ਮੁੱਖ ਮੰਤਰੀ ਦੁਆਰਾ ਕੀਤੇ ਪੰਜ ਹਜ਼ਾਰ ਪ੍ਰਾਇਮਰੀ ਅਧਿਆਪਕਾਂ ਦੇ ਤਬਾਦਲੇ ਲਾਗੂ ਨਹੀਂ ਕਰ ਰਿਹਾ ਸਿੱਖਿਆ ਵਿਭਾਗ
ਮੁੱਖ ਮੰਤਰੀ ਦੁਆਰਾ ਕੀਤੇ ਪੰਜ ਹਜ਼ਾਰ ਪ੍ਰਾਇਮਰੀ ਅਧਿਆਪਕਾਂ ਦੇ ਤਬਾਦਲੇ ਲਾਗੂ ਨਹੀਂ ਕਰ ਰਿਹਾ ਸਿੱਖਿਆ ਵਿਭਾਗ
ਬਦਲੀਆਂ ਦੀ ਮਿਤੀ ਅੱਠਵੀਂ ਵਾਰ ਅੱਗੇ ਪਾ ਕੇ ਸਿੱਖਿਆ ਵਿਭਾਗ ਨੇ ਤਮਾਸ਼ਾ ਬਣਾਇਆ: ਰਘਵੀਰ ਭਵਾਨੀਗੜ੍ਹ
ਦੋ ਮਹੀਨਿਆਂ ਤੋਂ ਤਬਾਦਲਿਆਂ ਦੀ ਉਡੀਕ ਵਿੱਚ ਹਜ਼ਾਰਾਂ ਅਧਿਆਪਕ ਹੋ ਰਹੇ ਹਨ ਖੱਜਲ-ਖੁਆਰ
ਬਦਲੀਆਂ ਤੁਰੰਤ ਲਾਗੂ ਕੀਤੀਆਂ ਜਾਣ- ਡੀ.ਟੀ.ਐੱਫ.
ਸੰਗਰੂਰ, 21 ਮਈ ( ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਅੱਜ ਤੋਂ ਦੋ ਮਹੀਨੇ ਪਹਿਲਾਂ ਕੀਤੇ ਗਏ ਪੰਜ ਹਜ਼ਾਰ ਪ੍ਰਾਇਮਰੀ ਅਧਿਆਪਕਾਂ ਦੇ ਤਬਾਦਲਿਆਂ ਨੂੰ ਸਿੱਖਿਆ ਵਿਭਾਗ ਲਾਗੂ ਨਹੀਂ ਕਰ ਰਿਹਾ ਹੈ। ਸਿੱਖਿਆ ਵਿਭਾਗ ਪੰਜਾਬ ਨੇ ਪ੍ਰਾਇਮਰੀ ਅਧਿਆਪਕਾਂ ਦੀ ਬਦਲੀ ਲਾਗੂ ਹੋਣ ਦੀ ਮਿਤੀ ਨੂੰ ਲਗਾਤਾਰ ਅੱਠਵੀਂ ਵਾਰ ਅੱਗੇ ਪਾ ਕੇ ਹੁਣ 25 ਮਈ ਕਰਨ ਸਦਕਾ ਹਜਾਰਾਂ ਆਨਲਾਈਨ ਬਦਲੀਆਂ ਕਰਨ ਦੇ ਸਰਕਾਰੀ ਦਾਅਵੇ ਫੋਕੇ ਸਾਬਤ ਹੋ ਰਹੇ ਹਨ। ਉਧਰ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ ਹਰ ਹਫ਼ਤੇ ਬਦਲੀਆਂ ਲਾਗੂ ਹੋਣ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ ਪੱਤਰ ਜਾਰੀ ਕਰਕੇ ਤਬਾਦਲੇ ਅੱਗੇ ਪਾਉਣ ਦਾ ਵਿਭਾਗੀ ਤਮਾਸ਼ਾ ਬੰਦ ਕਰਨ ਲਈ ਕਿਹਾ ਹੈ।
ਡੀ ਟੀ ਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2020-21 ਦੀ ਬਦਲੀ ਪ੍ਰਕਿਰਿਆ ਤਹਿਤ ਆਨਲਾਈਨ ਕੀਤੀਆਂ ਬਦਲੀਆਂ ਨੂੰ ਲਾਗੂ ਕਰਨ ਦੀ ਮਿਤੀ ਲਗਾਤਾਰ ਅੱਗੇ ਪਾਉਣਾ ਸਿੱਧ ਕਰਦਾ ਹੈ ਕਿ ਵਿਭਾਗ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਪ੍ਰਤੀ ਜਰਾ ਜਿਨ੍ਹਾਂ ਵੀ ਸੁਹਿਰਦ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਲ 2020 ਦੇ ਸ਼ੁਰੂ ਵਿੱਚ ਲਾਗੂ ਕਰਨੀ ਬਣਦੀ ਬਦਲੀ ਪ੍ਰਕਿਰਿਆ ਨੂੰ ਕਈ ਮਹੀਨੇ ਲਟਕਾਉਣ ਤੋਂ ਬਾਅਦ ਜਦੋਂ ਹੁਣ ਕੁਝ ਅਧਿਆਪਕ ਬਦਲੀ ਕਰਵਾਉਣ ਵਿੱਚ ਕਾਮਯਾਬ ਹੋਏ ਹਨ ਤਾਂ ਵਿਭਾਗ ਵਲੋਂ ਇਹਨਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ। ਇਨ੍ਹਾਂ ਬਦਲੀਆਂ ‘ਤੇ ਅਨੇਕਾਂ ਅਜਿਹੀਆਂ ਸ਼ਰਤਾਂ ਲਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ ਸਗੋਂ ਸਰਕਾਰ ਦੀ ਨਲਾਇਕੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ‘ਚ ਸਟਾਫ਼ ਦੀ ਘਾਟ ਹੈ।
ਡੀਟੀਐੱਫ ਦੇ ਸੂਬਾ ਕਮੇਟੀ ਮੈਂਬਰਾਂ ਮੇਘਰਾਜ, ਦਲਜੀਤ ਸਫੀਪੁਰ, ਸੁਖਵਿੰਦਰ ਗਿਰ, ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ, ਜਨਰਲ ਸਕੱਤਰ ਅਮਨ ਵਿਸ਼ਿਸ਼ਟ, ਮੀਤ ਪ੍ਰਧਾਨਾਂ ਵਿਕਰਮਜੀਤ ਮਲੇਰਕੋਟਲਾ, ਗੁਰਜੰਟ ਲਹਿਲ ਅਤੇ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਨੇ ਕਿਹਾ ਕਿ ਅਸਲ ਵਿੱਚ ਮੌਜੂਦਾ ਸਰਕਾਰ ਵਲੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮਾੜੀ ਕਾਰਗੁਜ਼ਾਰੀ ਦਿਖਾਉਂਦਿਆਂ ਪ੍ਰਾਇਮਰੀ ਵਿਭਾਗ ਵਿੱਚ ਕੋਈ ਵੀ ਨਵੀਂ ਭਰਤੀ ਨੇਪਰੇ ਨਹੀਂ ਚਾੜ੍ਹੀ ਹੈ, ਜੋ ਕਿ ਪ੍ਰਾਇਮਰੀ ਸਿੱਖਿਆ ਨੂੰ ਅਣਗੌਲਿਆਂ ਕਰਨ ਦਾ ਵੱਡਾ ਸਬੂਤ ਹੈ। ਇੱਥੇ ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ 24 ਮਾਰਚ ਨੂੰ ਪਹਿਲੇ ਗੇੜ ਦੀਆਂ ਬਦਲੀਆਂ ਕੀਤੀਆਂ ਗਈਆਂ ਅਤੇ 9 ਅਪ੍ਰੈਲ ਨੂੰ ਦੂਜੇ ਗੇੜ ਦੀਆਂ ਬਦਲੀਆਂ ਕੀਤੀਆਂ ਗਈਆਂ। ਪ੍ਰੰਤੂ ਇਨ੍ਹਾਂ ਬਦਲੀਆਂ ਨੂੰ ਲਾਗੂ ਕਰਨ ਲਈ ਪਹਿਲਾਂ 10 ਅਪ੍ਰੈਲ, ਫ਼ਿਰ 15 ਅਪ੍ਰੈਲ, ਫਿਰ 21 ਅਪ੍ਰੈਲ, ਫਿਰ 28 ਅਪ੍ਰੈਲ, ਫਿਰ 4 ਮਈ, ਫਿਰ 11 ਮਈ, ਫਿਰ 18 ਮਈ ਅਤੇ ਸਿੱਖਿਆ ਵਿਭਾਗ ਵੱਲੋਂ ਹੁਣ ਜਾਰੀ ਪੱਤਰ ਕਰਦਿਆਂ ਪ੍ਰਾਇਮਰੀ ਵਰਗ ਦੇ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਹੋਣ ਦੀ ਮਿਤੀ ਹੁਣ 25 ਮਈ ਕਰ ਦਿੱਤੀ ਗਈ ਹੈ, ਜਿਸ ਕਾਰਨ ਪ੍ਰਾਇਮਰੀ ਅਧਿਆਪਕਾਂ ਵਿੱਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਆਗੂਆਂ ਸੁਖਪਾਲ ਸਫੀਪੁਰ, ਸੁਖਵਿੰਦਰ ਸੁੱਖ, ਮੈਡਮ ਸ਼ਿਵਾਲੀ ਗਿਰ, ਗੁਰਦੀਪ ਚੀਮਾ, ਚਰਨਜੀਤ ਮਲੇਰਕੋਟਲਾ, ਕਮਲ ਘੋੜੇਨਬ, ਦੀਨਾ ਨਾਥ, ਡਾ. ਗੌਰਵਜੀਤ, ਦਿਨੇਸ਼ ਬਜਾਜ਼ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਇਨਾਂ ਬਦਲੀਆਂ ਨੂੰ ਬਿਨਾਂ ਸ਼ਰਤ ਤੁਰੰਤ ਲਾਗੂ ਕਰਨ, ਅਗਲੀਆਂ ਬਦਲੀਆਂ ਲਈ ਤੀਜਾ ਰਾਉਂਡ ਸ਼ੁਰੂ ਕਰਨ, ਨਾਨ ਬਾਰਡਰ ਜ਼ਿਲ੍ਹਿਆਂ ਦੇ ਸਾਰੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਦੇਣ ਅਤੇ ਮੌਜੂਦਾ 2364 ਪ੍ਰਾਇਮਰੀ ਅਸਾਮੀਆਂ ਦੀ ਭਰਤੀ ਨੂੰ ਜਲਦ ਪੂਰਾ ਕਰਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਖਾਲੀ ਹੋਰਨਾਂ ਅਸਾਮੀਆਂ ਲਈ ਵੀ ਫੌਰੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਹੈ।