*ਕਰੋੜਾਂ ਦੇ ਭ੍ਰਿਸ਼ਟਾਚਾਰ ਦਾ 13 ਨੁਕਤਿਆਂ ਵਾਲਾ ਕੇਸ ਵਿਜੀਲੈਂਸ ਬਿਊਰੋ ਨੂੰ ਸੌਂਪਿਆ
ਕਰੋੜਾਂ-ਕਰੋੜਾਂ ਰੁਪਏ ਦੇ ਕਥਿਤ ਖੁੱਲ੍ਹੇ ਭ੍ਰਿਸ਼ਟਾਚਾਰ ਨਾਲ ਸਬੰਧਤ 13 ਨੁਕਤਿਆਂ ਵਾਲਾ ਕੇਸ ADGP, ਪੰਜਾਬ ਵਿਜੀਲੈਂਸ ਬਿਊਰੋ, ਹੈੱਡਕਵਾਰਟਰ ਮੋਹਾਲੀ ਦੇ ਦਫ਼ਤਰ ਵਿੱਚ ਸੌਂਪ ਦਿੱਤਾ ਗਿਆ ਹੈ। ਇਹ ਸ਼ਿਕਾਇਤ 06 ਨਵੰਬਰ 2025 ਨੂੰ ਦੁਪਹਿਰ 1 ਵੱਜ ਕੇ 28 ਮਿੰਟ ਅਤੇ 33 ਸੈਕਿੰਟ’ਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਰਸੀਦ ਕੀਤੀ ਗਈ। ਸ਼ਿਕਾਇਤ ਦੇ ਸਬੂਤ ਵੀ ਸੰਭਾਲ ਕੇ ਰੱਖ ਲਏ ਗਏ ਹਨ।ਇਸ ਪੂਰੇ ਮਾਮਲੇ ਬਾਰੇ ਖੁਲਾਸਾ ਜਗਤਾਰ ਸੰਘੇੜਾ, ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਕੀਤਾ ਗਿਆ ਹੈ।
ਜਗਤਾਰ ਸੰਘੇੜਾ ਮੁਤਾਬਕ, ਜਦੋਂ ਇਹ ਕੇਸ ਰਜਿਸਟਰ ਹੋਵੇਗਾ ਤਾਂ ਹੋਰ ਬਹੁਤ ਸਾਰੇ ਚੱਲ ਰਹੇ ਭ੍ਰਿਸ਼ਟਾਚਾਰ ਮਾਮਲੇ ਇਸਦੇ ਬਹੁਤ ਛੋਟੇ ਨਜ਼ਰ ਆਉਣਗੇ। ਇਸ ਗੰਭੀਰ ਮਾਮਲੇ ਵਿੱਚ ਉੱਚ ਪੱਧਰੀ ਸਰਕਾਰੀ ਅਧਿਕਾਰੀਆਂ, ਵੱਡੇ ਸਿਆਸੀ ਚਿਹਰਿਆਂ, ਪ੍ਰਾਈਵੇਟ ਲਾਭਪਾਤਰੀਆਂ ਅਤੇ ਵਿਚੋਲਿਆਂ ਦੇ ਫਸਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਇਹ ਕੇਸ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਅਗੇਂਸਟ ਕਰਪਸ਼ਨ ਪਾਲਸੀ ਨੂੰ ਸਮਰਪਿਤ ਦੱਸਿਆ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲਈ ਸਰਕਾਰੀ ਅਹੁਦਾ ਹੋਣਾ ਲਾਜ਼ਮੀ ਨਹੀਂ। ਇਹ ਵੀ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਸਪਰੀਮੋ ਦਾ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਉਸ ਵੇਲੇ ਵੀ ਚੱਲ ਰਿਹਾ ਸੀ ਜਦੋਂ ਉਹ ਕਿਸੇ ਵੀ ਸਰਕਾਰੀ ਅਹੁਦੇ ’ਤੇ ਨਹੀਂ ਸਨ।
ਮਾਮਲੇ ਦੀਆਂ ਪੂਰੀਆਂ ਡਿਟੇਲਾਂ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਪਹਿਲਾਂ ਹੀ ਲਿਆਈਆਂ ਜਾ ਚੁੱਕੀਆਂ ਹਨ ।

