ਹੁਣ ਸਿੱਖਿਆ ਮੰਤਰੀ ਦੀ ਝੋਲੀ ਫੇਰ “ਡਿਸਲਾਈਕ” ਨਾਲ ਭਰੀ
ਹੁਣ ਸਿੱਖਿਆ ਮੰਤਰੀ ਨੂੰ ਵੀ ਅਧਿਆਪਕਾਂ ਤੋਂ ਮਿਲਿਆ ਡਿੱਸਲਾਈਕਾਂ ਦਾ ਸਨਮਾਨ
ਸਰਕਾਰੀ ਗੁਣਗਾਨ ਖਿਲਾਫ਼ ਅਧਿਆਪਕਾਂ/ਬੇਰੁਜ਼ਗਾਰਾਂ ‘ਚ ਤਿੱਖਾ ਰੋਸ
ਚੰਡੀਗੜ੍ਹ,13 ਜੂਨ(): ਪਿਛਲੇ ਦਿਨੀਂ ਮੁੱਖ ਮੰਤਰੀ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਦੇ ਸਿੱਖਿਆ ਢਾਂਚੇ ਬਾਰੇ ਸੋਸ਼ਲ ਮੀਡੀਆ ਤੇ ਲਾਈਵ ਗੱਲਬਾਤ ਕੀਤੀ। ਜਿਸ ਵਿਚ ਕਾਂਗਰਸ ਸਰਕਾਰ ਦੀਆਂ ਸਿੱਖਿਆ ਦੇ ਖੇਤਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਕਰਵਾਏ ਇਕ ਸਰਵੇ (ਪੀ ਜੀ ਆਈ) ਵਿੱਚ ਪੰਜਾਬ ਨੂੰ ਪਹਿਲੇ ਸਥਾਨ ਵਾਲੀ ਸੂਚੀ ਵਿੱਚ ਵਿਖਾਇਆ ਗਿਆ ਸੀ। ਪ੍ਰੰਤੂ ਇਸ ਨੂੰ ਅੰਕੜਿਆਂ ਦੀ ਖੇਡ ਦੱਸਦੇ ਹੋਏ ਸਰਕਾਰੀ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਸਮੇਤ ਬੇਰੁਜ਼ਗਾਰ ਅਧਿਆਪਕਾਂ ਨੇ ਸ਼ੋਸ਼ਲ ਮੀਡੀਏ ਦੀ ਜੰਗ ਵਿੱਚ ਮੁੱਖ ਮੰਤਰੀ ਨੂੰ ਪਛਾੜ ਸੁੱਟਿਆ ਸੀ। ਸਿੱਖਿਆ ਮੰਤਰੀ ਵੱਲੋਂ ਮੁੜ ਆਪਣੀਆਂ ਪ੍ਰਾਪਤੀਆਂ ਗਿਣਾਉਣ ਲਈ ਕੱਲ੍ਹ ਇੱਕ ਪ੍ਰਾਈਵੇਟ ਚੈੱਨਲ ਨਾਲ ਗੱਲਬਾਤ ਕੀਤੀ ਗਈ ਤਾਂ ਪੰਜਾਬ ਦੇ ਅਧਿਆਪਕਾਂ ਨੇ ਪਸੰਦ ਦੇ ਮੁਕਾਬਲੇ ਨਾ ਪਸੰਦ ਦਾ ਅੰਕੜਾ ਦੁਬਾਰਾ ਫੇਰ ਵਧਾ ਦਿੱਤਾ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿਚ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਫਰਜ਼ੀ ਅੰਕੜਿਆਂ ਦੀ ਖੇਡ ਨੂੰ ਸਰਕਾਰੀ ਪ੍ਰਾਪਤੀ ਬਣਾ ਕੇ ਪੇਸ਼ ਕਰਨਾ ਪੰਜਾਬ ਦੇ ਅਧਿਆਪਕਾਂ ਨੂੰ ਹਰਗਿਜ਼ ਪ੍ਰਵਾਨ ਨਹੀਂ ਹੈ। ਜਿਸਨੂੰ ਅੱਜ ਸ਼ੋਸ਼ਲ ਮੀਡੀਆ ਤੇ ਸਿੱਖਿਆ ਵਿਭਾਗ ਦੀ ਕੀਤੀ ਕਾਇਆ ਕਲਪ ਦਾ ਗੁਣਗਾਣ ਕਰ ਰਹੇ ਸਿੱਖਿਆ ਮੰਤਰੀ ਨੂੰ ਅਧਿਆਪਕ ਵਰਗ ਨੇ ਡਿਸਲਾਈਕਾਂ ਨਾਲ ਭਾਰੀ ਰੋਸ਼ ਦਰਜ਼ ਕਰਵਾ ਕੇ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਸਿੱਖਿਆ ਸਕੱਤਰ ਵੱਲੋਂ ਨਕਲੀ ਅੰਕੜਿਆਂ ਦੇ ਪਰਦੇ ਹੇਠ ਝੂਠ ਦੇ ਪੁਲੰਦੇ ‘ਮਿਸ਼ਨ ਸ਼ਤ-ਪ੍ਰਤੀਸ਼ਤ’ ਰਾਹੀਂ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਲਿਆਂਦੇ ਨਿਘਾਰ ਨੂੰ ਛੁਪਾ ਕੇ ‘ਸਭ ਅੱਛਾ ਹੈ’ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਦੇ ਉਲਟ ਪਿਛਲੇ ਸਮੇਂ ਵਿੱਚ ਸਕੂਲਾਂ ਦੀ ਆਕਾਰ ਘਟਾਈ ਕਰਦੇ ਹੋਏ ਜਿੱਥੇ ਨਾ ਮਾਤਰ ਭਰਤੀਆਂ ਕਰਨ ਸਮੇਤ ਸਕੂਲਾਂ ਵਿਚਲੀਆਂ ਅਸਾਮੀਆਂ ਦੀ ਰੈਸ਼ਨਲਾਈਜੇਸ਼ਨ ਦੇ ਨਾਂ ਹੇਠ ਵੱਡੀ ਪੱਧਰ ‘ਤੇ ਛਾਂਟੀ ਕੀਤੀ ਗਈ ਹੈ, ਉਥੇ ਦਿਖਾਵੀ ਸਵੈ-ਇੱਛਾ ਤਹਿਤ ਸੇਵਾਮੁਕਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਮੁੜ ਲਿਆਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਵਾ ਸਾਲ ਤੋਂ ਵਿਦਿਆਰਥੀਆਂ ਨੂੰ ਘਰਾਂ ‘ਚ ਤਾੜਕੇ, ਝੂਠੇ ਅੰਕੜਿਆਂ ਰਾਹੀਂ ਆਨਲਾਇਨ ਸਿੱਖਿਆ ਦਾ ਡਰਾਮਾ ਕਰਕੇ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ‘ਚੋਂ ਪੂਰੀ ਤਰ੍ਹਾਂ ਬਾਹਰ ਕਰਕੇ ਸਰਕਾਰੀ ਸਕੂਲਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖਣ ਦੀ ਸਾਜ਼ਿਸ਼ ਦਾ ਹਿੱਸਾ ਹਨ।ਪੰਜਾਬ ਵਿੱਚ ਸਿੱਖਿਆ ਦਾ ਮਿਆਰ ਅਤੇ ਗੁਣਵੱਤਾ ਨੂੰ ਜਾਣਬੁੱਝ ਕੇ ਰੋਲਿਆ ਜਾ ਰਿਹਾ ਹੈ ਅਤੇ ਸਿੱਖਿਆ ਮਾਹਿਰਾਂ ਤੋਂ ਰਾਏ ਲੈਣ ਦੀ ਥਾਂ ਪ੍ਰਾਇਵੇਟ ‘ਖਾਨ ਅਕੈਡਮੀ’ ਨੂੰ ਸਿੱਖਿਆ ਵਿਭਾਗ ਵਿੱਚ ਤਜਰਬੇ ਕਰਨ ਲਈ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੇ-ਕਮਿਸ਼ਨ ਦੀ ਰਿਪੋਰਟ ਲੇਟ ਕਰਨ, ਕੰਪਿਊਟਰ ਸਿੱਖਿਆ ਵਿਭਾਗ ਵਿੱਚ ਨਾ ਲੈਣ, ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ, ਵਿਦਿਆਰਥੀਆਂ ਦਾ ਵਜ਼ੀਫਾ ਰੋਕਣ, ਚੁੱਪ ਚੁਪੀਤੇ ਹਜ਼ਾਰਾਂ ਪੋਸਟਾਂ ਖ਼ਤਮ ਕਰਕੇ ਅਧਿਆਪਕਾਂ ਦੀ ਭਰਤੀ ਨਾ ਕਰਨ, ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਵੱਡਾ ਖੋਰਾ ਲਾਉਣ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸੜਕਾਂ ਤੇ ਰੋਲਣ ਜਿਹੀਆਂ ਅਨੇਕਾਂ ਵਿਦਿਆਰਥੀ/ਅਧਿਆਪਕ/ਸਿੱਖਿਆ ਵਿਰੋਧੀ ਨੀਤੀਆਂ ਨੂੰ ਅੱਖੋਂ ਪਰੋਖੇ ਕਰਨ ਲਈ ਮਹਿਜ਼ ਫਰਜ਼ੀ ਅੰਕੜਿਆਂ ਨੂੰ ਪ੍ਰਾਪਤੀਆਂ ਪ੍ਰਚਾਰਿਆ ਜਾ ਰਿਹਾ ਹੈ।
ਇਸ ਸਬੰਧੀ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਅਤੇ ਡੀਸੀ ਦਫ਼ਤਰ ਸੰਗਰੂਰ ਵਿਖੇ ਪਿਛਲੇ ਲੰਮੇ ਸਮੇਂ ਤੋ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਕ੍ਰਿਸ਼ਨ ਸਿੰਘ ਨਾਭਾ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ ਤੇ ਸੁਖਦੇਵ ਸਿੰਘ ਅਤੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੰਦੀਪ ਸ਼ਾਮਾਂ ਤੇ ਦੀਪ ਬਨਾਰਸੀ ਨੇ ਕਿਹਾ ਕਿ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਉੱਤੇ ਭਿਆਨਕ ਲਾਠੀਚਾਰਜ ਕਰਵਾਉਣ ਵਾਲੇ ਮੰਤਰੀ ਨੂੰ ਲੋਕ ਨਾ ਪਸੰਦ ਕਰ ਰਹੇ ਹਨ। ਇਹ ਪੰਜਾਬ ਦੇ ਲੋਕਾਂ ਦੀ ਅੰਦਰੂਨੀ ਆਵਾਜ਼ ਹੈ। ਉਹਨਾਂ ਦੱਸਿਆ ਕਿ ਬੇਰੁਜ਼ਗਾਰ ਇਸ ਮੁਹਿੰਮ ਨੂੰ ਬਹੁਤ ਤੇਜ਼ੀ ਨਾਲ ਚਲਾ ਰਹੇ ਹਨ।ਇਸ ਤੀ ਪਹਿਲਾਂ ਸਿੱਖਿਆ ਮੰਤਰੀ ਦੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਵੀ ਬੇਰੁਜ਼ਗਾਰਾਂ ਨੇ ਇਸ ਮੁਹਿੰਮ ਨੂੰ ਚਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਸਿਰਫ ਫ਼ਰਜ਼ੀ ਅੰਕੜੇ ਪੇਸ਼ ਕਰਕੇ ਸਿੱਖਿਆ ਦੇ ਵਿਕਾਸ ਦਾ ਡਰਾਮਾ ਕਰ ਰਹੇ ਹਨ। ਜਦਕਿ ਅਸਲੀ ਤਸਵੀਰ ਹੋਰ ਹੈ। ਸਿੱਖਿਆ ਮੰਤਰੀ ਖੁਦ ਲਾਈਵ ਵਿੱਚ ਆਖਦੇ ਹਨ ਕਿ ਸਰਕਾਰੀ ਸਕੂਲਾਂ ਵਿੱਚ ਸਾਢੇ ਤਿੰਨ ਲੱਖ ਦਾਖਲੇ ਵਧੇ ਹਨ, ਪ੍ਰੰਤੂ ਇਹਨਾਂ ਵਿਦਿਆਰਥੀਆਂ ਲਈ ਅਧਿਆਪਕ ਭਰਤੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਮੋਰਚਾ ਸਰਕਾਰ ਅਤੇ ਸਿੱਖਿਆ ਮੰਤਰੀ ਦੀਆਂ ਨਾਕਾਮੀਆਂ ਦੀ ਪੋਲ ਖੋਲਦਾ ਰਹੇਗਾ। ਉਹਨਾਂ ਸਰਕਾਰ ਉੱਤੇ ਬੇਰੁਜ਼ਗਾਰੀ ਭੱਤਾ ਦੱਬਣ ਦਾ ਦੋਸ਼ ਵੀ ਲਗਾਇਆ। ਵਰਨਣਯੋਗ ਹੈ ਕਿ ਖਬਰ ਲਿਖੇ ਜਾਣ ਤੱਕ ਸਿੱਖਿਆ ਮੰਤਰੀ ਦੀ ਪੋਸਟ ਨੂੰ ਸਿਰਫ 430 ਲੋਕਾਂ ਨੇ ਹੀ ਪਸੰਦ ਕੀਤਾ ਸੀ ਜਦਕਿ 8000 ਤੋਂ ਵਧੇਰੇ ਲੋਕਾਂ ਨੇ ਨਾ ਪਸੰਦ ਦਾ ਬਟਨ ਦਬਾ ਕੇ ਨਾਪਸੰਦ ਕੀਤਾ ਸੀ।