਚਰਚਾ ਕਰ ਸਕੀਏ। ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਜਾਂ ਇਲਜ਼ਾਮ ਲਗਾਉਣ ਦੀ ਥਾਂ ਇਸ ਦਾ ਹੱਲ ਲੱਭ ਸਕੀਏ ਅਤੇ ਸਰਕਾਰ ਜਾਂ ਸਿਸਟਮ ਨੂੰ ਉਹ ਰਾਹ ਜਾਂ ਹੱਲ ਦੇ ਸਕੀਏ।
ਆਓ ਇਕੱਠੇ ਹੋ ਕੇ ਇੱਕ ਹੰਭਲਾ ਮਾਰੀਏ ਤਾਂ ਕਿ ਕੱਲ ਨੂੰ ਕਿਸੇ ਹੋਰ ਮਾਂ ਦੀ ਝੋਲੀ ਖ਼ਾਲੀ ਨਾ ਹੋਵੇ, ਕਿਸੇ ਭੈਣ ਦਾ ਵੀਰ ਇਸ ਦੁਨੀਆਂ ਤੋਂ ਨਾ ਜਾਵੇ, ਕਿਸੇ ਸੁਹਾਗਣ ਦੇ ਸਿਰ ਦਾ ਤਾਜ ਨਾ ਲੱਥੇ ਅਤੇ ਕਿਸੇ ਬੱਚੇ ਦੇ ਸਿਰ ਤੋਂ ਬਾਪ ਦਾ ਸਾਇਆ ਨਾ ਉੱਠੇ। ਆਓ ਇਕੱਠੇ ਹੋਈਏ ਤੇ ਕੋਈ ਸਾਂਝਾਂ ਫ਼ੈਸਲਾ ਲਈਏ ਅਤੇ ਇਸ ਵਰਤਾਰੇ ਨੂੰ ਰੋਕੀਏ। ਆਓ ਪੰਜਾਬ ਚੋਂ ਗੈਂਗਸਟਰ ਸ਼ਬਦ ਨੂੰ ਖ਼ਤਮ ਕਰੀਏ। ਇੱਕ ਨੌਜਵਾਨ ਜੋ ਖਿਡਾਰੀ ਬਣ ਕੇ ਓਲੰਪਿਕਸ ਵਿੱਚੋਂ ਦੇਸ਼ ਲਈ ਮੈਡਲ ਲਿਆਉਣਾ ਚਾਹੁੰਦਾ ਸੀ, ਨਾ ਕਿ ਗੈਂਗਸਟਰੀ ਦਾ ਮੈਡਲ ਆਪਣੇ ਗਲ ‘ਚ ਪਾਉਣਾ ਚਾਹੁੰਦਾ ਸੀ। ਪਰ ਹਾਲਾਤਾਂ ਨੇ ਉਸ ਨੂੰ ਗੈਂਗਸਟਰ ਦੇ ਰਾਹ ਤੌਰ ਦਿੱਤਾ। ਇਸੇ ਤਰ੍ਹਾਂ ਹੀ ਇੱਕ ਹੋਰ ਨੌਜਵਾਨ ਜੋ ਘਰੋਂ ਚੰਡੀਗੜ੍ਹ ਪੜ੍ਹਨ ਲਈ ਆਇਆ ਸੀ, ਨਾ ਕਿ ਗੈਂਗਸਟਰ ਬਣਨ। ਉਹ ਕਾਲਜ ਦੀ ਪ੍ਰਧਾਨਗੀ ਲੈਣਾ ਚਾਹੁੰਦਾ ਸੀ, ਨਾ ਕਿ ਗੈਂਗਸਟਰ ਬਣਨਾ। ਪਰ ਹਾਲਾਤਾਂ ਨੇ ਉਸ ਨੂੰ ਵੀ ਗੈਂਗਸਟਰਵਾਦ ਦੇ ਰਾਹ ਪਾ ਦਿੱਤਾ। ਇਹਨਾਂ ਵਿੱਚੋਂ ਕੋਈ ਵੀ ਨੌਜਵਾਨ ਘਰੋਂ ਉੱਠੇ ਕੇ ਗੈਂਗਸਟਰ ਨਹੀਂ ਬਣਨਾ ਚਾਹੁੰਦਾ ਸੀ, ਪਰ ਅੱਜ ਸਮਾਂ ਇਹ ਕਿ ਇੱਕ ਦੂਜੇ ਨੂੰ ਦੇਖਾ ਦੇਖੀ ਨੌਜਵਾਨ ਇਸ ਰਾਹ ‘ਤੇ ਤੁਰਨ ਲਈ ਤਿਆਰ ਬੈਠੇ ਹਨ। ਇਸ ਲਈ ਆਓ ਸਾਰੇ ਇਕੱਠੇ ਹੋਈਏ ਅਤੇ ਹੋਰ ਨੌਜਵਾਨਾਂ ਨੂੰ ਇਸ ਰਾਹ ‘ਤੇ ਜਾਣ ਤੋਂ ਰੋਕੀਏ।
ਵਰਤਮਾਨ ਨੇ ਹੀ ਇਤਿਹਾਸ ਬਣਨਾ ਹੈ, ਅਤੇ ਕਿਤੇ ਅਸੀਂ ਸਾਰੇ ਇਤਿਹਾਸ ‘ਚ ਗ਼ੈਰਜ਼ਿੰਮੇਵਾਰ ਪੰਜਾਬੀਆਂ ਦੇ ਤੌਰ ‘ਤੇ ਨਾ ਯਾਦ ਕੀਤੇ ਜਾਈਏ। ਸੋ ਆਓ ਉੱਠੀਏ ਜ਼ਿੰਮੇਵਾਰ ਬਣੀਏ ਅਤੇ ਪੰਜਾਬ ਦੇ ਭਵਿੱਖ ਲਈ ਕੋਈ ਹੱਲ ਸੋਚੀਏ। ਅਸੀਂ ਇਕੱਠੇ ਤੁਰਾਂਗੇ ਤਾਂ ਗੱਲ ਕਿਸੇ ਨਾ ਕਿਸੇ ਰਾਹ ਜ਼ਰੂਰ ਪਵੇਗੀ। ਮੈਂ ਆਪ ਸਭ ਹੱਥ ਜੋੜ ਕੇ ਬੇਨਤੀ ਕਰਦਾਂ ਹਾਂ ਕਿ ਤੁਸੀਂ ਅੱਗੇ ਲੱਗੋ ਅਸੀਂ ਨਾਲ ਚੱਲਾਂਗੇ।
ਤੁਹਾਡੇ ਸਭ ਦੇ ਹਾਂ ਪੱਖੀ ਹੁੰਗਾਰੇ ਦੀ ਉਡੀਕ ‘ਚ
ਜਾਰੀ ਕਰਤਾ
ਇਕ ਦੋਸਤ ਦੇ ਨਾਲ ਨਾਲ ਇਕ ਨੌਜਵਾਨ।
*_ਬਰਿੰਦਰ ਸਿੰਘ ਢਿੱਲੋਂ_*