ਪੰਜਾਬ ਸਰਕਾਰ ਵਿਰੁੱਧ ਮੁਲਾਜ਼ਮਾਂ ਦਾ ਸੰਘਰਸ਼ ਸਿਖਰ ਤੇ, 9 ਜੁਲਾਈ ਨੂੰ ਕੀਤਾ ਜਾਵੇਗਾ ਚੱਕਾ ਜਾਮ
8 ਅਤੇ 9 ਜੁਲਾਈ ਪੂਰਨ ਤੌਰ ਤੇ ਕੰਮ ਕਾਜ ਠੱਪ
ਚੰਡੀਗੜ੍ਹ 8 ਜੁਲਾਈ 2021 ( ) ਪੰਜਾਬ ਸਰਕਾਰ ਦੇ ਅੜਬ ਰਵੱਈਏ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਰਾਜ ਵਿੱਚ ਮੁਲਾਜ਼ਮਾਂ ਦਾ ਰੋਹ ਵੇਖਣ ਨੂੰ ਮਿਲਿਆ। ਅੱਜ ਸਵੇਰ ਤੋ ਹੀ ਪੰਜਾਬ ਸਿਵਲ ਸਕੱਤਰੇਤ ਵਿਖੇ ਮੁਲਾਜ਼ਮ ਦਰੀਆਂ ਵਿਛਾ ਕੇ ਧਰਨੇ ਤੇ ਬੈਠ ਗਏ ਅਤੇ ਇਹ ਧਰਨਾ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ। ਦੱਸਣਯੋਗ ਹੈ ਕਿ ਮੁਲਾਜ਼ਮਾਂ ਵੱਲੋ ਪਿਛਲੇ ਮਹੀਨੇ 23 ਜੂਨ ਤੋਂ ਲੈਕੇ 27 ਜੂਨ ਤੱਕ ਹੜਤਾਲ ਕੀਤੀ ਗਈ ਸੀ ਜਿਸ ਕਰਕੇ ਸਰਕਾਰ ਵੱਲੋ ਆਫਿਸਰਜ਼ ਕਮੇਟੀ ਅਤੇ ਮੰਤਰੀਆਂ ਦੀਆਂ ਦੋ ਕਮੇਟੀਆਂ ਬਣਾਈਆਂ ਗਈਆਂ ਸਨ। ਪਿਛਲੇ ਕਈ ਦਿਨਾਂ ਤੋ ਵੱਖ ਵੱਖ ਮੁਲਾਜ਼ਮ ਜੱਥੇਬੰਦੀਆਂ ਨਾਲ ਆਫਿਸਰਜ਼ ਕਮੇਟੀ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਕਿ ਅਚਾਨਕ ਹੀ ਸਰਕਾਰ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਚੁੱਪ ਚੁਪੀਤੇ ਜਾਰੀ ਕਰ ਦਿੱਤੀ ਜਦਕਿ ਅਜੇ ਇਸ ਸਬੰਧੀ ਮੁਲਾਜ਼ਮ ਜੱਥੇਬੰਦੀਆਂ ਨਾਲ ਅਜੇ ਗੱਲ ਬਾਤ ਚੱਲ ਰਹੀ ਸੀ। ਸਰਕਾਰ ਦੇ ਇਸ ਵਤੀਰੇ ਕਰਕੇ ਮੁਲਾਜ਼ਮ ਵਰਗ ਵਿੱਚ ਰੋਸ ਪੈਦਾ ਹੋ ਗਿਆ ਹੈ। ਪੰਜਾਬ ਸਿਵਲ ਸਕੱਤਰੇਤ—1 ਅਤੇ ਪੰਜਾਬ ਸਿਵਲ ਸਕੱਤਰੇਤ—2 ਵਿਖੇ ਸ਼ਾਖਾਵਾਂ ਵਿੱਚ ਸੁਨਸਾਨ ਛਾਈ ਰਹੀ। ਮੁਲਾਜ਼ਮਾਂ ਵਿੱਚ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਕਰਕੇ ਬਹੁਤ ਰੋਸ ਪਾਇਆ ਜਾ ਰਿਹਾ ਸੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 18 ਜੂਨ 2021 ਨੂੰ ਕੈਬਿਨਟ ਦੀ ਮੀਟਿੰਗ ਵਿੱਚ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਵਾਨ ਕੀਤੀ ਗਈ। ਮੁਲਾਜ਼ਮਾਂ ਦਾ ਮੰਨਣਾ ਹੈ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਹੋ ਰਿਹਾ ਜਦਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਦੀ ਮੁਲਾਜ਼ਮ ਵਰਗ ਪਿਛਲੇ 10 ਸਾਲਾਂ ਤੋਂ ਉਡੀਕ ਕਰ ਰਿਹਾ ਹੈ। ਪ੍ਰੰਤੂ, ਕਮਿਸ਼ਨ ਦੀਆਂ ਸਿਫਾਰਸ਼ਾਂ ਵੇਖ ਕੇ ਮੁਲਾਜ਼ਮ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਪੰਜਾਬ ਸਿਵਲ ਸਕੱਤਰੇਤ ਤੋਂ ਲੈਕੇ ਡੀ.ਸੀ. ਦਫਤਰ, ਪਟਵਾਰ ਦਫਤਰ ਅਤੇ ਹੋਰ ਖੇਤਰੀ ਦਫਤਰਾਂ ਵਿੱਚ ਇਸ ਦੌਰਾਨ ਕੰਮ ਕਾਜ ਦੋ ਦਿਨਾਂ ਲਈ ਬੰਦ ਰਹੇਗਾ ਅਤੇ ਸਰਕਾਰੀ ਬਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਮਿਤੀ 29.07.2021 ਨੂੰ ਪੰਜਾਬ ਰਾਜ ਦੇ ਸਮੂਹ ਮੁਲਾਜ਼ਮ ਅਤੇ ਪੈਂਨਸ਼ਨਰ ਸਮੂਹਿਕ ਛੁੱਟੀ ਲੈਕੇ ਰਾਜ ਪੱਧਰੀ ਰੈਲੀ ਕਰਕੇ ਕਾਂਗਰਸ ਸਰਕਾਰ ਨੂੰ ਪੰਜਾਬ ਵਿੱਚੋਂ ਰਾਜਨੀਤਿਕ ਤੌਰ ਤੇ ਖ਼ਤਮ ਕਰਨ ਦਾ ਅਹਿਦ ਲੈਣਗੇ। ਇਸ ਹੜਤਾਲ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਸਮੂਹ ਸਮੂਹ ਜੱਥੇਬੰਦੀਆਂ ਜਿਨ੍ਹਾਂ ਵਿੱਚ ਪੰਜਾਬ ਸਿਵਲ ਸਕੱਤਰੇਤ ਆਫਿਸਰਜ਼ ਐਸੋਸੀਏਸ਼ਨ ਤੋਂ ਗੁਰਿੰਦਰ ਸਿੰਘ ਭਾਟੀਆ, ਦਵਿੰਦਰ ਸਿੰਘ ਜੁਗਨੀ, ਪਰਮਦੀਪ ਸਿੰਘ ਭਬਾਤ, ਗੁਰਦੀਪ ਸਿੰਘ, ਮਨਜੀਤ ਸਿੰਘ ਰੰਧਾਵਾ ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਤੋਂ ਮਲਕੀਤ ਸਿੰਘ ਓਜਲਾ, ਰਾਜੇਸ਼ ਰਾਣੀ, ਸੁਦੇਸ਼ ਕੁਮਾਰੀ, ਜਸਵੀਰ ਕੌਰ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋਂ ਗੁਰਪ੍ਰੀਤ ਸਿੰਘ, ਜਸਪ੍ਰੀਤ ਰੰਧਾਵਾ, ਸੁਸ਼ੀਲ ਕੁਮਾਰ, ਨੀਰਜ ਕੁਮਾਰ, ਪ੍ਰਵੀਨ ਕੁਮਾਰ, ਸੰਦੀਪ, ਕੁਲਵਿੰਦਰ ਸਿੰਘ, ਮਨਦੀਪ ਚੌਧਰੀ, ਗੁਰਵੀਰ ਸਿੰਘ, ਸੁਖਜੀਤ ਕੌਰ, ਇੰਦਰਪਾਲ ਭੰਗੂ, ਮਿਥੁਨ ਚਾਵਲਾ, ਸੰਦੀਪ ਕੌਸ਼ਲ, ਸਾਹਿਲ ਸ਼ਰਮਾ, ਸਕੱਤਰੇਤ ਦਰਜਾ—4 ਐਸੋਸੀਏਸ਼ਨ ਤੋਂ ਬਲਰਾਜ ਸਿੰਘ ਦਾਊਂ, ਮੋਤੀ ਲਾਲ, ਵਿੱਤੀ ਕਮਿਸ਼ਨਰ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਕੁਲਵੰਤ ਸਿੰਘ, ਰੂਪਿੰਦਰ ਸਿੰਘ ਰੂਪੀ, ਅਲਕਾ ਚੋਪੜਾ, ਅੱਤਰ ਸਿੰਘ, ਨੀਲਮ ਰਾਣੀ ਪਰਵਿੰਦਰ ਸਿੰਘ, ਰਣਜੀਤ ਸਿੰਘ, ਸੌਰਭ ਸ਼ੁਭਮ,ਪ੍ਰਾਹੁਣਚਾਰੀ ਵਿਭਾਗ ਤੋਂ ਮਹੇਸ਼ ਚੰਦਰ ਅਤੇ ਬਜਰੰਗ ਯਾਦਵ ਆਦਿ ਸ਼ਾਮਿਲ ਹੋਏ।