ਕੋਰੋਨਾ ਅਤੇ ਸਰਕਾਰ ਵੱਲੋਂ ਸਤਾਏ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਲਗਾਕੇ ਕੀਤਾ ਰੋਸ ਪ੍ਰਗਟ
ਪੰਜਾਬ ਸਕੱਤਰੇਤ ਦੀਆਂ ਐਸੋਸੀਏਸ਼ਨਾਂ ਵੱਲੋਂ ਹੜਤਾਲੀ ਮੁਲਾਜ਼ਮਾਂ ਦਾ ਕੀਤਾ ਸਮਰਥਨ
ਚੰੜੀਗੜ੍ਹ , 24 ਮਈ ( ) – ਪੰਜਾਬ –ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁਲਾਜਮਾਂ ਨੇ ਕਾਲੇ ਬਿੱਲੇ ਲਾ ਕੇ ਅੱਜ ਲਗਾਤਾਰ ਤੀਸਰੇ ਦਿਨ ਵੀ ਰੋਸ ਜਾਹਿਰ ਕੀਤਾ। ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਨੁਮਾਂਇਦਿਆਂ ਨੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿੱਰੁਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਇਤਹਾਸ ਵਿੱਚ ਪਹਿਲੀ ਸਰਕਾਰ ਹੋਵੇਗੀ ਜੋ ਕਿ ਆਪਣੇ ਕਾਰਜਕਾਲ ਦੇ ਅਖੀਰਲੇ ਸਾਲ ਦੋਰਾਨ ਵੀ ਮੁਲਾਜਮਾ ਦਾ ਘਾਣ ਕਰ ਰਹੀ ਹੈ। ਉਹਨਾ ਆਖਿਆ ਕਿ ਇਸ ਸਮੇਂ ਦੌਰਾਨ ਸਰਕਾਰਾਂ ਰਾਜ ਦੇ ਆਮ ਨਾਗਰਿਕ ਨੂੰ ਸਹੂਲਤਾ ਦੇ ਕੇ ਉਹਨਾ ਦੀ ਵੋਟਾਂ ਹਾਸਿਲ ਕਰਦੀਆਂ ਹਨ, ਜਦੋਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣੀਆਂ ਦਮਨਕਾਰੀ ਨੀਤੀਆਂ ਤਹਿਤ ਮੁਲਾਜ਼ਮਾਂ ਅਤੇ ਆਮ ਪੰਜਾਬ ਵਾਸੀਆਂ ਤੇ ਡਾਂਗਾਂ ਰਾਹੀਂ ਅੱਤਿਆਚਾਰ ਕਰਕੇ ਉਹਨਾ ਦੇ ਹੱਕਾਂ ਦੀ ਅਵਾਜ ਨੂੰ ਦਬਾ ਰਹੀ ਹੈ। ਸਕੱਤਰੇਤ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਸਰਕਾਰ ਦੇ ਆਪਣੇ ਮੰਤਰੀ, ਐਮ.ਪੀ. ਅਤੇ ਐਮ.ਐਲ.ਏ. ਹੀ ਸਰਕਾਰ ਦੀ ਕਾਰਜਸ਼ੈਲੀ ਤੋਂ ਨਾਖੁਸ਼ ਹਨ, ਤਾਂ ਅਜਿਹੀ ਹਾਲਤ ਵਿੱਚ ਪੰਜਾਬ ਦੀ ਆਮ ਜਨਤਾ ਵੀ ਸਰਕਾਰ ਦਾ ਹਰ ਖੇਤਰ ਵਿੱਚ ਵਿਰੋਧ ਕਰ ਰਹੀ ਹੈ। ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ, ਜਾਂ ਰਾਜ ਵਿੱਚ ਪੁਲਿਸ ਤੰਤਰ ਦੀ ਕਾਰਗੁਜਾਰੀ ਹੋਵੇ, ਬੇਰੁਜਗਾਰੀ ਖਤਮ ਕਰਨ ਦੀ ਵਾਅਦਾਖਿਲਾਫੀ ਹੋਵੇ ਜਾਂ ਫਿਰ ਸਮਾਜ ਵਿੱਚ ਨਸ਼ਿਆਂ ਦਾ ਖਾਤਮਾ ਹੋਵੇ। ਸਰਕਾਰ ਵੱਲੋਂ ਕਿਸੇ ਵੀ ਖੇਤਰ ਵਿੱਚ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਸਰਕਾਰ ਕੋਲ ਆਪਣੀ ਰਿਪੋਰਟ ਕਾਰਡ ਵਿੱਚ ਦਿਖਾਉਣ ਲਾਇਕ ਕੁੱਝ ਵੀ ਨਹੀਂ। ਸਮਾਜ ਦਾ ਹਰ ਵਰਗ ਚਾਹੇ ਉਹ ਕਿਸਾਨ ਹੋਵੇ, ਮਜ਼ਦੂਰ ਹੋਵੇ, ਰਿਹੜੀ-ਫੜ੍ਹੀ ਵਾਲਾ ਹੋਵੇ, ਛੋਟਾ ਦੁਕਾਨਦਾਰ ਹੋਵੇ ਜਾਂ ਮੁਲਾਜ਼ਮ ਵਰਗ ਹੋਵੇ ਕੋਈ ਵੀ ਵਰਗ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਰਕਾਰ ਵੱਲੋਂ ਪੰਜਾਬ ਦੀ ਆਵਾਮ ਨਾਲ ਕੀਤੇ ਵਾਅਦੇ ਕੇਵਲ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਹੀ ਸਾਬਿਤ ਹੋਏ ਹਨ। ਹੁਣ ਪੰਜਾਬ ਦੀ ਜਨਤਾ ਕਾਂਗਰਸ ਦੇ ਪ੍ਰਸ਼ਾਂਤ ਕਿਸ਼ੋਰ ਫੈਕਟਰ ਨੂੰ ਚੱਲਣ ਨਹੀਂ ਦੇਣ ਵਾਲੀ ਅਤੇ ਕਸਮਾਂ ਵਾਅਦਿਆਂ ਤੇ ਯਕੀਨ ਨਹੀਂ ਕਰੇਗੀ। ਖਹਿਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਆਮ ਜਨਤਾ ਅਤੇ ਮੁਲਾਜ਼ਮ ਵਰਗ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਫੇਰ ਬਦਲ ਕਰਨਗੀਆਂ ਅਤੇ ਰਵਾਇਤੀ ਪਾਰਟੀਆਂ ਤੋਂ ਹਟ ਕੇ ਨਵੀ ਪਾਰਟੀ ਅਤੇ ਨੌਜਵਾਨ ਉਮੀਦਵਾਰਾਂ ਨੂੰ ਜਿਤਾਕੇ ਮੁੜ ਰੰਗਲਾ ਪੰਜਾਬ ਸਥਾਪਿਤ ਕਰਨਗੇ।
ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਨੁਮਾਂਇੰਦਿਆਂ ਨੇ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਦੱਸਿਆ ਕਿ ਅੱਜ ਸਮੂਚਾ ਮੁਲਾਜ਼ਮ ਵਰਗ ਕੋਰੋਨਾ ਕਾਲ ਵਿੱਚ ਸਰਕਾਰ ਦੇ ਮੋਢੇ ਨਾਲ ਮੋਢੇ ਲਗਾ ਕੇ ਆਪਣੀ ਸਿਹਤ ਦੀ ਪਰਵਾਹ ਨਾ ਕਰਦਿਆਂ ਦਿਨ ਰਾਤ ਕੰਮ ਕਰ ਰਿਹਾ ਹਨ ਪ੍ਰੰਤੂ ਸਰਕਾਰ ਵੱਲੋਂ ਮੁਲਾਜ਼ਮ ਵਰਗ ਨੂੰ ਮੂਲੋਂ ਹੀ ਨਜ਼ਰ ਅੰਦਾਜ਼ ਕੀਤਾ ਜਾ ਰਿਹ ਹੈ ਜਿਸ ਕਾਰਨ ਮਿਉਂਸਿਪਲ ਕਾਰਪੋਰੇਸ਼ਨਾਂ ਦੇ ਦਰਜਾ ਚਾਰ ਮੁਲਾਜ਼ਮ ਮਿਤੀ 13.05.2021 ਤੋਂ ਅਤੇ ਡੀ.ਸੀ. ਦਫਤਰਾਂ, ਪਟਵਾਰੀ ਅਤੇ ਕਾਨੂੰਗੋ ਅਤੇ ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮ ਅੱਜ ਤੋਂ ਹੜਤਾਲ ਤੇ ਹਨ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਮੁਲਾਜ਼ਮ ਵਰਗ ਦੀਆਂ ਜਾਇਜ਼ ਮੰਗਾਂ ਸਬੰਧੀ ਤੁਰੰਤ ਉਨ੍ਹਾਂ ਨਾਲ ਮੀਟਿੰਗ ਕਰਕੇ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਦੇ ਸਮੂਹ ਮੁਲਾਜ਼ਮ ਵਰਗ ਨੂੰ ਆਪਣੇ ਸਾਥੀਆਂ ਦੇ ਸਹਿਯੋਗ ਲਈ ਅੱਗੇ ਆਉਣਾ ਪਵੇਗਾ। ਇਸ ਮੌਕੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗਰਚਾ, ਵਿੱਤ ਸਕੱਤਰ ਮਿਥੁਨ ਚਾਵਲਾ ਅਤੇ ਗੁਰਵੀਰ ਸਿੰਘ ਆਦਿ ਹਾਜਿਰ ਸਨ।