ਅਰਥ ਤੇ ਅੰਕੜਾ ਕੰਟਰੈਕਟ ਕਰਮਚਾਰੀ ਯੂਨੀਅਨ, ਪੰਜਾਬ ਦਾ ਧਰਨਾ 22ਵੇਂ ਦਿਨ ਵੀ ਜਾਰੀ
ਚੰਡੀਗ੍ਹੜ , 19 ਜੁਲਾਈ () : ਅਰਥ ਤੇ ਅੰਕੜਾ ਕੰਟਰੈਕਟ ਕਰਮਚਾਰੀ ਯੂਨੀਅਨ, ਪੰਜਾਬ ਦਾ ਧਰਨਾ 22ਵੇਂ ਦਿਨ ਵੀ ਜਾਰੀ ਰਿਹਾ। ਇਹ ਧਰਨਾ ਪਿਛਲੇ 22 ਦਿਨਾਂ ਤੋਂ ਲਗਾਤਾਰ ਵਿੱਤ ਤੇ ਯੋਜਨਾ ਭਵਨ, ਸੈਕਟਰ 33ਏ, ਚੰਡੀਗੜ੍ਹ ਵਿਖੇ ਚੱਲ ਰਿਹਾ ਹੈ, ਧਰਨੇਂ ਵਿੱਚ ਵੱਖ – ਵੱਖ ਜਿਲ੍ਹਿਆਂ ਤੋਂ ਕਰਮਚਾਰੀਆਂ ਧਰਨੇ ਵਿੱਚ ਲਗਾਤਾਰ ਸ਼ਮੂਲੀਅਤ ਕਰ ਰਹੇ ਹਨ । ਧਰਨੇ ਦੌਰਾਨ ਕਰਮਚਾਰੀਆਂ ਵੱਲੋਂ ਆਪਣੀ ਹੱਕੀ ਮੰਗਾਂ ਸਬੰਧੀ ਅਵਾਜ਼ ਬੁਲੰਦ ਕਰਦਿਆਂ ਇਹ ਮੰਗ ਕੀਤੀ ਕਿ ਵਿਭਾਗ ਵੱਲੋਂ ਇਨ੍ਹਾਂ 84 ਕਰਮਚਾਰੀਆਂ ਨੂੰ ਬਿਨ੍ਹਾਂ ਕਿਸੇ ਸ਼ਰਤ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇ।
ਯੂਨੀਅਨ ਦੇ ਕਾਨੂੰਨੀ ਸਲਾਹਕਾਰ ਹਰਵਿੰਦਰ ਸਿੰਘ ਬਠਿੰਡਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਬਹੁਤ ਹੀ ਘੱਟ ਤਨਖਾਹ ਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ, ਉਨ੍ਹਾਂ ਭਰੇ ਮਨ ਨਾਲ ਇਹ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਦੀ ਪਿਛਲੇ 9 ਸਾਲਾਂ ਤੋਂ ਤਨਖਾਹ ਵਿੱਚ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਇਨ੍ਹਾਂ ਕਰਮਚਾਰੀਆਂ ਦਾ ਆਰਥਿਕ ਤੇ ਮਾਨਸਿਕ ਤੌਰ ਸ਼ੋਸਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਕੋਸਦੇ ਹੋਏ ਇਹ ਕਿਹਾ ਕਿ ਸਰਕਾਰ ਵੱਲੋਂ ਝੂਠੇ ਵਾਅਦੇ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਲਾਰੇ ਲਾਏ ਜਾ ਰਹੇ ਹਨ ਅਜੇ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਕੋਈ ਵੀ ਪਾਲਸੀ ਨਹੀਂ ਬਣਾਈ ਜਾ ਰਹੀ।
ਯੂਨੀਅਨ ਦੇ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਬਠਿੰਡਾ ਵੱਲੋਂ ਭਰੇ ਮਨ ਨਾਲ ਧਰਨੇਂ ਨੂੰ ਸੰਬੋਧਨ ਕੀਤਾ ਕਿ ਅਰਥ ਤੇ ਅੰਕੜਾ ਕੰਟਰੈਕਟ ਕਰਮਚਾਰੀ ਯੂਨੀਅਨ, ਪੰਜਾਬ ਦੇ ਸਾਰੇ ਕਰਮਚਾਰੀਆਂ ਨੇ ਉੱਚ ਵਿਦਿਆ ਪ੍ਰਾਪਤ ਕੀਤੀ ਹੋਈ ਹੈ। ਪ੍ਰੰਤੂ ਸਰਕਾਰ ਵਲੋਂ ਵਿਭਾਗ ਵਿੱਚ ਖਾਲੀ ਪਈਆਂ 182 ਪੋਸਟਾਂ ਭਰਨ ਸਬੰਧੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਗਰ ਇਹ ਵਿਭਾਗੀ ਭਰਤੀ ਪੂਰੀ ਕੀਤੀ ਜਾਂਦੀ ਹੈ ਤਾਂ ਠੇਕੇ ਤੇ ਭਰਤੀ ਇਨ੍ਹਾਂ 83 ਕਰਮਚਾਰੀਆਂ ਦੀ ਜ਼ਿੰਦਗੀ ਨਰਕ ਬਣ ਜਾਵੇਗੀ ਕਿਉਂਕਿ ਬਹੁਤ ਸਾਰੇ ਕਰਮਚਾਰੀ ਉਵਰ ਏਜ ਹੋ ਚੁੱਕੀ ਹੈ ਤੇ ਵਿਭਾਗ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਫਾਰਗ ਕਰਨ ਦੀ ਤਿਆਰੀ ਕਰ ਲਈ ਗਈ ਹੈ। ਅਜੇ ਤੱਕ ਸਰਕਾਰ ਜਾਂ ਵਿਭਾਗ ਦਾ ਕੋਈ ਸੀਨੀਅਰ ਅਧਿਆਰੀ ਵੱਲੋਂ ਅਜੇ ਤੱਕ ਕੋਈ ਵੀ ਮੰਤਰੀ ਨਾਲ ਮੀਟਿੰਗ ਕਰਵਾਉਣ ਸਬੰਧੀ ਜਾਂ ਮੰਗਾਂ ਨੂੰ ਪੂਰਾ ਕਰਨ ਸਬੰਧੀ ਤਾਲਮੇਲ ਨਹੀਂ ਕੀਤਾ ਗਿਆ ਹੈ। ਯੂਨੀਅਨ ਦੀ ਕਮੇਟੀ ਮੈਂਬਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਅਗਰ ਆਉਣ ਵਾਲੇ ਦਿਨਾਂ ਵਿੱਚ ਜੇਕਰ ਸਰਕਾਰ ਜਾ ਵਿਭਾਗੀ ਅਧਿਕਾਰੀ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇਣਗੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਧਰਨੇ ਵਿੱਚ ਵੱਖ ਵੱਖ ਵਿਭਾਗੀ ਯੂਨੀਅਨਾਂ ਦੇ ਮੈਂਬਰ ਸਾਹਿਬਾਨਾਂ ਤੇ ਯੂਨੀਅਨ ਵੱਲੋਂ ਕੋਰਡੀਨੇਟਰ ਨਿਧੀ ਗੁਪਤਾ, ਸੋਨੀਆ ਸ਼ਰਮਾਂ, ਅਮਰਜੋਤੀ, ਸਮਨ, ਕੰਵਲਪ੍ਰੀਤ ਕੌਰ , ਵਰੁਣ ਤੇ ਵੱਖ ਵੱਖ ਜਿਲ੍ਹਿਆਂ ਤੋਂ ਗਗਨਦੀਪ ਕੌਰ, ਗੁਰਿੰਦਰ ਕੌਰ ਸ਼੍ਰੀ ਅੰਮ੍ਰਿਤਸਰ ਸਾਹਿਬ, ਭਾਵਨਾ, ਪਰਮਜੀਤ ਕੌਰ ਮੁਕਤਸਰ ਸਾਹਿਬ, ਮੋਹਤ ਛਾਬੜਾਂ ਤਰਨਤਾਰਨ ਮੌਜੂਦ ਸਨ।