ਸੁਨੀਲ ਜਾਖੜ ਵੱਲੋਂ ਪਾਰਟੀ ਆਗੂਆਂ ਨੂੰ ‘ਆਪਦਾ ਵਿਚ ਅਵਸਰ’ ਭਾਲਣ ਵਾਲੇ ਨੇਤਾਵਾਂ ਤੋਂ ਸੁਚੇਤ ਰਹਿਣ ਦੀ ਅਪੀਲ, ਪਾਰਟੀ ਵਿਰੋਧੀ ਕਾਰਵਾਈਆਂ ਵਿਚ ਸ਼ਾਮਿਲ ਲੋਕਾਂ ਤੇ ਪਾਰਟੀ ਹਾਈਕਮਾਂਡ ਦੀ ਨਜਰ
ਕਿਹਾ, ਇਸ ਵੇਲੇ ਕੋਵਿਡ ਰੋਕਥਾਮ ਸਾਡਾ ਏਂਜਡਾ
ਕੋਟਕਪੂਰਾ ਕੇਸ ਸਬੰਧੀ ਪੰਜਾਬ ਸਰਕਾਰ ਤੇ ਹਾਈਕਮਾਂਡ ਗੰਭੀਰ, ਹੋਵੇਗਾ ਨਿਆਂ
ਪਾਰਟੀ ਵਿਰੋਧੀ ਕਾਰਵਾਈਆਂ ਵਿਚ ਸ਼ਾਮਿਲ ਲੋਕਾਂ ਤੇ ਪਾਰਟੀ ਹਾਈਕਮਾਂਡ ਦੀ ਨਜਰ
ਚੰਡੀਗੜ, 20 ਮਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਆਗੂਆਂ ਨੂੰ ਉਨਾਂ ਨੇਤਾਵਾਂ ਤੋਂ ਸਾਵਧਾਨ ਕੀਤਾ ਹੈ ਜਿਹੜੇ ‘ਆਪਦਾ ਵਿਚ ਅਵਸਰ’ ਭਾਲਦੇ ਹਨ। ਉਨਾਂ ਨੇ ਕਿਹਾ ਕਿ ਇਸ ਸਮੇਂ ਵਕਤੀ ਤੌਰ ਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਕੋਵਿਡ ਦੇ ਕਹਿਰ ਤੋਂ ਬਚਾਉਣਾ ਹੈ ਅਤੇ ਇਸ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੇ ਇਰਾਦੇ ਲੋਕ ਹਿੱਤ ਨਹੀਂ ਕਹੇ ਜਾ ਸਕਦੇ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਸਿੱਟ ਦੀ ਜਾਂਚ ਸਬੰਧੀ ਆਏ ਫੈਸਲੇ ਤੋਂ ਬਾਅਦ ਬੇਸ਼ਕ ਲੋਕਾਂ ਦੇ ਮਨਾਂ ਵਿਚ ਇਸ ਕੇਸ ਨੂੰ ਲੈ ਕੇ ਚਿੰਤਾਵਾਂ ਪੈਦਾ ਹੋਈਆਂ ਹਨ ਪਰ ਪੰਜਾਬ ਸਰਕਾਰ ਅਤੇ ਕਾਂਗਰਸ ਹਾਈ ਕਮਾਂਡ ਇਸ ਵਿਸ਼ੇ ਤੇ ਪੂਰੀ ਗੰਭੀਰ ਹੈ ਅਤੇ ਇਸ ਕੇਸ ਵਿਚ ਇਨਸਾਫ ਲਾਜਮੀ ਹੋਵੇਗਾ। ਉਨਾਂ ਨੇ ਕਿਹਾ ਕਿ ਅਜਿਹੇ ਵਕਤ ਵਿਚ ਜੋ ਲੋਕ ਮੌਕਾ ਲੱਭ ਕੇ ਜੋ ਵਿਹਾਰ ਕਰ ਰਹੇ ਹਨ ਉਸਨੂੰ ਕਿਸੇ ਤਰੀਕੇ ਵੀ ਠੀਕ ਨਹੀਂ ਕਿਹਾ ਜਾ ਸਕਦਾ ਹੈ।
ਜਾਖੜ ਨੇ ਕਿਹਾ ਕਿ ਆਪਣੀਆਂ ਮੀਟਿੰਗਾਂ ਵਿਚ ਹਾਜਰ ਲੋਕਾਂ ਦੇ ਝੁੱਠੇ ਆਂਕੜੇ ਦੇ ਕੇ ਇਹ ਨੇਤਾ ਅਜਿਹੀ ਮੁਹਿੰਮ ਦੀ ਲੀਡਰਸ਼ਿਪ ਕਰਨ ਦਾ ਭਰਮ ਪਾਲ ਰਹੇ ਹਨ ਜੋ ਕਿ ਅਸਲ ਵਿਚ ਕੋਈ ਮੁਹਿੰਮ ਹੈ ਹੀ ਨਹੀਂ ਹੈ। ਉਨਾਂ ਨੇ ਅਲਟੀਮੇਟਮ ਦੇਕੇ ਝੁੱਠੀ ਵਾਹਵਾਹੀ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੇਤਾਵਾਂ ਤੋਂ ਪਾਰਟੀ ਆਗੂਆਂ ਨੂੰ ਅਗਾਹ ਕਰਦਿਆਂ ਕਿਹਾ ਕਿ ਇੰਨਾਂ ਦੀਆਂ ਪਾਰਟੀ ਦੀ ਸ਼ਾਖ ਨੂੰ ਵੱਟਾ ਲਗਾਉਣ ਵਾਲੀਆਂ ਕਾਰਵਾਈਆਂ ਤੇ ਪਾਰਟੀ ਹਾਈਕਮਾਂਡ ਨਿਗਾ ਰੱਖ ਰਹੀ ਹੈ ਅਤੇ ਅਜਿਹੇ ਨੇਤਾਵਾਂ ਦਾ ਸਾਥ ਘਾਟੇ ਦਾ ਸੌਦਾ ਹੀ ਸਾਬਤ ਹੋਵੇਗਾ। ਇਸ ਲਈ ਅਜਿਹੇ ਨੇਤਾਵਾਂ ਤੋਂ ਦੂਰ ਰਿਹਾ ਜਾਵੇ ਜੋ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹਨ ਅਤੇ ਜਿੰਨਾਂ ਨੂੰ ਇਸ ਸਮੇਂ ਪੰਜਾਬ ਦੇ ਅਸਲ ਮੁੱਦੇ, ਕੋਵਿਡ ਖਿਲਾਫ ਲੜੀ ਜਾ ਰਹੀ ਲੜਾਈ ਦੀ ਬਜਾਏ ਆਪਣੇ ਹਿੱਤ ਪਿਆਰੇ ਹੋਏ ਪਏ ਹਨ।
ਜਾਖੜ ਨੇ ਕਿਹਾ ਕਿ ਫਿਰ ਵੀ ਜੇਕਰ ਕਿਸੇ ਸੀਨਿਅਰ ਆਗੂ ਦੀ ਕੋਈ ਭਾਵਨਾ ਆਹਤ ਹੋਈ ਹੈ ਤਾਂ ਉਸਦਾ ਹੱਲ ਕਰਨ ਲਈ ਹਾਈਕਮਾਂਡ ਹੈ। ਉਨਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਸਾਰਾ ਮਸਲਾ ਧਿਆਨ ਵਿਚ ਹੈ ਅਤੇ ਇਸ ਮਸਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਉਨਾਂ ਨੇ ਕਿਹਾ ਕਿ ਇਸ ਵੇਲੇ ਕਿਸੇ ਗਲਤਫਹਿਮੀ ਵਿਚ ਆ ਕੇ ਕੋਵਿਡ ਤੋਂ ਧਿਆਨ ਨਾ ਹਟਾਇਆ ਜਾਵੇ ਕਿਉਂਕਿ ਸਾਡੀ ਜਵਾਬਦੇਹੀ ਲੋਕਾਂ ਪ੍ਰਤੀ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੀ ਇਸ ਵੇਲੇ ਵੱਡੀ ਜਰੂਰਤ ਕੋਵਿਡ ਨੂੰ ਰੋਕੇ ਜਾਣ ਦੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਆਗੂ ਆਪਣੇ ਕੋਵਿਡ ਰੋਕਥਾਮ ਲਈ ਸਰਕਾਰ ਵੱਲੋਂ ਦਿੱਤੇ ਪ੍ਰੋਗਰਾਮ ਤੇ ਫੋਕਸ ਕਰਨ ਅਤੇ 21 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਬਰਸੀ ਕੋਵਿਡ ਤੋਂ ਬਚਾਓ ਲਈ ਸੇਵਾ ਕਾਰਜ ਕਰਦੇ ਹੋਏ ਮਨਾਈ ਜਾਵੇ। ਉਨਾਂ ਨੇ ਆਗੂਆਂ ਨੂੰ ਕਿਹਾ ਕਿ ਉਹ ਪਾਰਟੀ ਵਿਚ ਵਿਸਵਾਸ਼ ਰੱਖਣ । ਪਾਰਟੀ ਹਾਈਕਮਾਂਡ ਜਲਦ ਹੀ ਇਸ ਮਸਲੇ ਦਾ ਹੱਲ ਕਰ ਦੇਵੇਗੀ।