ਮਗਨਰੇਗਾ ਮੁਲਾਜ਼ਮਾਂ ਦੀ ਪੰਚਾਇਤ ਮੰਤਰੀ ਤੇ ਅਧਿਕਾਰੀਆਂ ਨਾਲ ਮੀਟਿੰਗ ਰਹੀ ਬੇਸਿੱਟਾ, ਹੜਤਾਲ ਜਾਰੀ ਰੱਖਣ ਦਾ ਐਲਾਨ
ਮਗਨਰੇਗਾ ਮੁਲਾਜ਼ਮਾਂ ਅੱਜ ਆਪਣੇ ਮੁੱਖ ਦਫਤਰ ਮੋਹਾਲੀ ਵਿਖੇ ਵੱਡੀ ਗਿਣਤੀ ਵਿੱਚ ਗਰਜੇ
ਰੈਗੂਲਰ ਦੀ ਮੰਗ ਤੱਕ ਮੁਕੰਮਲ ਹੜਤਾਲ ਜਾਰੀ ਰੱਖਣ ਦਾ ਐਲਾਨ
Updatepunjab Desk
ਮੋਹਾਲੀ, 22 ਜੁਲਾਈ () : ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਪਿਛਲੀ 09 ਜੁਲਾਈ ਤੋਂ ਧਰਨੇ ਤੇ ਬੈਠੇ ਨਰੇਗਾ ਮੁਲਾਜ਼ਮਾਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਅੱਜ ਇੱਥੇ ਵਿਕਾਸ ਭਵਨ ਮੋਹਾਲੀ ਦਾ ਘਿਰਾਓ ਕਰੀ ਬੈਠੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਅੱਜ ਦੇ ਧਰਨੇ ਦੌਰਾਨ ਮੌਕੇ ਤੇ ਹੀ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਵਫ਼ਦ ਨਾਲ ਮੀਟਿੰਗ ਕੀਤੀ ਜਿਸ ਵਿੱਚ ਕਈ ਮੰਗਾਂ ਤੇ ਸਹਿਮਤੀ ਬਣੀ ਕਈਆਂ ਤੇ ਰੇੜਕਾ ਬਾਕੀ ਹੈ, ਪੰਚਾਇਤ ਮੰਤਰੀ ਅਤੇ ਉੱਚ ਅਧਿਕਾਰੀਆਂ ਨੇ ਯੂਨੀਅਨ ਤੇ ਹੜਤਾਲ ਸਮਾਪਤ ਕਰਨ ਦਾ ਦਬਾਅ ਬਣਾਇਆ ਪਰ ਯੂਨੀਅਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਭਰੋਸੇ ਕਈ ਵਾਰ ਦੇ ਚੁੱਕੇ ਹਨ ਇਸ ਲਈ ਮੰਗਾਂ ਦਾ ਹੱਲ ਕਰਕੇ ਲਾਗੂ ਕਰਨ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਯੂਨੀਅਨ ਨੇ ਐਲਾਨ ਕੀਤਾ ਕਿ ਕੱਲ੍ਹ ਤੋਂ ਹੜਤਾਲ ਮੁੜ ਬਲਾਕ ਪੱਧਰ ਤੇ ਜਾਰੀ ਰਹੇਗੀ ਅਤੇ ਅਗਲੇ ਦਿਨਾਂ ਵਿੱਚ ਮੀਟਿੰਗ ਕਰਕੇ ਹੋਰ ਕਰੜੇ ਪ੍ਰੋਗਰਾਮ ਦਿੱਤੇ ਜਾਣਗੇ
ਸੂਬਾ ਪ੍ਰਧਾਨ ਵਰਿੰਦਰ ਸਿੰਘ,ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ,ਵਿੱਤ ਸਕੱਤਰ ਮਨਸ਼ਾ ਸਿੱਧੂ, ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ,ਮੀਤ ਪ੍ਰਧਾਨ ਹਰਪਿੰਦਰ ਸਿੰਘ,ਜਥੇਬੰਦਕ ਸਕੱਤਰ ਹਰਿੰਦਰਪਾਲ ਸਿੰਘ ਜੋਸ਼ਨ, ਐਡੀਟਰ ਰਮਨ ਕੁਮਾਰ,ਸਲਾਹਕਾਰ ਜਗਤਾਰ ਬੱਬੂ ਨੇ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਏ ਕਿ ਸਰਕਾਰ ਨੇ ਸਾਨੂੰ ਵਰਤ ਕੇ ਸੁੱਟ ਦਿੱਤਾ ਹੈ। ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਲੋਕਾਂ ਨਾਲ ਅਤੇ ਨੌਜਵਾਨਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਤਾਂ ਕੀਤਾ ਹੀ ਨਹੀਂ।ਇਸ ਵਾਰ ਪਿੰਡਾਂ ਵਿੱਚ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗਣ ਜਾਣਾ ਚਾਹੁੰਦੀ ਹੈ ਪਰ ਇਹ ਵਿਕਾਸ ਦਿਨ ਰਾਤ ਇੱਕ ਕਰਕੇ ਜਿੰਨ੍ਹਾਂ ਨਰੇਗਾ ਮੁਲਾਜ਼ਮਾਂ ਨੇ ਕਰਵਾਇਆ ਹੈ ਉਹਨਾਂ ਦੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਗੱਲ ਨਹੀਂ ਸੁਣੀ ਜਾ ਰਹੀ।ਸਾਢੇ ਚਾਰ ਸਾਲਾਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕਮੇਟੀ ਬਣਾਈ ਹੈ, ਕਮੇਟੀ ਨੇ ਠੇਕਾ ਮੁਲਾਜ਼ਮ ਵੈਲਫ਼ੇਅਰ ਐਕਟ-2016 ਨੂੰ ਸੋਧ ਕੇ ਨਵਾਂ ਐਕਟ ਬਣਾਉਣ ਦਾ ਫ਼ੈਸਲਾ ਕੀਤਾ ਸੀ ਪਰ ਸਾਢੇ ਚਾਰ ਸਾਲਾਂ ਵਿੱਚ ਨਾ ਤਾਂ ਠੇਕਾ ਮੁਲਾਜ਼ਮਾਂ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ। ਸਰਕਾਰ ਨੇ ਨਵਾਂ ਐਕਟ ਉਡੀਕੇ ਬਿਨਾਂ ਹੀ ਕੇਂਦਰੀ ਸਕੀਮਾਂ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਤਹਿਤ ਭਰਤੀ ਕੀਤੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਿੱਤਾ ਹੈ ਪਰ ਜਦੋਂ ਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕਹਿੰਦੀ ਹੈ ਕਿ ਕੇਂਦਰੀ ਸਕੀਮਾਂ ਦੇ ਮੁਲਾਜ਼ਮ ਨਹੀਂ ਕਰਨੇ।ਇੱਕ ਪਾਸੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਬਿਲਕੁਲ ਠੱਪ ਪਏ ਹਨ।
ਨਰੇਗਾ ਤਹਿਤ ਰੁਜ਼ਗਾਰ ਪ੍ਰਾਪਤ ਮਜ਼ਦੂਰ ਕੰਮ ਤੋਂ ਵਿਰਵੇ ਹੋਏ ਬੈਠੇ ਹਨ, ਦਫ਼ਤਰਾਂ ਵਿੱਚ ਆਮ ਲੋਕ ਕੰਮ ਕਾਰ ਲਈ ਖੱਜਲ ਹੋ ਰਹੇ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਤੋਂ ਨਵਜੋਤ ਸਿੱਧੂ ਦੀ ਪ੍ਰਧਾਨਗੀ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ। ਸਿੱਧੂ ਤੋਂ ਅਜੇ ਤੱਕ ਇੱਕ ਵੀ ਬਿਆਨ ਸੜਕਾਂ ਤੇ ਧਰਨੇ ਲਾਕੇ ਭਵਿੱਖ ਤਲਾਸ਼ ਰਹੇ ਨੌਜਵਾਨਾਂ ਦੇ ਹੱਕ ਵਿੱਚ ਨਹੀਂ ਦਿੱਤਾ ਫਿਰ ਕੋਈ ਕਿਵੇਂ ਆਸ ਕਰ ਸਕਦਾ ਹੈ ਕਿ ਇਹ ਲੋਕ ਜਨਤਾ ਦਾ ਕੁੱਝ ਸਵਾਰਨਗੇ। ਨਰੇਗਾ ਮੁਲਾਜ਼ਮਾਂ ਨੇ ਦੱਸਿਆ ਕਿ ਪਿਛਲੇ 12-13 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ,ਨੌਕਰੀ ਤੋਂ ਕੱਢ ਦੇਣ ਦੇ ਡਰੋਂ ਉਹ ਕੱਚੀਆਂ ਤੇ ਆਰਜ਼ੀ ਆਸਾਮੀਆਂ ਤੇ ਡਿਊਟੀਆਂ ਨਿਭਾ ਰਹੇ ਹਨ ਪਰ ਸਰਕਾਰ ਨੇ ਅੱਜ ਤੱਕ ਮੁਲਾਜ਼ਮਾਂ ਨੂੰ ਕਿਸੇ ਆਪਣੇ ਕਿਸੇ ਦਾਇਰੇ ਵਿੱਚ ਨਹੀਂ ਲਿਆਂਦਾ।ਨਾ ਤਾਂ ਨੌਕਰੀ ਦੀ ਕੋਈ ਸੁਰੱਖਿਆ ਦਿੱਤੀ ਹੈ,ਨਾ ਭਵਿੱਖ ਨਿਧੀ ਫੰਡ ਕੱਟੇ ਹਨ,ਨਾ ਕੋਈ ਮੈਡੀਕਲ ਸਹੂਲਤਾਂ ਦਿੱਤੀ ਹੈ। ਇੱਥੋਂ ਤੱਕ ਕਿ ਆਨ ਡਿਊਟੀ ਫੌਤ ਹੋ ਚੁੱਕੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਨਾ ਤਾਂ ਕੋਈ ਆਰਥਿਕ ਸਹਾਇਤਾ ਕੀਤੀ ਹੈ ਨਾ ਹੀ ਵਾਰਸ਼ਾਂ ਨੂੰ ਨੌਕਰੀ ਮਿਲੀ ਹੈ। ਜਦੋਂ ਕਿ ਨਰੇਗਾ ਮੁਲਾਜ਼ਮਾਂ ਨੇ ਨਰੇਗਾ ਤੋਂ ਇਲਾਵਾ ਹੜ੍ਹਾਂ ਦੀ ਰੋਕਥਾਮ,ਕੋਰੋਨਾ ਕਾਲ ਦੌਰਾਨ ਹਰ ਤਰ੍ਹਾਂ ਦੀਆਂ ਐਮਰਜੈਂਸੀ ਡਿਊਟੀਆਂ,ਆਟਾ ਦਾਲ ਵੈਰੀਫਿਕੇਸ਼ਨ,ਚੋਣ ਡਿਊਟੀਆਂ, ਮਿਸ਼ਨ ਅਣਤੋਦਿਆ, ਪ੍ਰਧਾਨ ਮੰਤਰੀ ਆਵਾਸ ਯੋਜਨਾ,ਈਵ ਆੱਫਰ ਲਿਵਿੰਗ ਪ੍ਰੋਗਰਾਮ ਵਰਗੇ ਵਾਧੂ ਕੰਮ ਵੀ ਵੱਡੀ ਪੱਧਰ ਤੇ ਲਏ ਜਾ ਰਹੇ ਹਨ। ਨਰੇਗਾ ਮੁਲਾਜ਼ਮ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ। ਅੱਜ ਦੇ ਧਰਨੇ ਵਿੱਚ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਨਰੇਗਾ ਮੁਲਾਜ਼ਮਾਂ ਦੀ ਹੜਤਾਲ ਸੇਵਾਵਾਂ ਰੈਗੂਲਰ ਹੋਣ ਤੱਕ ਲਗਾਤਾਰ ਜਾਰੀ ਰਹੇਗੀ। ਇਸ ਮੋਕੇ ਤੇ ਚੇਅਰਮੈਨ ਸੰਜੀਵ ਕਾਕੜਾ,ਜ਼ਿਲ੍ਹਾ ਪ੍ਰਧਾਨ ਸੰਨੀ ਕੁਮਾਰ,ਬਲਜੀਤ ਤਰਨਤਾਰਨ,ਹਰਇੰਦਰਪਾਲ ਪੰਛੀ ਗੁਰਦਾਸਪੁਰ,ਗੁਰਦੀਪਦਾਸ ਬਰਨਾਲਾ,ਹਰਪਿੰਦਰ ਮੁਕਤਸਰ,ਸਤਨਾਮ ਜਲੰਧਰ,ਮਨਦੀਪ ਸਿੰਘ ਨਵਾ ਸ਼ਹਿਰ,ਸੁਖਦੀਪ ਮੋਹਾਲੀ,ਸੰਦੀਪ ਲੁਧਿਆਣਾ,ਵਰਿੰਦਰ ਫਿਰੋਜ਼ਪੁਰ,ਨਿਤੇਸ਼ ਮਾਨਸਾ,ਜਗਬੀਰ ਪਠਾਨਕੋਟ,ਸੁਖਵੀਰ ਬਠਿੰਡਾ,ਹੈਪੀ ਫਰੀਦਕੋਟ,ਰਮਨ ਰੋਪੜ,ਪ੍ਰੇਮ ਸਿੰਘ ਹੁਸ਼ਿਆਰਪੁਰ,ਜ਼ਸਦੇਵ ਸਿੰਘ ਪਟਿਆਲਾ,ਕਪੂਰਥਾਲਾ ਰਾਮਦਿੱਤਾ,ਭਰਾਤਰੀ ਜੱਥੇਬੰਦੀਆਂ ਹੈਡੀਕੈਪਟ ਯੂਨੀਅਨ ਤੋ ਗੁਰਬਾਜ਼ ਸਿੰਘ,ਬਿਜਲੀ ਬੋਰਡ ਤੋ ਰਾਜਿੰਦਰ ਕੁਮਾਰ,ਨੇ ਵੀ ਆਪਣੇ ਵਿਚਾਰ ਰੱਖੇ।