ਪੰਜਾਬ ਸਰਕਾਰ ਮਰਹੂਮ ਸਰਦੂਲ ਸਿਕੰਦਰ ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਵਚਨਬੱਧ : ਧਰਮਸੌਤ
-ਪਰਿਵਾਰ ਤੇ ਕਲਾਕਾਰ ਭਾਈਚਾਰੇ ਨੂੰ ਦਿੱਤਾ ਭਰੋਸਾ, ਜਲਦ ਹੋਣਗੇ ਨਿਰਮਾਣ ਕਾਰਜ ਸ਼ੁਰੂ
ਚੰਡੀਗੜ੍ਹ, 05 ਜੁਲਾਈ () ਪੰਜਾਬ ਸਰਕਾਰ ਸੁਰਾਂ ਦੇ ਸਿਕੰਦਰ ਅੰਤਰਰਾਸ਼ਟਰੀ ਗਾਇਕ ਸਵ. ਸਰਦੂਲ ਸਿਕੰਦਰ ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਵਚਨਬੱਧ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਐਂਡ ਸਟੇਸ਼ਨਰੀ ਤੇ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਅੱਜ ਸਰਦੂਲ ਸਿਕੰਦਰ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਰਿਵਾਰ ਤੇ ਕਲਾਕਾਰ ਭਾਈਚਾਰੇ ਨਾਲ ਇਕ ਮੀਟਿੰਗ ਦੌਰਾਨ ਕੀਤਾ ਗਿਆ। ਜਿਸ ਵਿਚ ਸੰਸਦ ਮੈਂਬਰ ਹੰਸ ਰਾਜ ਹੰਸ (ਪਦਮਸ਼੍ਰੀ) ਵੀ ਮੌਜੂਦ ਸਨ।
ਕੈਬਨਿਟ ਮੰਤਰੀ ਧਰਮਸੌਤ ਵੱਲੋਂ ਸਵ. ਸਰਦੂਲ ਸਿਕੰਦਰ ਦੇ ਭੋਗ ’ਤੇ ਕੀਤੇ ਐਲਾਨ ਮੁਤਾਬਿਕ ਉਨ੍ਹਾਂ ਦੀ ਢੁੱਕਵੀਂ ਯਾਦਗਾਰ ਬਣਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਵ. ਸਰਦੂਲ ਸਿਕੰਦਰ ਦੀ ਧਰਮਪਤਨੀ ਅਮਰਨੂਰੀ, ਸੁਪੱਤਰ ਸਾਰੰਗ ਸਿਕੰਦਰ, ਅਲਾਪ ਸਿਕੰਦਰ ਸਮੇਤ ਪਰਿਵਾਰਕ ਮੈਬਰਾਂ ਅਤੇ ਮੀਟਿੰਗ ਵਿਚ ਮੌਜੂਦ ਸਮੂਹ ਕਲਾਕਾਰ ਭਾਈਚਾਰੇ ਵੱਲੋਂ ਉਨ੍ਹਾਂ ਦੇ ਪਿੰਡ ਖੇੜੀ ਨੋਧ ਸਿੰਘ ਵਾਲਾ ਤੋਂ ਕਬਰ ਤੱਕ ਜਾਂਦੀ ਸੜਕ ਨੂੰ ਪੱਕਾ ਕੀਤੇ ਜਾਣ ਅਤੇ ਉਸ ਜਗ੍ਹਾ ’ਤੇ ਢੁੱਕਵੀ ਯਾਦਗਾਰ ਬਣਾਉਣ ਸੰਬੰਧੀ ਮੰਗ ਉਠਾਈ ਗਈ। ਜਿਸ ਨੂੰ ਕੈਬਨਿਟ ਮੰਤਰੀ ਧਰਮਸੌਤ ਵੱਲੋਂ ਤੁਰੰਤ ਪ੍ਰਵਾਨ ਕਰਦੇ ਹੋਏ ਮੋਕੇ ’ਤੇ ਸੰਬੰਧਿਤ ਅਧਿਕਾਰੀਆਂ ਨੂੰ ਸੜਕ ਦੇ ਨਿਰਮਾਣ ਕਾਰਜ ਜਲਦ ਹੀ ਸ਼ੁਰੂ ਕੀਤੇ ਜਾਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ। ਧਰਮਸੌਤ ਨੇ ਕਿਹਾ ਕਿ ਸਵ. ਸਰਦੂਲ ਸਿਕੰਦਰ ਵਰਗਾ ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਕਦੇ ਕਦੇ ਪੈਦਾ ਹੁੰਦਾ ਹੈ ਅਜਿਹੀ ਸਖਸ਼ੀਅਤ ਦੀ ਯਾਦ ਵਿਚ ਜੋ ਕੁੱਝ ਵੀ ਕੀਤਾ ਜਾਵੇ ਉਹ ਬਹੁਤ ਥੋੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਸਰਦੂਲ ਸਿਕੰਦਰ ਦੇ ਪਰਿਵਾਰ ਨਾਲ ਹਮੇਸ਼ਾ ਖੜ੍ਹੀ ਰਹੇਗੀ। ਇਸ ਮੌਕੇ ਅਮਰਨੂਰੀ, ਸਾਰੰਗ ਸਿਕੰਦਰ, ਅਲਾਪ ਸਿਕੰਦਰ, ਕਰਮਾ ਰੋਪੜ ਵਾਲਾ ਤੇ ਸਮੂਹ ਕਲਾਕਾਰ ਭਾਈਚਾਰੇ ਵੱਲੋਂ ਮੰਗਾਂ ਨੂੰ ਮੰਨਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਧੂ ਸਿੰਘ ਧਰਮਸੌਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੀਤਕਾਰ ਤੇ ਗਾਇਕ ਬਿੱਟੂ ਖੰਨੇ ਵਾਲਾ, ਗਾਇਕ ਸਤਵਿੰਦਰ ਬੁੱਗਾ, ਗਾਇਕ ਰਣਜੀਤ ਬਾਵਾ, ਬਲਬੀਰ ਰਾਏ, ਵਿਨੋਦ ਕੁਮਾਰ ਬਿੱਟੂ ਸਾਉਂਡ ਸਮੇਤ ਹੋਰ ਕਲਾਕਾਰ ਮੌਜੂਦ ਸਨ।