ਰਾਣਾ ਗੁਰਮੀਤ ਸਿੰਘ ਸੋਢੀ ਬਣੇ "ਦ ਵਰਲਡ ਗਤਕਾ ਫੈਡਰੇਸ਼ਨ" ਦੇ ਪ੍ਰਧਾਨ
ਸਿੱਖਾਂ ਦੀ ਵਿਰਾਸਤੀ ਖੇਡ ਗਤਕਾ ਨੂੰ ਵਿਸ਼ਵ ਪੱਧਰ ਤੇ ਖੇਡ ਦੇ ਰੂਪ ਵਿੱਚ ਉਭਾਰਨ, ਪ੍ਰਚਾਰ ਤੇ ਪ੍ਰਸਾਰ ਲਈ ਦਿ ਵਰਲਡ ਗਤਕਾ ਫੈਡਰੇਸ਼ਨ ਉਪਰਾਲੇ ਕਰ ਰਹੀ ਹੈ। ਦਿ ਵਰਲਡ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪਿਛਲੇ ਸਮੇਂ ਦਿਹਾਂਤ ਹੋਣ ਕਾਰਨ ਦਿ ਵਰਲਡ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਦੀ ਸੀਟ ਖਾਲੀ ਸੀ ਜਿਨ੍ਹਾਂ ਦੀ ਜਗ੍ਹਾ ਸਾਬਕਾ ਖੇਡ, ਯੁਵਕ ਸੇਵਾਵਾਂ ਅਤੇ ਐਨ ਆਰ ਆਈ ਮੰਤਰੀ ਪੰਜਾਬ ਗੁਰਮੀਤ ਸਿੰਘ ਸੋਢੀ ਨੂੰ ਚੁਣਿਆ ਗਿਆ ਹੈ।
ਇਹ ਜਾਣਕਾਰੀ ਦਿ ਵਰਲਡ ਗਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਰਜਿੰਦਰ ਸਿੰਘ ਸੋਹਲ ਵੱਲੋ ਸਾਂਝੀ ਕਰਦਿਆਂ ਕਿਹਾ ਗਿਆ ਕਿ ਸਾਨੂੰ ਮਾਣ ਹੈ ਕਿ ਦਿ ਵਰਲਡ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਸੋਢੀ ਨੂੰ ਚੁਣਿਆ ਗਿਆ ਹੈ। ਸੋਢੀ ਸਾਹਿਬ ਜੋ ਕਿ ਇਕ ਉਘੇ ਖਿਡਾਰੀ ਵੀ ਹਨ ਨੇ ਰਾਈਫਲ ਸ਼ੂਟਿੰਗ ਖੇਡਾਂ ਵਿੱਚ ਵਿਸ਼ਵ ਪੱਧਰ ਤੇ ਨਾਮ ਖੱਟਿਆ ਹੈ। ਏਸ਼ੀਆਈ ਖੇਡਾਂ ਅਤੇ ਅੰਤਰ-ਰਾਸ਼ਟਰੀ ਖੇਡਾਂ ਵਿੱਚ ਭਾਰਤ ਦੀ ਮੇਜਬਾਨੀ ਤੋ ਇਲਾਵਾ ਕਾਮਨਵੈਲਥ ਗੇਮਜ਼ ਆਰਗੇਨਾਈਜ਼ੇਸ਼ਨ ਕਮੇਟੀ ਮੈਂਬਰ, ਕਾਮਨਵੈਲਥ ਅਡਵਾਈਜ਼ਰੀ ਬੋਰਡ ਮੈਬਰ, ਅਗਜ਼ੈਕਟਿਵ ਮੈਬਰ ਓਲੰਪਿਕ ਐਸੋਸੀਏਸ਼ਨ ਆਫ ਇੰਡੀਆ ਤੋ ਇਲਾਵਾ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ । ਖੇਡ ਖੇਤਰ ਵਿੱਚ ਪ੍ਰਾਪਤੀ ਬਦਲੇ ਪੰਜਾਬ ਸਰਕਾਰ ਵੱਲੋ ਮਹਾਰਾਜਾ ਰਣਜੀਤ ਸਿੰਘ ਅਵਾਰਡ ਵੀ ਪ੍ਰਾਪਤ ਹੋਇਆ ਹੈ।
ਇਹ ਚਾਰ ਵਾਰ ਗੁਰੂ ਹਰਸਹਾਇ ਤੋਂ ਐਮ ਐਲ ਏ ਵੀ ਰਹਿ ਚੁੱਕੇ ਹਨ। ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਵੱਲੋਂ ਸਿਰੋਪਾਓ ਬਖਸ਼ਿਸ਼ ਕਰਕੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦਿ ਵਰਲਡ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਦੀ ਜਿਮੇਵਾਰੀ ਸੌਂਪੀ ਗਈ। ਇਸ ਦੋਰਾਨ ਰਾਣਾ ਗੁਰਮੀਤ ਸਿੰਘ ਸੋਢੀ ਵੱਲੋ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋ ਕਰਵਾਈ ਗਈ ਨੋਂਵੀ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿੱਚ ਸ਼ਿਰਕਤ ਕਰਨ ਸਮੇਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋ ਬਖਸ਼ੀ ਜੰਗਜੂ ਕਲਾ ਗਤਕਾ ਨੂੰ ਵਿਸ਼ਵ ਪੱਧਰ ਤੇ ਖੇਡ ਵਜੋਂ ਉਭਾਰਨ ਲਈ ਹੋਰ ਯਤਨ ਕੀਤੇ ਜਾਣਗੇ ਅਤੇ ਦਿ ਵਰਲਡ ਗਤਕਾ ਫੈਡਰੇਸ਼ਨ ਦਾ ਮਕਸਦ ਗਤਕਾ ਖੇਡ ਨੂੰ ਵਿਸ਼ਵ ਪੱਧਰ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ।
ਇਸ ਦੋਰਾਨ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਵੱਲੋ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵਧਾਈ ਦਿੰਦਿਆ ਕਿਹਾ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਦ ਵਰਲਡ ਗਤਕਾ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਕੰਮ ਕਰ ਰਹੀ ਹੈ । ਰਾਣਾ ਗੁਰਮੀਤ ਸਿੰਘ ਸੋਢੀ ਹੋਣਾ ਦੀ ਨਿਯੁਕਤੀ ਨਾਲ ਹੁਣ ਗਤਕਾ ਖੇਡ ਦੇ ਵਿਸ਼ਵ ਪੱਧਰ ਤੇ ਪ੍ਰਚਾਰ ਅਤੇ ਪ੍ਰਸਾਰ ਲਈ ਨਵੀ ਦਿਸ਼ਾ ਅਤੇ ਬਲ ਮਿਲੇਗਾ। ਇਸ ਦੋਰਾਨ ਪੰਜਾਬ ਗਤਕਾ ਐਸੋਸੀਏਸ਼ਨ ਦੇ, ਬਾਬਾ ਡਾ. ਸੁਖਵਿੰਦਰ ਸਿੰਘ ਰਤਵਾੜਾ ਸਾਹਿਬ , ਵਾਈਸ ਪ੍ਰਧਾਨ ਅਰਸ਼ਦ ਡਾਲੀ, ਅਕਵਿੰਦਰ ਸਿੰਘ ਗੋਸਲ, ਜਸਵਿੰਦਰ ਸਿੰਘ ਪਾਬਲਾ, ਜਗਕਿਰਨ ਕੌਰ ਵੜੈਚ, ਦਵਿੰਦਰ ਸਿੰਘ ਜੁਗਨੀ, ਰਘਬੀਰ ਸਿੰਘ ਡੇਹਲੌ ਤੋਂ ਇਲਾਵਾ ਪੰਜਾਬ ਗਤਕਾ ਐਸੋਸੀਏਸ਼ਨ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਮੂਹ ਮੈਂਬਰ ਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ।
