*’ਆਰ.ਐਸ.ਐਸ. ਆਗੂ ਦੇ ਪੁੱਤਰ ਦੇ ਕਾਤਲ ਨੂੰ ਮਾਰ ਮੁਕਾਉਣਾ ਜ਼ੀਰੋ-ਟੌਲਰੈਂਸ ਨੀਤੀ ਦਾ ਸਬੂਤ’- ਬਲਤੇਜ ਪੰਨੂ*
*ਬਲਤੇਜ ਪੰਨੂ ਨੇ ਦੱਸਿਆ ‘ਆਪ’ ਸਰਕਾਰ ਦੀ ਨੀਤੀ: ‘ਗੈਂਗਸਟਰਾਂ ਨੂੰ ਟਿਕਟਾਂ ਨਹੀਂ, ਸਗੋਂ ਸਖਤੀ ਨਾਲ ਕੁਚਲਿਆ ਜਾਵੇਗਾ’*
ਚੰਡੀਗੜ੍ਹ, 27 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਦੇਸ਼ ਜਨਰਲ ਸਕੱਤਰ ਬਲਤੇਜ ਪੰਨੂ ਨੇ ਫਾਜ਼ਿਲਕਾ ਵਿਖੇ ਆਰ.ਐਸ.ਐਸ. ਆਗੂ ਦੇ ਪੁੱਤਰ ਦੇ ਕਤਲ ਦੇ ਜ਼ਿੰਮੇਵਾਰ ਗੈਂਗਸਟਰ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਸੂਬਾ ਸਰਕਾਰ ਦੀ ‘ਜ਼ੀਰੋ-ਟੌਲਰੈਂਸ’ ਨੀਤੀ ਲਾਗੂ ਹੈ।
ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਪੁਲਿਸ ਲਗਾਤਾਰ ਐਨੀ ਮੁਸਤੈਦ ਹੈ ਕਿ ਉਹ ਕਿਸੇ ਵੀ ਅਜਿਹੇ ਵਿਅਕਤੀ ਨੂੰ ਸਿਰ ਨਹੀਂ ਚੁੱਕਣ ਦੇਵੇਗੀ, ਜਿਹੜਾ ਕੋਈ ਗੈਰ-ਕਾਨੂੰਨੀ ਕੰਮ ਕਰਦਾ ਹੈ ਜਾਂ ਫਿਰ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣਦਾ ਹੈ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਉਹ ਨਹੀਂ ਹੈ, ਜਿਹੜੀ ਗੈਂਗਸਟਰਾਂ ਨੂੰ ਟਿਕਟਾਂ ਦਿੰਦੀ ਹੈ, ਬਲਕਿ ਇਹ ਸਰਕਾਰ ਗੈਂਗਸਟਰਾਂ ਜਾਂ ਕਾਨੂੰਨ ਨਾਲ ਖੇਡਣ ਵਾਲੇ ਵਿਅਕਤੀਆਂ ਨੂੰ ਸਖਤੀ ਨਾਲ ਕੁਚਲਦੀ ਹੈ।
ਪੰਨੂ ਨੇ ਫਾਜ਼ਿਲਕਾ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਫਿਰੋਜ਼ਪੁਰ ਵਿੱਚ ਆਰ.ਐਸ.ਐਸ. ਨੇਤਾ ਦੇ ਪੁੱਤਰ ਦੇ ਕਤਲ ਲਈ ਜ਼ਿੰਮੇਵਾਰ ਗੈਂਗਸਟਰ ਨੂੰ ਮੁਕਾਬਲੇ ਵਿੱਚ ਮਾਰ ਮੁਕਾਉਣਾ ਪੰਜਾਬ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਦਾ ਸਪਸ਼ਟ ਸਬੂਤ ਹੈ। ਉਨ੍ਹਾਂ ਨੇ ਗੈਰ-ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ‘ਆਪ’ ਸਰਕਾਰ ਹੁਣ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।

