ਸਪੀਕਰ, ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀਆਂ ਵੱਲੋਂ ਪੰਜਾਬ ਦੇ ਐਮ.ਐਲ.ਏ. ਹੋਸਟਲ ਵਿਖੇ ਆਪਣੀ ਕਿਸਮ ਦੇ ਪਹਿਲੇ ਜਿਮ ਅਤੇ ਵੈਲਨੈਸ ਸੈਂਟਰ ਦਾ ਉਦਘਾਟਨ
ਚੰਡੀਗੜ੍ਹ, 27 ਨਵੰਬਰ 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਮ.ਐਲ.ਏ. ਹੋਸਟਲ, ਸੈਕਟਰ-4, ਚੰਡੀਗੜ੍ਹ ਵਿਖੇ ਆਪਣੀ ਕਿਸਮ ਦੇ ਪਹਿਲੇ ਜਿਮ ਅਤੇ ਵੈਲਨੈਸ ਸੈਂਟਰ ਦਾ ਉਦਘਾਟਨ ਕੀਤਾ। ਇਹ ਪਹਿਲ ਵਿਧਾਇਕਾਂ ਦਰਮਿਆਨ ਮਿਆਰੀ ਸਿਹਤ ਅਤੇ ਸਮੁੱਚੀ ਤੰਦਰੁਸਤੀ ਅਤੇ ਲੋਕਾਂ ਦੀ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ।
ਸਪੀਕਰ ਨੇ ਕਿਹਾ ਕਿ ਇਹ ਵਿਲੱਖਣ ਕਦਮ ਵਿਧਾਇਕਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਰਹਿਣ ਵਿੱਚ ਮਦਦ ਕਰੇਗਾ, ਜਿਸ ਨਾਲ ਉਹ ਸੂਬਾ ਵਾਸੀਆਂ ਦੀ ਹੋਰ ਵਧੇਰੇ ਸਮੱਰਥਾ ਅਤੇ ਸਮਰਪਣ ਭਾਵਨਾ ਨਾਲ ਸੇਵਾ ਕਰ ਸਕਣਗੇ। ਸਪੀਕਰ, ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀਆਂ ਨੇ ਸਿਹਤ ਅਤੇ ਤੰਦਰੁਸਤੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਜਿਮ ਅਤੇ ਵੈਲਨੈਸ ਸੈਂਟਰ ਵਿੱਚ ਲਗਾਈਆਂ ਉੱਨਤ ਮਸ਼ੀਨਾਂ ‘ਤੇ ਕਸਰਤ ਵੀ ਕੀਤੀ।
ਸੰਧਵਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਜੀਵਨ ਵਿੱਚ ਵੱਧ ਰਹੀਆਂ ਬਿਮਾਰੀਆਂ ਨੂੰ ਰੋਕਣ ਲਈ ਆਪਣੀ ਰੁਟੀਨ ਵਿੱਚ ਸੈਰ ਅਤੇ ਨਿਯਮਤ ਕਸਰਤ ਨੂੰ ਸ਼ਾਮਲ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਜਿਮ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈੱਸ ਹੈ ਜੋ ਸਹਿਣਸ਼ੀਲਤਾ, ਤਾਕਤ, ਸਥਿਰਤਾ ਅਤੇ ਲਚਕਤਾ ਲਈ ਤਿਆਰ ਕੀਤੀ ਗਈ ਹੈ, ਇਸ ਵਿੱਚ ਆਧੁਨਿਕ ਸਟੀਮ ਅਤੇ ਸਾਨਾ ਸਹੂਲਤਾਂ ਵੀ ਹਨ। ਦੱਸਣਯੋਗ ਹੈ ਕਿ ਇਹ ਕਿਸੇ ਵੀ ਐਮ.ਐਲ.ਏ. ਹੋਸਟਲ ਵਿੱਚ ਅਜਿਹੀ ਪਹਿਲੀ ਵਿਆਪਕ ਵੈਲਨੈਸ ਸੈੱਟਅੱਪ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਗੇ ਕਿਹਾ ਕਿ ਸਰਕਾਰ ਸਿਹਤ ਅਤੇ ਤੰਦਰੁਸਤੀ ਨੂੰ ਉੱਚ ਤਰਜੀਹ ਦਿੰਦੀ ਹੈ ਅਤੇ ਸਾਰੇ ਵਿਧਾਇਕਾਂ ਨੂੰ ਇਸ ਆਧੁਨਿਕ ਸਹੂਲਤ ਦੀ ਨਿਯਮਤ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ।
ਸਪੀਕਰ ਨੇ ਅੱਗੇ ਕਿਹਾ ਕਿ ਸਿਹਤ ਹੀ ਅਸਲੀ ਖਜ਼ਾਨਾ ਹੈ ਅਤੇ ਸੂਬਾ ਵਾਸੀਆਂ ਨੇ ਵਿਧਾਇਕਾਂ ਨੂੰ ਉਨ੍ਹਾਂ ਦੀ ਪ੍ਰਭਾਵੀ ਢੰਗ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਸਮੇਂ ਦਾ ਖਾਣਾ ਤਾਂ ਛੱਡਿਆ ਜਾ ਸਕਦਾ ਹੈ, ਪਰ ਕਸਰਤ ਕਦੇ ਵੀ ਨਹੀਂ ਛੱਡਣੀ ਚਾਹੀਦੀ।

