ਚੰਡੀਗੜ੍ਹ 16 ਜਨਵਰੀ: ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੀਆਂ ਚੋਣਾਂ ਅੱਜ ਪੰਜਾਬ ਵਿਧਾਨ ਸਭਾ ਦੇ ਸਕੱਤਰ ਸ੍ਰੀ ਰਾਮ ਲੋਕ ਖਟਾਨਾ ਦੀ ਮੌਜੂਦਗੀ ਵਿੱਚ ਹੋਈਆਂ। ਇਹਨਾਂ ਚੋਣਾਂ ਵਿੱਚ ਪਰਮਿੰਦਰ ਸਿੰਘ ਜੱਟਪੁਰੀ ਨੂੰ ਪ੍ਰੈਸ ਗੈਲਰੀ ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਵਜੋਂ, ਦੀਪਕ ਸ਼ਰਮਾ ਨੂੰ ਉਪ ਪ੍ਰਧਾਨ ਵਜੋਂ ਅਤੇ ਨਵੀਨ ਸੇਠੀ ਨੂੰ ਜਨਰਲ ਸਕੱਤਰ ਵਜੋਂ ਚੁਣਿਆ ਗਿਆ।
ਪੰਜਾਬ ਵਿਧਾਨ ਸਭਾ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਚੋਣ ਪ੍ਰਕਿਰਿਆ ਵਿੱਚ 24 ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ ਦੀ ਸੀਟ ਲਈ ਪਰਮਿੰਦਰ ਸਿੰਘ ਜੱਟਪੁਰੀ ਨੂੰ 15 ਵੋਟਾਂ ਮਿਲੀਆਂ ਜਦੋਂ ਕਿ ਨਪਿੰਦਰ ਬਰਾੜ ਨੂੰ 9 ਵੋਟਾਂ ਮਿਲੀਆਂ। ਇਸੇ ਤਰ੍ਹਾਂ ਉਪ ਪ੍ਰਧਾਨ ਦੀ ਸੀਟ ਲਈ ਦੀਪਕ ਸ਼ਰਮਾ ਨੂੰ 17 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਰੋਹਿਤ ਬਾਂਸਲ ਪੱਕਾ ਨੂੰ 7 ਵੋਟਾਂ ਮਿਲੀਆਂ। ਜਨਰਲ ਸਕੱਤਰ ਦੀ ਸੀਟ ਲਈ ਨਵੀਨ ਸੇਠੀ ਨੂੰ 16 ਵੋਟਾਂ ਮਿਲੀਆਂ ਜਦੋਂ ਕਿ ਗੁਰਉਪਦੇਸ਼ ਭੁੱਲਰ ਨੂੰ 7 ਵੋਟਾਂ ਮਿਲੀਆਂ।
