Punjab
ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਸਿੱਖਿਆ ਵਿਭਾਗ ਦਾ ਉਪਰਾਲਾ
ਸੰਗਰੂਰ 17 ਜੁਲਾਈ(): ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਮਲਕੀਤ ਸਿੰਘ ਖੋਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਣ ਦੀ ਚੇਟਕ ਲਗਾਉਣ ਵੱਖ-ਵੱਖ ਪਿੰਡਾਂ-ਸ਼ਹਿਰਾਂ ਦੀਆਂ ਜਨਤਕ ਥਾਵਾਂ ਤੇ ਕਿਤਾਬਾਂ ਦੀਆਂ ਸਟਾਲਾਂ ਲਗਾ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਕਿਤਾਬਾਂ ਦੇ ‘ਲਾਇਬਰੇਰੀ ਲੰਗਰ’ ਲਗਾਏ ਗਏ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਵਿੱਚ ਕਿਤਾਬਾਂ ਪ੍ਰਾਪਤ ਕਰਨ ਲਈ ਬਹੁਤ ਭਾਰੀ ਉਤਸ਼ਾਹ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਂਟਰ ਮੈਡਮ ਸ਼ਸ਼ੀ ਬਾਲਾ ਅਤੇ ਬਲਾਕ ਮੈਂਟਰ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਬਲਾਕ ਵਿੱਚ ਅੱਜ ਲਗਾਏ ਗਏ ਲਾਇਬ੍ਰੇਰੀ ਲੰਗਰ ਵਿੱਚ ਬਲਾਕ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ ਕੁੱਲ ਪੜ੍ਹਦੇ ਵਿਦਿਆਰਥੀ 94981 ਵਿਦਿਆਰਥੀਆਂ ਵਿੱਚੋਂ 55773 ਵਿਦਿਆਰਥੀਆਂ ਨੂੰ ਲਾਇਬਰੇਰੀ ਦੀਆਂ ਕਿਤਾਬਾਂ ਵੰਡੀਆਂ ਗਈਆਂ ਹਨ ਜਿਸਦੀ ਪ੍ਰਤੀਸ਼ਤਤਾ 58.72% ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਸੰਗਰੂਰ ਦੀਆਂ ਲਾਇਬਰੇਰੀ ਵਿੱਚ ਕੁੱਲ 420598 ਕਿਤਾਬਾਂ ਵਿੱਚੋਂ 88709 ਕਿਤਾਬਾਂ ਵਿਦਿਆਰਥੀਆਂ ਨੂੰ ਵੰਡ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰਤੀਸ਼ਤਤਾ 21.09 ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹਰ ਬੱਚੇ ਦੇ ਹੱਥ ਵਿੱਚ ਕਿਤਾਬ ਪਹੁੰਚਾਉਣ ਦੇ ਉਦੇਸ਼ ਨਾਲ਼ ਲਾਇਬ੍ਰੇਰੀ ਲੰਗਰ ਦੀ ਮੁਹਿੰਮ ਅਰੰਭ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਹੋ ਸਕੇ ਅਤੇ ਵਿਦਿਆਰਥੀਆਂ ਨੂੰ ਚੰਗੇ ਸਾਹਿਤ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਹਿਤਕ ਪੁਸਤਕਾਂ ਪੜ੍ਹਨੀਆਂ ਕੇਵਲ ਬੱਚਿਆਂ, ਅਧਿਆਪਕਾਂ ਲਈ ਹੀ ਨਹੀਂ ਸਗੋਂ ਹਰ ਮਨੁੱਖ ਲਈ ਜ਼ਰੂਰੀ ਹਨ। ਆਪ ਚੁੱਪ ਰਹਿਣ ਵਾਲੀਆਂ ਕਿਤਾਬਾਂ ਇਸਨੂੰ ਪੜ੍ਹਨ ਵਾਲੇ ਨੂੰ ਬੋਲਣਾ ਸਿਖਾਉਂਦੀਆਂ ਹਨ, ਮਨੁੱਖ ਨੂੰ ਉਸਦੇ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਚੇਤੰਨ ਰਹਿਣ ਦਾ ਸਬਕ ਪੜ੍ਹਾਉਂਦੀਆਂ ਹਨ। ਇਸ ਲਈ ਆਪਣੇ ਸਰਵਪੱਖੀ ਵਿਕਾਸ ਲਈ ਹਰ ਮਨੁੱਖ ਨੂੰ ਕਿਤਾਬਾਂ ਨਾਲ਼ ਸਾਂਝ ਪਾਉਣੀ ਚਾਹੀਦੀ ਹੈ।