ਰੌਲ਼ਿਆਂ ਵੇਲ਼ੇ’ ਨਾਵਲ ਨੂੰ 2025 ਦਾ ਢਾਹਾਂ ਪੁਰਸਕਾਰ – ਪੰਜਾਬੀ ਸਾਹਿਤ ਦੀ ਵੱਡੀ ਉਪਲਬਧੀ
2025 ਦੇ ਪੰਜਾਬੀ ਸਾਹਿਤ ਲਈ ‘ਰੌਲ਼ਿਆਂ ਵੇਲ਼ੇ’ ਨਾਵਲ ਨੂੰ ਢਾਹਾਂ ਪੁਰਸਕਾਰ ਮਿਲਿਆ ਹੈ। ਇਹ ਨਾਵਲ ਪੰਜਾਬੀ ਸਾਹਿਤਕਾਰ ਬਲਬੀਰ ਪਰਵਾਨਾ ਵੱਲੋਂ ਲਿਖਿਆ ਗਿਆ ਹੈ। ਇਸ ਨਾਵਲ ਬਾਰੇ ਪੰਜਾਬੀ ਦੇ ਪ੍ਰਸਿੱਧ ਆਲੋਚਕ ਅਤੇ ਸਾਹਿਤਕਾਰ ਡਾ. ਸੁਰਿੰਦਰ ਕੁਮਾਰ ਦੇਵੇਸ਼ਵਰ ਵੱਲੋਂ ਇੱਕ ਲੇਖ ਵੀ ਲਿਖਿਆ ਗਿਆ ਸੀ। ਸਾਹਿਤਕਾਰ ਬਲਬੀਰ ਪਰਵਾਨਾ ਨੂੰ ‘ਰੌਲ਼ਿਆਂ ਵੇਲ਼ੇ’ ਨਾਵਲ ਲਈ ਪੁਰਸਕਾਰ ਮਿਲਣ ‘ਤੇ ਅੱਪਡੇਟ ਪੰਜਾਬ ਵਧਾਈ ਦਿੰਦਾ ਹੈ। ਤੁਸੀਂ ਡਾ. ਸੁਰਿੰਦਰ ਕੁਮਾਰ ਦੇਵੇਸ਼ਵਰ ਵੱਲੋਂ ਲਿਖਿਆ ਲੇਖ ਵੀ ਪੜ੍ਹ ਸਕਦੇ ਹੋ।
ਵੰਡ ਦੀ ਕਰੁਣਾਮਈ ਇਤਿਹਾਸਕ ਸੰਵੇਦਨਾ ਦਾ ਬਿਰਤਾਂਤ-ਰੌਲ਼ਿਆਂ ਵੇਲ਼ੇ
ਡਾ . ਸੁਰਿੰਦਰ ਕੁਮਾਰ ਦਵੇਸ਼ਵਰ
ਬਲਬੀਰ ਪਰਵਾਨਾ ਪੰਜਾਬੀ ਸਾਹਿਤ ਦਾ ਬਹੁਤ ਹੀ ਸੰਵੇਦਨਸ਼ੀਲ ਸਜਗ ਅਤੇ ਪੋ੍ਰਢ ਸ਼ਬਦ-ਸਿਰਜਕ ਹੈ। ਉਸ ਦੀ ਸਾਹਿਤ-ਚੇਤਨਾ ਸਮਾਜਕ-ਯਥਾਰਥ ਦੀਆਂ ਆਂਤਰਿਕ ਪਰਤਾਂ ਵਿਚਲੇ ਅੰਤਰ-ਸੰਬੰਧਾਂ ਅਤੇ ਅੰਤਰ-ਵਿਰੋਧਾਂ ਦੇ ਸਾਰ ਦੇ ਸੁਭਾਅ ਨੂੰ ਕਲਾਤਮਿਕ ਬਿੰਬਾਂ ਦੀ ਭਾਸ਼ਾ ਰਾਹੀਂ ਰੂਪਮਾਨ ਕਰਨ ਦੇ ਸਮਰਥ ਹੈ। ਉਸ ਦੀ ਰਚਨਾ-ਦਿ੍ਰਸ਼ਟੀ ਦਾ ਆਧਾਰ ਯਥਾਰਥ-ਬੋਧ ਦੀ ਵਿਗਿਆਨਕ ਵਿਧੀ ’ਤੇ ਟਿੱਕਿਆ ਹੈ ਇਸੇ ਲਈ ਉਸ ਦੀਆਂ ਰਚਨਾਵਾਂ ਵਿਸ਼ੇਸ਼ ਕਰਕੇ ਉਸ ਦੇ ਨਾਵਲਾਂ ਵਿਚ ਨਾ ਤਾਂ ਕੋਈ ਤਲਿਸਮੀ ਘਟਨਾਵਾਂ ਦਾ ਜਮਾਵੜਾ ਹੁੰਦਾ ਹੈ ਅਤੇ ਨਾ ਹੀ ਉਸ ਦੇ ਪਾਤਰ ਕੋਰੀ ਕਲਪਨਾ ਤੇ ਰੁਮਾਂਸ ਦਾ ਮੁਜੱਸਮਾ ਹੁੰਦੇ ਹਨ।ਨਾਵਲੀ ਬਿਰਤਾਂਤ ਦੇ ਗਤੀਮੂਲਕ ਪਸਾਰ ਪ੍ਰਾਪਤ ਵਸਤੂ-ਸਥਿਤੀ ਦੇ ਵਿਕਾਸ ਦੇ ਸੰਭਾਵੀ ਵਿਵੇਕ ਦੇ ਅਨੁਸਾਰੀ ਹੋਕੇ ਹੀ ਆਪਣੇ ਕਲਾਤਮਕ ਰੂਪ ਵਿਚ ਖੁਲ੍ਹਦੇ ਹਨ। ਇਸ ਵਿਚ ਰੁਮਾਨੀ ਤੇ ਇੱਛਤ ਯਥਾਰਥ ਵਰਗਾ ਕੁਝ ਨਹੀਂ ਵਾਪਰਦਾ। ਇਸੇ ਕਰਕੇ ਇਸ ਵਿਚ ਮੰਨਣਯੋਗਤਾ ਬਣੀ ਰਹਿੰਦੀ ਹੈ। ਉਸ ਦੀਆਂ ਰਚਨਾਵਾਂ ਵਿਚਲਾ ਅਰਥ ਸਥਿਤੀਆਂ ਅਤੇ ਪਾਤਰਾਂ ਦੀ ਅੰਤਰ-ਸੰਬੰਧਤਾ ਅਤੇ ਅੰਤਰ-ਸੰਬਾਦਤਾ ਦੀ ਪ੍ਰਕਿਰਿਆ ਰਾਹੀਂ ਉਦਘਾਟਤ ਹੁੰਦਾ ਹੈ। ਦੂਜਾ ਉਹ ਯਥਾਰਥ ਨੂੰ ਕਿਸੇ ਸਰਲ ਜਾਂ ਇਕਹਿਰੇ ਵਰਤਾਰੇ ਵਜੋਂ ਨਹੀਂ ਸਗੋਂ ਉਸ ਨੂੰ ਉਸ ਦੀ ਸਮੁੱਚਤਾ ਜਟਿਲਤਾ ਅਤੇ ਗਤੀਸ਼ੀਲਤਾ ਵਿਚ ਗ੍ਰਹਿਣ ਕਰਦਾ ਹੈ। ਉਸ ਦੇ ਨਾਵਲਾਂ ਵਿਚ ਸਥਿਤੀ ਦਾ ਸੱਚ ਉਸ ਦੇ ਗਲਪੀ-ਵਿਵੇਕ ਸਮੇਤ ਪ੍ਰਤਿਬਿੰਬਤ ਹੁੰਦਾ ਹੈ। ਉਸ ਦੀ ਵੱਡੀ ਵਿਸ਼ੇਸ਼ਤਾ ਅਤੇ ਪ੍ਰਾਪਤੀ ਇਸ ਗੱਲ ਵਿਚ ਹੈ ਕਿ ਉਹ ਵਿਸ਼ੇਸ਼ ਖਿੱਤੇ ਵਿਸ਼ੇਸ਼ ਵਰਤਾਰੇ ਅਤੇ ਵਿਸ਼ੇਸ਼ ਜਨ-ਮਾਨਸ ਦੇ ਮਾਇਕਰੋ ਯਥਾਰਥ (micro-reality) ਦੇ ਸਿਰਜਣ ਰਾਹੀਂ ਵਿਆਪਕ ਯਥਾਰਥ (macro-reality) ਦੇ ਪ੍ਰਤਿਨਿਧ ਚਰਿਤ੍ਰ ਦਾ ਆਭਾਸ ਕਰਵਾਉਂਦਾ ਹੈ ਜਿਹੜਾ ਸਮੁੱਚੇ ਸਮਾਜਿਕ ਯਥਾਰਥ ਦੇ ਪ੍ਰਤਿਨਿਧ ਪੱਖਾਂ ਰੂਪਾਂ ਅਤੇ ਅੰਤਰ-ਵਿਰੋਧਾਂ ਦਾ ਲਘੂ-ਚਿੱਤਰ (miniature) ਪ੍ਰਸਤੁਤਕਰਨ ਵਿਚ ਸਫ਼ਲ ਹੁੰਦਾ ਹੈ।
ਰੌਲ਼ਿਆਂ ਵੇਲੇ (2024) ਨਾਵਲ ਬਲਬੀਰ ਪਰਵਾਨਾ ਦਾ ਸੋਲਵਾਂ ਨਾਵਲ ਹੈ। ਇਸ ਨਾਵਲ ਦੇ ਕੇਂਦਰ ਵਿਚ ਪੰਜਾਬ ਵੰਡ ਦੀ ਮਹਾਂਤ੍ਰਾਸਦੀ ਦੀ ਕਰੁਣਾਮਈ ਵਿਥਿਆ ਹੈ। ਭਾਰਤ ਦੇ ਇਤਿਹਾਸ ਦਾ ਇਹ ਇਕ ਅਤਿ ਅਮਾਨਵੀ ਅਤਿ ਦਰਦਨਾਕ ਅਤੇ ਅਤਿ ਭਿਆਨਕ ਕਾਲ-ਖੰਡ ਹੈ। ਇਸ ਵਿਚ ਦਸ ਤੋਂ ਵੀਹ ਲੱਖ ਦੇ ਵਿਚਕਾਰ ਲੋਕਾਂ ਦਾ ਨਰ ਸੰਹਾਰ ਹੋਇਆ। ਲੱਗਭਗ ਡੇਢ ਕਰੋੜ ਲੋਕਾਂ ਨੂੰ ਪਲਾਇਨ ਕਰਨਾ ਪਿਆ। 75000 ਤੋਂ ਉੁਪਰ ਔਰਤਾਂ ਦਾ ਬਲਾਤਕਾਰ ਹੋਇਆ ਅਤੇ ਵੱਡੀ ਪੱਧਰ ’ਤੇ ਨੋਜਵਾਨ ਔਰਤਾਂ ਅਤੇ ਲੜਕੀਆਂ ਦਾ ਅਪਹਰਣ ਹੋਇਆਂ। ਇਸ ਦੌਰਾਨ ਜਿਹੜੇ ਲੋਕ ਬਚ-ਬਚਾਕੇ ਆਏ ਅਤੇ ਜਿਨ੍ਹਾਂ ਨੇ ਇਹ ਸਾਰਾ ਕਾਂਡ ਆਪਣੇ ਅੱਖੀਂ ਵੇਖਿਆਂ ਤੇ ਖ਼ੁਦ ਹੰਢਾਇਆਂ ਉਨ੍ਹਾਂ ਅੰਦਰ ਇਸ ਮਹਾਂਤ੍ਰਾਸਦੀ ਦੀਆਂ ਦਿਲਾਂ ਨੂੰ ਝੰਝੋੜਣ ਵਾਲੀਆਂ ਸਿਮਿ੍ਰਤੀਆਂ ਅਜੇ ਵੀ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਉਨ੍ਹਾਂ ਲਈ ਇਹ ਸਿਰਫ਼ ਥਾਂ ਦਾ ਹੀ ਉਜਾੜਾਂ ਨਹੀਂ ਸੀ ਸਗੋਂ ਉਨ੍ਹਾਂ ਦੀ ਵਿਰਾਸਤ ਇਨ੍ਹਾਂ ਥਾਵਾਂ ਨਾਲ ਜੁੜੀਆਂ ਭਾਵਨਾਵਾਂ ਅਤੇ ਆਪਣੇ ਸੰਜੋਏ ਸੁਪਨਿਆਂ ਦਾ ਵੀ ਉਜਾੜਾ ਸੀ। ਆਪਣਿਆਂ ਨੂੰ ਖੋਣ ਅਤੇ ਆਪਣੀ ਜਨਮ-ਭੋਇ ਨੂੰ ਛੱਡਣ ਦੀ ਤ੍ਰਾਸਦਿਕ ਵੇਦਨਾ ਨੂੰ ਆਪਣੇ ਅੰਦਰ ਸਮੋਈਂ ਇਹ ਲੋਕ ਨਵੀਆਂ ਅਲਾਟ ਹੋਈਆਂ ਥਾਵਾਂ ’ਤੇ ਮੁੜ-ਸੰਘਰਸ਼ ਕਰਕੇ ਆਪਣੇ ਆਪ ਨੂੰ ਮੁੜ-ਜਿਉਂਦਿਆਂ ’ਚ ਸੁਮਾਰ ਕਰਦੇ ਹਨ। ਵੇਦਨਾ ਵਿਸਥਾਪਨ ਤੇ ਸੰਘਰਸ਼ ਦੀ ਇਹ ਕਰੁਣਾਮਈ ਧੁਨੀ ਹੀ ਇਸ ਨਾਵਲ ਦੇ ਸਮੁੱਚੇ ਬਿਰਤਾਂਤ ਦੇ ਆਰ-ਪਾਰ ਫੈਲੀ ਹੈ।
ਇਤਿਹਾਸ ਵਿਚ ਅਜਿਹੀਆਂ ਕਈ ਉਦਾਹਰਣਾਂ ਹਨ ਜਦੋਂ ਇਸ ਤੋਂ ਵੀ ਵੱਧ ਹਿੰਸਾ ਕੀਤੀ ਗਈ ਪਰੰਤੂ ਇਹ ਸੱਚ ਹੈ ਕਿ ਆਬਾਦੀ ਦਾ ਇਨ੍ਹਾਂ ਵੱਡਾ ਵਿਸਥਾਪਨ ਤੇ ਵਟਾਂਦਰਾ ਕਦੇ ਨਹੀਂ ਹੋਇਆ। ਵੀਹਵੀਂ ਸਦੀ ਦੇ ਵਿਸ਼ਵ ਇਤਿਹਾਸ ਵਿਚ ਬੁਲਗਾਰੀਆ ਤੇ ਯੂਨਨ ਵਿਚ 1919 ਈ.ਦੇ ‘ਨੌਵੀਲੀ ਸਮਝੋਤੇ’ ਅਧੀਨ ਅਤੇ ਯੂਨਾਨ ਤੇ ਤੁਰਕੀ ਵਿਚਕਾਰ 1923 ਈ. ਦੇ ‘ਲਾਉਸਾਾਨ ਸਮਝੋਤੇ’ ਅਧੀਨ ਜਿਹੜੇ ਲੋਕ ਘਰੋਂ-ਬੇਘਰ ਹੋਏ ਉਨ੍ਹਾਂ ਦੀ ਗਿਣਤੀ ਵੀਹ ਲੱਖ ਤੋਂ ਵੱਧ ਨਹੀਂ ਸੀ। 1945 ਈ. ਵਿਚ ਜਰਮਨੀ ਨੂੰ ਪੂਰਬੀ ਅਤੇ ਪੱਛਮੀ ਜਰਮਨੀ ਵਿਚ ਵੰਡਿਆ ਗਿਆ ਪਰੰਤੂ 1960 ਈ.ਦੇ ਮੁੱਢਲੇ ਦਹਾਕੇ ਵਿਚ ‘ਬਰਲਿੰਨ ਦੀ ਦੀਵਾਰ’ ਨੂੰ ਢਾਹਿਆ ਗਿਆ ਅਤੇ 1989 ਈ. ਵਿਚ ਦੇਸ ਦੁਆਰਾ ਤੋਂ ਇਕ ਹੋ ਗਿਆ। 1947-49 ਵਿਚ ਫ਼ਿਲਿਸਤੀਨ ਦੇ ਵਿਭਾਜਨ ਦੌਰਾਨ ਅਰਬ-ਇਜ਼ਰਾਇਲ ਯੁੱਧ ਵਿਚ ਲੱਗਭਗ 30000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ। ਹਿਟਲਰ ਦੀ ਨਾਜ਼ੀ ਸੈਨਾ ਨੇ ਪੂਰੇ ਯੂਰਪ ਵਿਚ ਬੇਗੁਨਾਹ ਯੂਰਪੀਆਂ ਉਤੇ ਅਮਾਨਵੀ ਅਤਿਆਚਾਰ ਕਰਕੇ ਉਨ੍ਹਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ਕੀਤੀ। ਇਸ ਵਿਚ ਯਹੂਦੀਆਂ ਦਾ ਬਹੁਤ ਹੀ ਬੇਰਹਿਮੀ ਨਾਲ ਨਰ-ਸੰਹਾਰ (genocide) ਕੀਤਾ ਗਿਆ ਜਿਸ ਵਿਚ ਸੱਠ ਲੱਖ ਤੋਂ ਵੱਧ ਯਹੂਦੀਆਂ ਦੀ ਮੌਤ ਹੋਈ।
ਪੰਜਾਬ ਵੰਡ ਦਾ ਇਕ ਸੱਚ ਇਹ ਵੀ ਹੈ ਕਿ ਇਨੀ ਵੱਡੀ ਹਿਜਰਤ ਲਈ ਕੋਈ ਵੀ ਤਿਆਰ ਨਹੀਂ ਸੀ। ਇਹ ਇਕ ਅਣਕਿਆਸਿਆ ਅਣਚਾਹਿਆਂ ਤੇ ਅਸਾਧਾਰਨ ਕਿਸਮ ਦਾ ਉਜਾੜਾ ਅਤੇ ਆਪਸੀ ਨਰ-ਸੰਹਾਰ ਸੀ ਜਿਸ ਦੀਆਂ ਜੜ੍ਹਾਂ ਅੰਗਰੇਜ਼ਾਂ ਦੇ ਉਸ ਕਾਨੂੰਨ ਵਿਚ ਸਨ ਜਿਸ ਅਨੁਸਾਰ ਬਹੁ-ਗਿਣਤੀ ਮੁਸਲਮਾਨ ਇਲਾਕਿਆਂ ਲਈ ਉਨ੍ਹਾਂ ਲਈ ਵੱਖਰੇ ਚੋਣ ਪ੍ਰਤਿਨਿਧਤਵ ਦਾ ਵਿਧਾਨ ਰਚਿਆ ਗਿਆ। ਇਹੀ ਕਾਨੂੰਨ ਬਾਅਦ ਵਿਚ ਧਾਰਮਿਕ ਪਛਾਣ (religious identity) ’ਤੇ ਦੋ ਵੱਖਰੀਆਂ ਕੌਮਾਂ (two nation theory) ਦੇ ਸਿਧਾਂਤ ਦੀ ਤਰਕ ਉਸਾਰੀ ਦਾ ਆਧਾਰ ਬਣਿਆ। ਸਥਿਤੀ ਦਾ ਵਿਅੰਗ ਹੈ ਕਿ ਜਿਨਹਾ ਜਿਹੇ ਮੁਸਲਿਮ ਨੇਤਾ ਜਿਹੜੇ ਪਹਿਲਾਂ ਧਰਮ-ਨਿਰਪੱਖਤਾ ਦੇ ਸਭ ਤੋਂ ਵੱਡੇ ਮੁੱਦਈ ਸਨ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਜਿਨਹਾ ਨੇ ਮੁਸਲਿਮ ਲੀਗ ਅਤੇ ਕਾਂਗਰਸ ਪਾਰਟੀ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਉਸ ਨੇ ਕਿਹਾ ‘‘ਮੈਂ ਆਪਣੇ ਮੁਸਲਮਾਨ ਦੋਸਤਾਂ ਨੂੰ ਕਹਿੰਦਾ ਹਾਂ ਕਿ ਡਰੋ ਮੱਤ ਅਤੇ ਉਸ ਨੇ ਹਿੰਦੂ ਪ੍ਰਧਾਨਤਾ (domination) ਜਿਹੇ ਵਿਚਾਰ ਨੂੰ ਇਕ ਦਲਦਲ ਕਿਹਾ ਜਿਹੜੀ ਦੁਸ਼ਮਣਾਂ ਦੁਆਰਾ ਤੁਹਾਨੂੰ ਡਰਾਉਣ ਅਤੇ ਆਪਸੀ ਸਾਂਝ ਤੇ ਏਕਤਾ ਨੂੰ ਦਾਗਦਾਗ ਕਰਨ ਲਈ ਘੜੀ ਗਈ ਹੈ।’’ 1916 ਈ. ਵਿਚ ‘ਲਖਨਊ ਪੈੱਕਟ’ ਸਮੇਂ ਉਸ ਨੂੰ ਹਿੰਦੂ-ਮੁਸਲਿਮ ਏਕਤਾ ਦਾ ‘ਅਮਬੈਸਡਰ’ (1mbasder) ਕਿਹਾ ਗਿਆ। ਪਰੰਤੂ ਹਿੰਦੂ-ਮੁਸਲਿਮ ਏਕਤਾ ਦਾ ਨਾਹਰਾ ਬੁਲੰੰਦ ਕਰਨ ਵਾਲਾ ਇਹੀ ਨੇਤਾ 1940 ਤੋਂ ਬਾਅਦ ਇਹ ਕਹਿਣ ਲੱਗਾ ਕਿ ‘‘ਹਿੰਦੂ ਤੇ ਮੁਸਲਮਾਨ ਦੋ ਅਲੱਗ-ਅਲੱਗ ਰਾਸ਼ਟਰ ਹਨ ਅਤੇ ਇਹ ਇਕ ਸਮੁਦਾਇ ਦੇ ਰੂਪ ਵਿਚ ਇਕੱਠੇ ਨਹੀਂ ਰਹੇ ਸਕਦੇ।’’ ਕਮਾਲ ਦੀ ਗੱਲ ਇਹ ਹੈ ਕਿ ਇਹ ਨੇਤਾ ਜਦੋਂ ਅਗਸਤ 1947 ਵਿਚ ਪਾਕਿਸਤਾਨ ਦੀ ਅਸੈਂਬਲੀ ਵਿਚ ਆਪਣਾ ਪਹਿਲਾ ਭਾਸ਼ਣ ਦਿੰਦਾ ਹੈ ਤਾਂ ਕਹਿੰਦਾ ਹੈ ‘‘ਤੁਹਾਡਾ ਕੋਈ ਵੀ ਧਰਮ ਜਾਤ ਜਾਂ ਸੰਪਰਦਾਇ ਹੋ ਸਕਦਾ ਹੈ ਪਰੰਤੂ ਰਾਜ ਦੇ ਮਾਮਲਿਆਂ ਵਿਚ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ।’’
ਵੰਡ ਦਾ ਇਕ ਵਿਅੰਗਾਤਮਕ ਯਥਾਰਥ ਇਹ ਵੀ ਹੈ ਕਿ ਧਾਰਮਿਕਤਾ ਦਾ ਜਨੂੰਨ ਇਸ ਹੱਦ ਤੱਕ ਸਾਡੇ ਲੋਕਾਂ ਦੇ ਸਿਰਾਂ ’ਤੇ ਸਵਾਰ ਹੋ ਗਿਆ ਕਿ ਭਾਰਤੀ ਫ਼ੌਜ ਤੇ ਪੁਲਿਸ ਤਕ ਸੰਪਰਦਾਇਕਤਾ ਦੇ ਰੰਗ ਵਿਚ ਰੰਗ ਗਈ। ਉਨ੍ਹਾਂ ਵਲੋਂ ਸਾਰੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੀ ਥਾਂ ਆਪਣੇ ਆਪਣੇ ਸਮੁਦਾਇ ਦੀ ਸੁਰੱਖਿਆ ਅਤੇ ਵਿਰੋਧੀਆਂ ਦੀ ਲੁੱਟਮਾਰਾਂ ਅਤੇ ਔਰਤਾਂ ਦੇ ਅਪਹਰਣ ਅਤੇ ਹੱਤਿਆਵਾਂ ਆਦਿ ਦੀਆਂ ਵਾਰਦਾਤਾਂ ਦੌਰਾਨ ਜਾਂ ਤਾਂ ਉਹ ਮੂਕ ਦਰਸ਼ਕ ਬਣ ਗਏ ਜਾਂ ਉਨ੍ਹਾਂ ਵਿਚੋਂ ਕੁਝ ਇਨ੍ਹਾਂ ਵਿਚ ਸ਼ਾਮਲ ਵੀ ਹੋ ਗਏ। ਸਥਿਤੀ ਦਾ ਵਿਅੰਗ ਇਹ ਹੈ ਕਿ ਅਜਿਹੇ ਮੌਕੇ ਮਾਊਂਟ ਬੈਂਟਨ ਨੇ ਆਪਣੀ ਅੰਗਰੇਜ਼ੀ ਫ਼ੌਜ ਨੂੰ ਆਪਣੀਆਂ ਬੈਰਕਾਂ ਵਿਚ ਰਹਿਣ ਅਦੇ ਸਿਰਫ਼ ਅੰਗਰੇਜ਼ ਪਰਿਵਾਰਾਂ ਦੀ ਸੁਰੱਖਿਆ ਬਣਾਉਣ ਦਾ ਹੁਕਮ ਦਿੱਤਾ। ਭਾਰਤ ਨੂੰ ਸੰਪਰਦਾਇਕਤਾ ਅਤੇ ਵੰਡ ਦੀ ਅੱਗ ਵਿਚ ਝੋਕਣ ਵਾਲਾ ਅੰਗਰੇਜ਼ ਵਾਇਸਰਾਇ ਮਾਊਂਟ ਬੈਂਟਨ ਨੇ (6reedom at Midnight) ਪੁਸਤਕ ਦੇ ਕਰਤਾ ਨਾਲ ਆਪਣੀ ਇਕ ਮੁਲਾਕਾਤ ਵਿਚ ਬੜੇ ਮਾਣ ਨਾਲ ਦਸਿਆ ਹੈ ਕਿ ‘‘ਮੈਂ ਅੰਗਰੇਜ਼ ਫ਼ੌਜ ਦਾ ਇਕ ਖ਼ੂਨ ਦਾ ਤੁਪਕਾ ਗਿਰੇ ਬਗ਼ੈਰ ਉਨ੍ਹਾਂ ਨੂੰ ਭਾਰਤ ਵਿਚੋਂ ਇਥੇ ਕੱਢ ਲਿਆਇਆ।’’
ਇਤਿਹਾਸ ਅਤੇ ਇਤਿਹਾਸਕ ਨਾਵਲ ਵਿਚ ਮੁੱਢਲਾ ਅੰਤਰ ਇਹ ਹੈ ਕਿ ਜਿਥੇ ਇਤਿਹਾਸ ਅਤੀਤ ਦੇ ਵਿਸ਼ੇਸ਼ ਕਾਲ-ਖੰਡ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਤੱਥਾਂ ਦੀ ਪ੍ਰਮਾਣਿਕ ਭਾਸ਼ਾ ਰਾਹੀਂ ਪਕੜਦਾ ਕ੍ਰਮ-ਅਨੁਸਾਰ ਵਿਉਂਤਦਾ ਅਤੇ ਇਨ੍ਹਾਂ ਦੀ ਤੱਥ-ਮੂਲਕ ਵਿਆਖਿਆਂ ਕਰਦਾ ਹੈ ਉਥੇ ਇਤਿਹਾਸਕ ਨਾਵਲ ਅਤੀਤ ਦੇ ਉਸ ਵਿਸ਼ੇਸ਼ ਕਾਲ-ਖੰਡ ਵਿਚਲੇ ਲੋਕਾਂ ਦੇ ਚੇਤਨ-ਅਵਚੇਤਨ ਅਤੇ ਸੰਵੇਦਨ ਨੂੰ ਖੁਰੇਦਦਾ ਹੋਇਆ ਉਨ੍ਹਾਂ ਵਿਚਲੇ ਪਰਸਪਰ ਸੰਬੰਧਾਂ ਅੰਤਰ-ਵਿਰੋਧਾਂ ਅਤੇ ਜੀਵਨ ਜਾਂਚ ਨੂੰ ਪ੍ਰਸੰਗਾਂ ਪਾਤਰਾਂ ਅਤੇ ਅਰਥਾਂ ਦੇ ਜੀਵੰਤ ਕਲਾਤਮਕ ਬਿੰਬਾਂ ਰਾਹੀਂ ਪੁਨਰ-ਸਾਕਾਰ ਕਰਦਾ ਹੈ। ਇਤਿਹਾਸ ਵਿਚ ਪਏ ਖੱਪਿਆਂ ਨੂੰ ਆਪਣੀ ਕਲਪਨਾ ਸੂਝ-ਚੇਤਨਾ ਅਤੇ ਸੰਵੇਦਨਾ ਰਾਹੀਂ ਪੂਰਦਾ ਹੈ। ਇਤਿਹਾਸਕ ਨਾਵਲ ਵਿਚ ਇਤਿਹਾਸ ਦੀ ਆਤਮਾ ਪਾਤਰਾਂ ਘਟਨਾਵਾਂ ਅਤੇ ਪਰਿਵੇਸ਼ ਵਿਚੋਂ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ। ਇਉਂ ਇਸ ਵਿਚ ਇਤਿਹਾਸ ਪੁਨਰ-ਜੀਵੰਤ ਹੋਇਆ ਮਹਿਸੂਸ ਹੁੰਦਾ ਹੈ ਜਿਹੜਾ ਆਪਣੇ ਇਤਿਹਾਸਕ ਅਨੁਭਵ ਰਾਹੀਂ ਸਮਕਾਲੀ ਜੀਵਨ ਦੀ ਤੋਰ ਤਰੀਕਿਆਂ ਅਤੇ ਸੋਚ ਦੇ ਸੰਭਾਵੀ ਸਿੱਟਿਆਂ ਦੀ ਸੂਝ ਚੇਤਨਾ ਨੂੰ ਜਗਾਉਂਦਾ ਹੈ।
ਰੋਲ਼ਿਆਂ ਵੇਲੇਇਕ ਇਤਿਹਾਸਕ ਨਾਵਲ ਹੈ।ਇਹ ਨਾਵਲ ਪ੍ਰਭਾਵਤ ਲੋਕਾਂ ਦੀਆਂ ਸਿਮਿ੍ਰਤੀਆਂ ਰਾਹੀਂ ਇਸ ਭਿਆਨਕ ਤ੍ਰਾਸਦੀ ਦੀਆਂ ਜੜ੍ਹਾਂ ਦੀਆਂ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਪ੍ਰਤੀਤ ਹੁੰਦਾ ਹੈ। ਇਹ ਲੋਕਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਵਿਸਥਾਪਨ ਅਤੇ ਆਪਣਿਆਂ ਦੇ ਵਿੱਛੜ ਗਿਆ ਦੀ ਵੇਦਨਾ ਨੂੰ ਹੀ ਨਹੀਂ ਝੱਲਿਆ ਸਗੋਂ ਆਪਣੀਆਂ ਬਹੂ-ਬੇਟੀਆਂ ਦੀ ਆਬਰੂ ਉਧਾਲੇ ਅਤੇ ਉਨ੍ਹਾਂ ਦੇ ਕਤਲ ਤੱਕ ਦੀ ਦਰਿੰਦਗੀ ਨੂੰ ਆਪਣੀਆਂ ਅੱਖਾਂ ਸਾਹਮਣੇ ਵਾਪਰਦਿਆਂ ਦੇਖਿਆ ਹੈ ਉਨ੍ਹਾਂ ਦੀ ਇੰਤਹਾਈ ਕਾਰੁਣਾ ਅਤੇ ਕੁਰਲਾਪ ਦਾ ਇਹ ਸੋਗੀ ਅਤ/ ਕਾਲਾ ਪੰਨਾ ਹੈ। ਸੰਪਰਦਾਇਕ ਸਿਆਸਤ ਦੀ ਇਹ ਅਜਿਹੀ ਘਿਣੌਨੀ ਕਰਤੂਤ ਹੈ ਜਿਸ ਨੇ ਸਾਂਝੀ ਰਹਿਤਲ ਦੇ ਟੁੱਕੜੇ ਟੁੱਕੜੇ ਕੀਤੇ। ਇਸ ਵਿਕਰਾਲ ਤ੍ਰਾਸਦੀ ਵਿਚੋਂ ਬੱਚ ਕੇ ਆਏ ਲੋਕਾਂ ਦੀ ਇਹ ਹੱਡ-ਬੀਤੀ ਗਾਥਾ ਹੈ। ਇਹ ਲੋਕ ਹੀ ਉਸ ਸੱਚ ਦੇ ਜਿਉਦੇ-ਜਾਗਦੇ ਆਰਕਾਈਵ ਹਨ ਜਿਨ੍ਹਾਂ ਦੇ ਮੌਖਿਕ ਵਿਖਿਆਨ ਨੇ ਇਸ ਨਾਵਲ ਵਿਚਲੀ ਵਸਤ ਨੂੰ ਪ੍ਰਮਾਣਿਕਤਾ ਬਖਸ਼ੀ ਹੈ। ਇਉਂ ਇਸ ਨਾਵਲ ਦਾ ਜਿਥੇ ਸੁਹਜਾਤਮਕ ਮੁਲ ਹੈ ਉਥੇ ਇਹ ਆਪਣੀ ਪ੍ਰਮਾਣਿਕਤਾ ਵਜੋਂ ਇਤਿਹਾਸਕ ਸਮਾਜਿਕ ਤੇ ਸਭਿਆਚਾਰਕ ਮੁੱਲ ਵੀ ਰੱਖਦਾ ਹੈ।
ਇਸ ਨਾਵਲ ਦੇ ਆਰੰਭ ਵਿਚ ਲੇਖਕ ਵਜੋਂ ਬਾਬਾ ਮਹਿੰਦਰ ਸਿੰਘ ਦੀ ਇਕ ਕਵਿਤਾ ਦਰਜ ਕੀਤੀ ਗਈ ਹੈ। ਉਹ ਅਨਪੜ੍ਹ ਹੈ। ਚੱਕ ਨੰਬਰ 176 ਜਿਲ੍ਹਾ ਸ਼ਾਹੀਵਾਲ ਤੋਂ ਇੱਧਰ ਮਾਨਸਾ ਜਿਲ੍ਹੇ ਦੇ ਇਕ ਪਿੰਡ ਵਿਚ ਆ ਵਸਿਆ। ਭੁਗਤੀ ਹੋਣੀ ਦੀ ਪੀੜ ਦਾ ਇਹ ਇਕ ਜੀਵੰਤ-ਕਾਵਿ ਬਿੰਬ ਹੈ:
ਪੰਦਰਾ ਤਰੀਕ ਸੀ ਐਲਾਨ ਆਜ਼ਾਦੀ ਦਾ
ਮਿਲਿਆ ਸੁਲਹਾ ਜੱਗ ਦੀ ਬਰਬਾਦੀ ਦਾ।
ਜੱਗ ਉੱਤੇ ਮਚਿਆ ਸੀ ਘੱਲੂਘਾਰਾ ਜੀ
ਸੜਕਾਂ ’ਤੇ ਰੋਂਦੇ ਲੋਕੀਂ ਧਾਹੀਂ ਮਾਰ ਜੀ।
ਅੱਗੇ ਪਿੱਛੇ ਜਿਹੜੇ ਸਰਦਾਰ ਕਹੌਂਦੇ ਸੀ
ਸਿਰੋਂ ਪੈਰੋਂ ਉਹ ਵੀ ਨੰਗੇ ਤੁਰੇ ਆਉਂਦੇ ਸੀ।
ਲੁੱਟ ਲਏ ਸੀ ਉਹਨਾਂ ਵਾਲੇ ਘਰਬਾਰ ਜੀ
ਸੜਕਾਂ ’ਤੇ ਰੋਂਦੇ ਲੋਕੀਂ ਧਾਹੀ ਮਾਰ ਜੀ।
ਰੌਲ਼ਿਆਂ ਵੇਲੇਨਾਵਲ ਵਾਸਤਵ ਵਿਚ ਵੰਡ ਦੇ ਸਮੇਂ ਸੜਕਾਂ ’ਤੇ ਧਾਹਾਂ ਮਾਰਦੇ ਲੋਕਾਂ ਦੀ ਵੇਦਨਾਮਈ ਵਿਥਿਆ ਹੈ। ਇਹੀ ਇਸ ਨਾਵਲ ਦਾ ਮੁੱਖ-ਥੀਮ ਹੈ:
ਸੰਤਾਲੀ ਬੀਤੀ ਸਦੀ ਦੀ ਮਹਾਂ-ਤ੍ਰਾਸਦੀ ਹੈ: ਨਾ ਕੇਵਲ ਪੰਜਾਬ ਲਈ ਜਿਸ ਨੇ ਇਹ ‘ਵੱਢ-ਟੁੱਕ’ ਆਪਣੇ ਪਿੰਡੇ ’ਤੇ ਭੁਗਤੀ; ਸਗੋਂ ਭਾਰਤ ਦੇ ਦੁਨੀਆ ਭਰ ਦੇ ਇਤਿਹਾਸ ਵਿਚ ਵੀ। ਅਮਨ-ਅਮਾਨ ਵਸਦੇ ਖਿੱਤੇ ਦੇ ਲੋਕਾਂ ’ਤੇ ਸੱਤਾ ਤੇ ਰਾਜਨੀਤੀ ਦੀ ਬਿੱਜ ਅਚਨਚੇਤ ਆਣ ਪਈ ਤੇ ਉਜਾੜਾ ਸ਼ੁਰੂ ਹੋ ਗਿਆ। ਇੱਕ ਕਰੋੜ ਤੋਂ ਵੱਧ ਪੰਜਾਬੀਆਂ ਨੂੰ ਭਰੇ-ਭਰਾਏ ਘਰ ਛੱਡ ਕੇ ਗਲ਼ ਦੇ ਕੱਪੜਿਆਂ ਨਾਲ ਅੱਧ-ਪਚੱਧੇ ਜੀਅ ਮਰਵਾ ਕੇ ਇੱਧਰੋਂ-ਉੱਧਰ ਉੁੱਧਰੋਂ-ਇੱਧਰ ਆਉਣਾ-ਜਾਣਾ ਪਿਆ। ਦਸ ਲੱਖ ਤੋਂ ਵੱਧ ਮਾਰੇ ਗਏ ਇੱਕ ਲੱਖ ਦੇ ਲੱਗਭਗ ਨੌਜੁਆਨ ਔਰਤਾਂ/ਕੁੜੀਆਂ ਦੇ ਉਧਾਲੇ ਹੋਏ ਸਮੂਹਕ ਬਲਾਤਕਾਰਾਂ ਦੀਆਂ ਸ਼ਿਕਾਰ; ਲੱਖਾਂ ਬੱਚੇ ਯਤੀਮ। ਇਹ ਦੁਖਾਂਤ ਰਾਜਨੀਤੀ ਦੀਆਂ ਬੇਲਗਾਮ ਖਾਹਸ਼ਾਂ ਦਾ ਵੀ ਕਰੂਰ ਰੂਪ ਹੋ ਨਿੱਬੜਿਆ; ਕੁਰਸੀ ਤੱਕ ਪਹੁੰਚਣ ਲਈ ਉਸ ਨੂੰ ਲਾਸ਼ਾਂ ਦੇ ਢੇਰਾ ਤੋਂ ਵੀ ਲੰਘਣਾ ਪਵੇ ਉਸ ਨੂੰ ਕੋਈ ਹਿਚਕ ਨਹੀਂ ਆਉਂਦੀ।
ਵਸੋਂ ਦਾ ਇਹ ਤਬਾਦਲਾ ਰਾਜਸੀ ਆਗੂਆਂ ਦੇ ਜ਼ਿਹਨ ’ਚ ਸਪੱਸ਼ਟ ਸੀ; ਤੇ ਇਹ ਵੀ ਕਿ ਬਹੁਤੀ ਕਤਲੋਗਾਰਤ ਆਜ਼ਾਦੀ ਦੇ ਐਲਾਨ ਤੋਂ ਬਾਅਦ ਹੋਈ ਜਦੋਂ ਦੋਹੀਂ ਪਾਸੀਂ ਆਜ਼ਾਦ ਹਕੂਮਤਾਂ ਹੋਂਦ ’ਚ ਆ ਚੁੱਕੀਆਂ ਸਨ। ਉਹਨਾਂ ਕਤਲੋਗਾਰਤ ਲੁੱਟਮਾਰ ਉਜਾੜੇ ਨੂੰ ਰੋਕਣ ਲਈ ਕੋਈ ਕਾਰਗਰ ਕਦਮ ਤਾਂ ਕੀ ਚੁੱਕਣੇ ਉਲਟਾ ਆਪਣੇ ਹਮਮਜ਼ਬੀ ਜਨੂੰਨੀਆਂ ਦੀ ਇਖਲਾਕੀ ਤੇ ਰਾਜਸੀ ਮਦਦ ਕਰ ਸਥਿਤੀ ਨੂੰ ਹੋਰ ਵੀ ਭਿਅੰਕਰ ਬਣਨ ਦਿੱਤਾ। ਇਸ ਦੁਖਾਂਤ ਦਾ ਇਹ ਵੀ ਦੁਖਾਂਤ ਹੈ ਕਿ ਰਾਜਨੀਤੀ ਨੇ ਹੀ ਜਨੂੰਨ ਭੜਕਾਇਆ ਆਪ ਹੀ ਸਾਰੀ ਸਾਜਿਸ਼ ਘੜੀ; ਪਰ ਸਮੁੱਚੀ ਕਤਲੋਗਾਰਤ ਲੁੱਟ ਉਜਾੜੇ ਨੂੰ ਧਰਮਾਂ ਦੇ ਖਾਤੇ ’ਚ ਪਾ ਕੇ ਆਪ ਪਾਕ-ਪਵਿੱਤਰ ਵੀ ਬਣੀ ਰਹਿ ਗਈ ਤੇ ਕੁਰਬਾਨੀ ਦੀ ਪੁੰਜ ਬਣ ਗੱਦੀਆਂ ਦਾ ਨਿੱਘ ਮਾਨਣ ਲੱਗੀ। ਸਮਾਂ ਇਹਨਾਂ ਬਹੁਤ ਸਾਰੀਆਂ ਸਾਜਿਸ਼ਾਂ ਤੋਂ ਪਰਦਾ ਚੁੱਕ ਰਿਹਾ ਹੈ; ਕੁਝ ਚਿਹਰੇ ਨੰਗੇ ਹੋ ਰਹੇ ਹਨ ਭਾਵੇਂ ਬਹੁਤ ਕੁਝ ਤੋਂ ਪਰਦਾ ਚੁੱਕਿਆ ਜਾਣਾ ਅਜੇ ਬਾਕੀ ਹੈ। ਇਹ ਨਾਵਲ ਸੰਤਾਲੀ ਦੀ ਇਸ ਪਰਲੋਅ ਦੀ ਰਾਜਨੀਤੀ ਨੂੰ ਸਮਝਣ ਦਾ ਇੱਕ ਯਤਨ ਵੀ ਹੈ।
ਇਸ ਨਾਵਲ ਦਾ ਕੇਂਦਰੀ ਪਾਤਰ ਗੁਰਪ੍ਰੀਤ ਹੈ। ਉਹ ਪੜ੍ਹਿਆ-ਲਿਖਿਆ ਅਤੇ ਸੰਤਾਲੀ ਦੇ ਦੌਰ ਦੀ ਪੰਜਾਬੀ ਪੱਤਰਕਾਰੀ ਬਾਰੇ ਖੋਜ-ਕਾਰਜ ਕਰਨ ਦੀ ਤਿਆਰੀ ਕਰਦਾ ਹੈ। ਨਾਲ-ਨਾਲ ਸੰਤਾਲੀ ਦੇ ਉਜਾੜੇ ’ਤੇ ਕੇਂਦਰਿਤ ਕਰ ਵੀਡੀਓਜ਼ ਬਣਾਉਂਦਾ ਹੈ। ਉਸ ਦਾ ਮਕਸਦ ਪੁਰਾਣੀ ਦਸੂਹਾ ਤਹਿਸੀਲ ਦੇ ਘੇਰੇ ਤੱਕ ਸੀਮਤ ਹੋਕੇ ਇਸ ਦੇ ਮਾਇਕਰੋ-ਅਧਿਐਨ ਰਾਹੀਂ ਸੰਤਾਲੀ ਦੀਆਂ ਜੜ੍ਹਾਂ ਪਕੜਣਾ ਅਤੇ ਪੰਜਾਬ ਦੇ ਸੰਤਾਪ ਨੂੰ ਸਮਝਣਾ ਹੈ। ਦੂਜੇ ਉਹ ਰਾਜਨੀਤਕ ਸਮਾਜਿਕ ਸਭਿਆਚਾਰਕ ਭਾਈਚਾਰਕ ਆਦਿ ਪੱਖਾਂ ਤੋਂ ਹੁੰਦਿਆਂ ਉਸ ਸੱਚ ਨੂੰ ਪਕੜਣਾ ਹੈ ਜਿਥੇ ਭਾਈਚਾਰੇ ਭੀੜਾਂ ’ਚ ਬਦਲਦੇ ਹਨ ਅਤੇ ਇਨ੍ਹਾਂ ਭੀੜਾਂ ਦੀ ਉਤੇਜਨਾ ਰਾਹੀਂ ਲੀਡਰ ਕਿਵੇ ਆਪਣੇ ਹਿੱਤ ਸਾਧਦੇ ਹਨ। ਤੀਜਾ ਮਕਸਦ ਬਦਲਦੇ ਹੋਏ ਸਮੇਂ ਅਨੁਸਾਰ ਬਦਲਦੀ ਹੋਈ ਸਮਾਜਕ-ਆਰਥਿਕ ਬਣਤਰ ਨੂੰ ਸਮਝਣਾ ਹੈ। ਇਹ ਨਾਵਲ ਵੰਡ ਦੇ ਵਿਸਥਾਪਨ ਦੇ ਸਮਾਨਾਂਤਰ ਸਮਕਾਲ ਦੇ ਉਸ ਦਿ੍ਰਸ਼ ਨੂੰ ਵੀ ਰੂਪਮਾਨ ਕਰਦਾ ਹੈ ਜਿਸ ਵਿਚ ਕਾਰਪੋਰੇਟੀ ਆਰਥਿਕ ਏਜੰਡੇ ਦੀ ਪੂਰਤੀ ਹਿੱਤ ਸੱਤਾ ਤੇ ਸ਼ਾਸਨ ਮਿਲਕੇ ਪੰਜਾਬ ਦੇ ਪ੍ਰਾਕਿ੍ਰਤਕ ਸਰੋਤਾਂ ਦਾ ਅੰਨ੍ਹੇਵਾਹ ਸ਼ੋਸ਼ਿਨ ਕਰ ਰਹੇ ਹਨ। ਇਸ ਨਾਲ ਜਿਥੇ ਸਾਡੇ ਪ੍ਰਾਕਿ੍ਰਤਕ ਸਰੋਤਾਂ ਦਾ ਨਾਸ਼ ਹੋ ਰਿਹਾ ਹੈ ਉਥੇ ਪ੍ਰਦੂਸ਼ਨ ਵੀ ਵੱਧ ਰਿਹਾ ਹੈ। ਵਿਕਾਸ ਦੀ ਅਜਿਹੀ ਗ਼ੈਰ-ਯੋਜਨਾ ਬੱਧ ਅਤੇ ਲੰਗੜੀ ਨੀਤੀ ਦੇ ਫ਼ਲਸਰੂਪ ਬੇਰੁਜ਼ਗਾਰੀ ਦੀ ਦਰ ਦਿਨੋ-ਦਿਨ ਵੱਧ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਆਪਣਾ ਭਵਿਖ ਨਜ਼ਰ ਨਹੀਂ ਆਉਂਦਾ। ਨਿਰਾਸ਼ਾਂ ਦੀ ਮਾਨਸਿਕ ਹਾਲਤ ਵਿਚ ਉਹ ਜਾਂ ਤਾਂ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ ਜਾਂ ਜਾਇਜ਼-ਨਜਾਇਜ਼ ਢੰਗਾਂ ਨਾਲ ਜਾਣ ਲਈ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਨਾਵਲ ਸਾਡੇ ਸਮਕਾਲ ਦੇ ਇਸ ਪ੍ਰਾਪਤ ਯਥਾਰਥ ਵਿਚਲੀਆਂ ਵਿਸੰਗਤੀਆਂ ਤੇ ਵਿਗਾੜਾਂ ਦੇ ਪ੍ਰਸੰਗ ਵਿਚ ਪੰਜਾਬ ਦੇ ਇਕ ਹੋਰ ਸੰਭਾਵੀ ਉਜਾੜੇ ਦਾ ਸੰਕੇਤ ਦਿੰਦਾ ਪ੍ਰਤੀਤ ਹੁੰਦਾ ਹੈ। ਇਹ ਭਰਵਾਂ ਯਥਾਰਥ ਵੀ ਇਸ ਨਾਵਲ ਵਿਚ ਸਮਾਨਾਂਤਰ ਰੂਪ ਵਿਚ ਦਿ੍ਰਸ਼ਮਾਨ ਹੁੰਦਾ ਹੈ। ਇਉਂ ਇਸ ਨਾਵਲ ਦੀ ਵਸਤ ਤੇ ਪ੍ਰਯੋਜਨ ਬਹੁ-ਅਰਥੀ ਵੀ ਹੈ ਅਤੇ ਬਹੁ-ਪਸਾਰੀ ਵੀ ਜਿਹੜਾ ਨਾਵਲਕਾਰ ਦੀ ਪ੍ਰੋਢ ਪ੍ਰਬੁੱਧਤਾ ਅਤੇ ਸਮਕਾਲ ਬਾਰੇ ਉਸ ਦੀ ਨਿਰੀਖਣੀ ਦਿ੍ਰਸ਼ਟੀ ਨੂੰ ਪ੍ਰਮਾਣਿਤ ਕਰਦਾ ਹੈ।
ਕਿਸੇ ਵੀ ਨਾਵਲ ਦਾ ਪਹਿਲਾਂ ਤੇ ਅੰਤਲਾਂ ਕਾਂਡ ਬਹੁਤ ਮਹੱਤਵਪੂਰਨ ਹੁੰਦੇ ਹਨ। ਪਹਿਲਾ ਕਾਂਡ ਜਿਥੇ ਨਾਵਲ ਦੇ ਪ੍ਰਮੁੱਖ ਪਾਰਤਾਂ ਦੀ ਝਲਕ ਵਿਖਾਉਂਦਾ ਹੈ ਉਥੇ ਸਥਾਨਗਤ ਵਰਣਨ ਨਾਵਲ ਦੇ ਕੇਂਦਰੀ ਥੀਮ ਦੀ ਸੂਹ ਅਤੇ ਬਿਰਤਾਂਤ ਦੀ ਹੋਂਦ-ਵਿਧੀ ਦੇ ਆਧਾਰੀ ਤੱਤ ਤਨਾਓ ਨੂੰ ਵੀ ਰੇਖਾਂਤਰ ਕਰਦਾ ਹੈ। ਨਾਵਲੀ ਬਿਰਤਾਂਤ ਦੀ ਅਗਲੇਰੀ ਕਾਰਜੀ ਗਤੀ ਇਸ ਤਨਾਓ ਦੇ ਵਿਭਿੰਨ੍ਹ ਪੱਖਾਂ ਦੇ ਬਹੁ-ਪਾਸਾਰੀ ਫੈਲਾਅ ਨੂੰ ਭਾਸ਼ਾ ਦੀਆਂ ਵੰਨ੍ਹ-ਸਵੰਨ੍ਹੀਆਂ ਧੁਨੀਆਂ ਦੇ ਸੰਚਾਰ ਰਾਹੀਂ ਇਸ ਤਰ੍ਹਾਂ ਉਦਘਾਟਤ ਕਰਦੀ ਹੈ ਜਿਸ ਵਿਚੋਂ ਨਾਵਲ ਵਿਚਲੇ ਪ੍ਰਾਪਤ ਸਮਾਜਕ-ਯਥਾਰਥ ਦੇ ਸਮੁੱਚੇ ਆਂਤਰਿਕ ਤੇ ਬਾਹਰੀ ਸੱਚ ਦਾ ਵਿਸਤਿ੍ਰਤ ਬਿੰਬ ਉਭਰਦਾ ਹੈ।
ਰੌਲ਼ਿਆਂ ਵੇਲੇ(2024) ਨਾਵਲ ਦਾ ਆਰੰਭਕ ਆਦੇਸ਼ਮੁਖੀ ਵਾਕ ਹੈ ‘‘ਗੁਰਪ੍ਰੀਤ ਆਪਣੇ ਪਾਪਾ ਨੂੰ ਵਾਜ ਮਾਰ ਲੈ… ਮੈਂ ਪਰੌਂਠੀਆਂ ਲਾਹੁਣ ਲੱਗੀ ਆਂ।’’ ਗੁਰਪ੍ਰੀਤ ਨੂੰ ਨਹਾਕੇ ਨਿਕਲਦੇ ਨੂੰ ਵੇਖ ਨਿੰਦਰੋ ਨੇ ਕਿਹਾ ਤਾਂ ਉਹ ਬੈਲਟ ਕੱਸਦਾ ਉਵੇਂ ਹੀ ਬਾਹਰ ਨੂੰ ਤੁਰ ਪਿਆ। ਉਸ ਦੇ ਅਗਲੇ ਵਾਕ ਖੁੱਲ੍ਹੇ-ਡੁੱਲੇ ਘਰ ਉਸ ਵਿਚਲੀਆਂ ਵਸਤਾਂ ਆਦਿ ਇਹ ਸੰਕੇਤ ਦਿੰਦੀਆਂ ਹਨ ਕਿ ਜ਼ਿੰਦਗੀ ਦੀਆਂ ਬੁਨਿਆਦੀ ਸੁਖ-ਸਹੂਲਤਾ ਵਾਲਾ ਇਹ ਛੋਟਾ ਤੇ ਪੜ੍ਹਿਆ-ਲਿਖਿਆ ਪਰਿਵਾਰ ਹੈ।
ਗੁਰਪ੍ਰੀਤ ਇਸ ਨਾਵਲ ਦਾ ਕੇਂਦਰੀ ਪਾਤਰ ਹੈ ਜੋ ਵੰਡ ਨਾਲ ਸੰਬੰਧਿਤ ਪੁਰਾਣੀਆਂ ਥਾਵਾਂ ਇਮਾਰਤਾ ਆਦਿ ਦੇ ਨਾਲ-ਨਾਲ ਉਨ੍ਹਾਂ ਵਿਅਕਤੀਆਂ ਨਾਲ ਇੰਟਰਵਿਉ ਕਰਦਾ ਹੈ ਜਿਨ੍ਹਾਂ ਨੇ ਸੰਤਾਲੀ ਵਾਲੇ ਉਜਾੜੇ ਦਾ ਮੰਜ਼ਰ ਆਪਣੀ ਅੱਖੀ ਵੇਖਿਆ ਤੇ ਹੰਢਾਇਆ ਹੈ। ਉਹ ਉਨ੍ਹਾਂ ਦੀਆਂ ਗੱਲਾਂ ਪੁਰਾਣੀਆਂ ਈਮਾਰਤਾਂ ਵਸਤਾਂ ਅਤੇ ਉਸ ਸਮੇਂ ਦੀ ਰਹਿਤਲ ਦੀ ਸਿੱਧੀ ਜਾਣਕਾਰੀ ਵਿਚੋਂ ਕਈ ਅਹਿਮ ਸੂਤਰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਰਾਹੀਂ ਉਹ ਵੰਡ ਦੇ ਵਿਰਾਟ ਤੇ ਵਿਕਰਾਲ ਦਿ੍ਰਸ਼ ਦੇ ਕਾਰਣਾਂ ਦੀ ਤੈਅ ਤੱਕ ਪਹੁੰਚ ਸਕੇ। ਇਤਿਹਾਸਕਾਰੀ ਦੀ ਇਹ ਇਕ ਪ੍ਰਮਾਣਿਕ ਵਿਧੀ ਹੈ ਜਿਸ ਵਿਚ ਉਸ ਸਮੇਂ ਦੀਆਂ ਨਿਰਜਿੰਦ ਵਸਤਾਂ ਈਮਾਰਤਾਂ ਅਤੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੀ ਸੁਣਾਈਆਂ ਗੱਲਾਂ ਨੂੰ ਮੁੱਖ ਸ੍ਰੋਤ ਵਜੋਂ ਵਰਤਿਆਂ ਗਿਆ ਹੈ ਜਿਹੜੇ ਉਸ ਤ੍ਰਾਸਦੀ ਦੀ ਚਸ਼ਮਦੀਦ ਗਵਾਹ ਵੀ ਹਨ ਅਤੇ ਉਨ੍ਹਾ ਨੇ ਖ਼ੁਦ ਇਸ ਦੇ ਦੁਖਾਂਤ ਨੂੰ ਹੰਢਾਇਆ ਹੈ।
ਇਸ ਨਾਵਲ ਦੇ ਬਿਰਤਾਂਤ ਦਾ ਆਧਾਰ ਮਾਈ ਸੇਖਾਂ ਮੰਜਾਲ ਪਿੰਡ ਦਾ ਚੂੰਨੀ ਲਾਲ ਹਰਨਾਮ ਸਿੰਘ ਬਾਜਵਾ ਪ੍ਰੋ. ਜੋਗਿੰਦਰ ਸਿੰਘ ਉਜਾਗਰ ਸਿੰਘ ਸ਼ੇਖ ਮੁਹੰਮਦ ਫ਼ੈਸਲਾਬਾਦ ਤੋਂ ਅਬਿਦਾ ਦੇ ਦਾਦਾ ਜੀ ਆਦਿ ਦੁਆਰਾ ਸੁਣਾਈ ਉਹ ਆਪ ਬੀਤੀ ਹੈ ਜਿਨ੍ਹਾਂ ਨੇ ਇਸ ਪੂਰੇ ਦੁਖਾਂਤ ਨੂੰ ਆਪਣੇ ਉਪਰ ਝਲਿਆ ਹੈ। ਭਰੇ-ਭਰਾਏ ਘਰਾਂ ਨੂੰ ਛੱਡ ਜਦੋਂ ਇਹ ਅਜਨਬੀ ਰਾਹਾਂ ’ਤੇ ਨਿਕਲੇ ਇਸ ਦੌਰਾਨ ਜੋ ਕੁਝ ਉਨ੍ਹਾਂ ਨੇ ਗੁਆਇਆ ਅਤੇ ਝੱਲਿਆ ਉਹ ਅਕਹਿ ਵੀ ਹੈ ਅਤੇ ਅਸਹਿ ਵੀ। ਰਾਹਾਂ ਵਿਚ ਉਨ੍ਹਾਂ ਨਾਲ ਵਾਪਰੀਆਂ ਲੁੱਟਾਂ-ਖੋਹਾਂ ਉਨ੍ਹਾਂ ਦੀਆਂ ਨੌਜਵਾਨ ਨੂੰਹਾਂ-ਧੀਆਂ ਦੇ ਅਪਹਰਣ ਤੇ ਬਲਾਤਕਾਰ ਹੋਏ ਕਤਲ ਰਾਹਾਂ ਦੀ ਖਜਲ-ਖੁਆਰੀ ਵਿਚ ਉਹ ਲਾਸ਼ਾਂ ਦੇ ਢੇਰਾਂ ਤੋਂ ਦੀ ਲੰਘਦੇ ਵੱਗਦੇ ਦਰਿਆਵਾਂ ਵਿਚੋਂ ਦੀ ਗੁਜਰਦੇ ਆਪਣੇ ਪਰਿਵਾਰਕ ਵਿਛੋੜਿਆਂ ਆਦਿ ਦਾ ਸੰਤਾਪ ਲੈ ਇਹ ਲੋਕ ਸ਼ਰਨਾਰਥੀਆਂ ਦੇ ਰੂਪ ਵਿਚ ਕਾਫ਼ੀ ਲੰਮਾ ਸਮਾਂ ਤਣਾਅ ਹਡਾਉਂਦੇ ਰਹੇ। ਇਸ ਮਹਾਂ-ਤ੍ਰਾਸਦੀ ਦੀਆਂ ਘਟਨਾਵਾਂ ਵਿਚ ਕੁਝ ਹੇਰ ਫੇਰ ਹੋ ਸਕਦਾ ਹੈ ਪਰੰਤੂ ਜਨੂੰਨ ਤੇ ਉਤੇਜਨਾ ਦਾ ਜ਼ਹਿਰੀ ਪ੍ਰਭਾਵ ਹਰ ਥਾਂ ਬਰਾਬਰ ਸੀ। ਦੂਜੇ ਇਹ ਦੁਖਾਂਤ ਸਿਰਫ਼ ਇਸ ਨਾਵਲ ਵਿਚ ਆਏ ਕੁਝ ਪਾਤਰਾਂ ਦਾ ਹੀ ਸੰਤਾਪ ਨਹੀਂ ਸੀ ਸਗੋਂ ਇਹ ਪਾਤਰ ਉਸ ਤ੍ਰਾਸਦੀ ਦੇ ਪ੍ਰਤਿਨਿਧ ਖ਼ਾਸੇ ਦੇ ਚਸਮਦੀਦ ਗਵਾਹ ਹਨ ਜਿਨ੍ਹਾਂ ਨੇ ਇਸ ਨੂੰ ਝੱਲਿਆ। ਆਪਣੇ ਪ੍ਰਤਿਨਿਧ ਰੂਪ ਵਿਚ ਇਹ ਸੰਤਾਪ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਸਮੂਹ ਵਿਸਥਾਪਤ ਲੋਕਾਂ ਦਾ ਸਾਂਝਾ ਸੰਤਾਪ ਹੈ। ਇਉਂ ਇਸ ਨਾਵਲ ਦੀ ਵਿਧੀ ਪ੍ਰਤਿਨਿਧ ਯਥਾਰਥ ਦੇ ਸਿਰਜਣ ਰਾਹੀਂ ਉਸ ਸਮੇਂ ਦੇ ਵਿਆਪਕ ਯਥਾਰਥ ਨੂੰ ਦਿ੍ਰਸ਼ਮਾਨ ਕਰਨ ਦੀ ਹੈ।
ਬਲਬੀਰ ਪਰਵਾਨਾ ਦੀ ਨਾਵਲੀ ਦਿ੍ਰਸ਼ਟੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਅਜਿਹੇ ਵਰਤਾਰੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਫਿਰਕੂ ਤੇ ਤੰਗ ਸੋਚ ਦਾ ਸ਼ਿਕਾਰ ਨਹੀਂ ਸਗੋਂ ਇਸ ਪ੍ਰਤਿ ਸੰਤੁਲਤ ਸੰਵੇਦਨਸ਼ੀਲ ਅਤੇ ਵਿਵੇਕਸ਼ੀਲ ਦਿ੍ਰਸ਼ਟੀ ਰੱਖਦਾ ਹੈ। ਉਹ ਸੰਤਾਲੀ ਦੀ ਤ੍ਰਾਸਦੀ ਲਈ ਹਿੰਦੂ-ਸਿੱਖਾਂ ਜਾਂ ਮੁਸਲਮਾਨਾਂ ਨੂੰ ਜ਼ਿੰਮੇਵਾਰ ਨਹੀਂ ਮੰਨਦੀਸਗੋਂ ਲੀਡਰਾਂ ਦੀ ਸੰਪਰਦਾਇਕ ਸਿਆਸਤ ਨੂੰ ਵਿਅੰਗ ਦੀ ਤੇਜ਼ ਧਾਰਾ ਹੇਠ ਰਖਦੀ ਹੈ ਜਿਨ੍ਹਾਂ ਨੇ ਸੱਤਾ ਲਈ ਉਸ ਸਮੇਂ ਮਨੁੱਖਤਾ ਦਾ ਘਾਣ ਕੀਤਾ।
ਇਸ ਨਾਵਲ ਦੇ ਸਮਾਨਾਂਤਰ ਪੰਜਾਬ ਦੀ ਸਾਂਝੀ ਰਹਿਤਲ ਅਤੇ ਵਿਭਿੰਨ੍ਹ ਫਿਰਕਿਆਂ ਵਿਚਕਾਰ ਆਪਸੀ ਭਾਈਚਾਰੇ ਦਾ ਯਥਾਰਥ ਵੀ ਆਪਣੇ ਭਰਵੇਂ ਰੂਪ ਵਿਚ ਪ੍ਰਤਿਬਿੰਬਤ ਹੋਇਆ ਹੈ। ਚੁੰਨੀ ਲਾਲ ਜਿਹੜਾ ਅੱਸੀਆਂ-ਪਚਾਸੀਆਂ ਨੂੰ ਢੁੱਕਿਆ ਹੈ ਉਹ ਦੱਸਦਾ ਹੈ ਕਿ ‘‘ਕੀ ਪੁੱਛਦਾ ਜੁਆਨਾ…। ਪਿੰਡ ਦੀ ਸ਼ਾਨ ਸੀ ਕੋਈ। ਇਲਾਕੇ ਦਾ ਸਿਰਕੱਢ ਪਿੰਡ … ਰਾਅ ਸਾਬ ਦੀ ਡੀ-ਸੀ ਵੀਗੱਲ ਨਹੀ ਸੀ ਮੋੜਦਾ.. ਬਾਈ ਪਿੰੰਡਾਂ ਦੇ ਮਾਲਕ।’’ ਉਹ ਅੱਗੇ ਦੱਸਦਾ ਹੈ ਕਿ ਮੇਲਿਆਂ ’ਤੇ ਹਿੰਦੂ ਮੁਸਲਮਾਨਾਂ ਦੀਆਂ ਕੋਈ ਵੱਖਰੀਆਂ ਦੁਕਾਨਾਂ ਨਹੀਂ ਲਗਦੀਆਂ ਸਨ।
ਮਠਿਆਈ ’ਚ ਕਾਹਦਾ ਭਿੰਨ ਭੇਦ… ਰਾਅ ਸਾਬ ਜਿੱਤਣ ਵਾਲੇ ਨੂੰ ਚਾਂਦੀ ਦੇ ਗਿਆਰਾ ਰੁਪਈਏ ਦਿੰਦੇ ਇੱਕ ਛੋਲਿਆਂ ਦੀ ਬੋਰੀ… ਬੜੇ ਸ਼ਾਹਦਿਲ ਬੰਦੇ ਸੀ… ਆਪਣੇ ਖਰਚ ’ਤੇ ਸਕੂਲ ਬਣਾਇਆ… ਕਦੀ ਸਕੂਲ ਗੇੜਾ ਮਾਰਦੇ ਸਰਸਰੀ ਬੱਚਿਆਂ ਤੋਂ ਸਵਾਲ ਪੁੱਛਦੇ… ਹੁਸ਼ਿਆਰ ਵਿਦਿਆਰਥੀਆਂ ਨੂੰ ਆਪਣੇ ਖਰਚੇ ’ਤੇ ਹÇੁਸ਼ਆਰਪੁਰ ਭੇਜਦੇ ਸੀ ਵਜੀਫ਼ੇ ਦੇ ਇਮਤਿਹਾਨ ਲਈ…. ਹਿੰਦੂ ਮੁਸਲਮਾਨਾਂ ਦੇ ਬੱਚੇ ‘ਕੱਠੇ ਪੜ੍ਹਦੇ… ਅਸੀਂ ਇਕ ਦੂਜੇ ਦੀਆਂ ਰੋਟੀਆਂ ਖਾ ਲੈਂਦੇ। (ਪੰਨਾ 18)
ਇਉਂ ਹੰਜਾਲ ਪਿੰਡ ਪੰਜਾਬ ਦੀ ਸਾਂਝੀ ਰਹਿਤਲ ਦੇ ਸੱਚ ਨੂੰ ਪ੍ਰਤਿਨਿਧ ਰੂਪ ਵਿਚ ਦਿਖਾਉਂਦਾ ਹੈ ਜਿਹੜਾ ਲੇਖਕ ਦੀ ਉਦਾਰ ਤੇ ਮਾਨਵਾਦੀ ਦਿ੍ਰਸ਼ਟੀ ਨੂੰ ਪ੍ਰਮਾਣਿਤ ਕਰਦਾ ਹੈ। ਇਸ ਨਾਵਲ ਦੀ ਇਕ ਬਹੁਤ ਹੀ ਮਹੱਤਵਪੂਰਨ ਕੜੀ ਗੁਰਪ੍ਰੀਤ ਦੀ ਆਬਿਦਾ ਨਾਲ ਜਾਣ-ਪਛਾਣ ਦੀ ਹੈ। ਆਬਿਦਾ ਦਾ ਦਾਦਾ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਫੈਸਲਾਬਾਦ ਵਿਚ ਆਬਾਦ ਹੈ। ਆਬਿਦਾ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਵਿਚ ਪੀਐੱਚ.ਡੀ. ਦੀ ਸਕਾਲਰ ਹੈ। ਦੋਹਾਂ ਦੀ ਜਾਣ-ਪਛਾਣ ਮੋਬਾਇਲ ’ਤੇ ‘ਫਰੈਂਡਜ਼ ਰਿਕੂਐਸਟ’ ਰਾਹੀਂ ਹੋਈ ਹੈ। ਮਾਡਰਨ ਤਕਨਾਲੋਜੀ ਨੇ ਸੰਚਾਰ ਦੀ ਦੁਨੀਆਂ ਵਿਚ ਇਕ ਨਵੀਂ ਕਰਾਂਤੀ ਲਿਆਂਦੀ ਹੈ। ਇਸ ਨੇ ਲੋਕਾਂ ਅਤੇ ਉਨ੍ਹਾਂ ਦੇ ਜੀਵਨ ਨੂੰ ਬਹੁਤ ਨੇੜੇ ਲਿਆਂਦਾ ਹੈ। ਗੁਰਪ੍ਰੀਤ ਵੰਡ ਬਾਰੇ ਆਪਣੇ ਵੀਡੀਉ ਬਣਾਕੇ ਪਾਉਂਦਾ ਹੈ। ਆਬਿਦਾ ਇਨ੍ਹਾਂ ਨੂੰ ਵੇਖਦੀ ਹੈ ਕਿਉਂਕਿ ਉਸ ਦੇ ਪਰਿਵਾਰ ਦਾ ਪਿਛੋਕੜ ਇਧਰ ਦੇ ਪੰਜਾਬ ਦਾ ਹੈ। ਦਸੂਹਾ-ਮੁਕੇਰੀਆਂ ਦੇ ਨੇੜੇ ਬਬਨਗੜ੍ਹ ਉਨ੍ਹਾਂ ਦਾ ਪੁਰਖੀ ਘਰ ਸੀ। ਆਬਿਦਾ ਦੇ ਦਾਦਾ ਜੀ ਨੇ ਇਕ ਡਾਇਰੀ ਲਿਖੀ ਹੈ। ਉਹ ਸ਼ਾਹਮੁਖੀ ਲਿਪੀ ਵਿਚ ਸੀ। ਆਬਿਦਾ ਉਸ ਨੂੰ ਗੁਰਮੁਖੀ ਵਿਚ ਲਿਪੀ-ਅੰਤਰ ਕਰਵਾ ਕੇ ਗੁਰਪ੍ਰੀਤ ਕੋਲ ਅਪੜਦਾ ਕਰਦੀ ਹੈ। ਉਹ ਖ਼ੁਦ ਵੀ ਦਸਦੀ ਹੈ ਕਿ ਉਸ ਦੇ ਅੱਬਾ ਦੇ ਵਾਲਦ ਦਾ ਵੱਡਾ ਭਰਾ ਬਾਬਾ ਅਲੀ ਉਜੜ ਕੇ ਆਉਂਦਿਆਂ ਰਾਹ ਵਿਚ ਕਤਲ ਹੋ ਗਿਆ। ਉਸ ਦਾ ਇਕ ਛੇ-ਸੱਤ ਮਹੀਨਿਆਂ ਦਾ ਮੁੰਡਾ ਰਸੀਦ ਰੌਂਅ ’ਚ ਰੁੜ ਗਿਆ… ਉਸ ਦੀ ਦਾਦੀ ਨੂੰ ਸਾਰੀ ਉਮਰ ਉਸ ਦਾ ਝੇਰਾ ਰਿਹਾ।ਉਸ ਦਾ ਖਾਵੰਦ ਉਥੇ ਵੱਢਿਆਂ ਗਿਆ। ਰੁੜ੍ਹੇ ਪੁੱਤ ਦਾ ਹਾਉਂਕਾ ਸਾਰੀ ਉਮਰ ਉਸ ਅੰਦਰ ਧੁੱਖਦਾ ਰਿਹਾ। ਇੱਧਰ ਆਕੇ ਦੋ ਕੁ ਸਾਲ ਬਾਅਦ ਉਸ ਨੇ ਆਬਿਦਾ ਦੇ ਦਾਦੇ ਸ਼ੇਰ ਮੁਹੰਮਦ ਨਾਲ ਨਿਕਾਹ ਹੋਇਆ। ਇਸ ਪਰਿਵਾਰ ਦੇ ਸੰਤਾਪ ਦੀ ਦਾਸਤਾਂ ਵੀ ਬਾਕੀ ਉਜੜੇ ਪਰਿਵਾਰਾਂ ਦੇ ਉਜਾੜੇ ਦੇ ਸੰਤਾਪ ਵਰਗੀ ਹੈ।
ਆਬਿਦਾ ਦੇ ਫੈਸਲਾਬਾਦ ਵਿਚ ਵੱਸਿਆ ਪਰਿਵਾਰ ਹੁਣ ਰੱਜੇ-ਪੁਜੇ ਪਰਿਵਾਰਾਂ ਵਿਚ ਸ਼ੁਮਾਰ ਹੈ। ਇਸਲਾਮੀ ਸਮਾਜਾਂ ਵਿਚ ਹੁਣ ਔਰਤ ਪ੍ਰਤਿ ਰਵੱਈਆਂ ਬਦਲ ਰਿਹਾ ਹੈ। ਆਬਿਦਾ ਦਾ ਬਾਹਰ ਜਾਣਾ ਉਥੇ ਪੀਐੱਚ.ਡੀ. ਵੀ ਕਰਨਾ ਅਤੇ ਪੰਜਾਬ ਆਪਣੇ ਪਿਉ-ਦਾਦੇ ਦੀਆਂ ਜੜ੍ਹਾਂ ਨੂੰ ਵੇਖਣ ਆਉਣਾ ਉਸ ਦੇ ਦਮਦਾਰ ਚਰਿਤ੍ਰ ਨੂੰ ਰੂਪਮਾਨ ਕਰਦਾ ਹੈ। ਆਬਿਦਾ ਇਸਲਾਮੀ ਸਮਾਜਾਂ ਵਿਚਲੇ ਨਾਰੀ ਦੇ ਪਰੰਪਰਕ ਤੇ ਬੰਦ-ਬਿੰਬ (closed image) ਵਿਚੋਂ ਬਾਹਰ ਆ ਰਹੀ ਆਧੁਨਿਕ ਤੇ ਚੇਤੰਨ ਨਾਰੀ ਦੇ ਪ੍ਰਤੀਕ ਵਿਚ ਪ੍ਰਤਿਬਿੰਬਤ ਹੁੰਦੀ ਹੈ। ਉਹ ਸਾਂਝ ਸਹਿਹੋਂਦ ਅਤੇ ਮਨੁੱਖੀ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਵਾਲੀ ਉਦਾਰਵਾਦੀ ਤੇ ਮਾਨਵਵਾਦੀ ਸੋਚ ਦੀ ਮੁੱਦਈ ਹੈ। ਉਹ ਹਿੰਦ-ਪਾਕਿ ਸੰਬੰਧਾਂ ਵਿਚ ਪਰਸਪਰ ਸਾਂਝ ਸਹਿਯੋਗ ਅਤੇ ਵਿਸ਼ਵਾਸ਼ ਦੀ ਸੰਭਾਵੀ ਉਮੀਦ ਨੂੰ ਵੀ ਚਿਹਨਿਤ ਕਰਦੀ ਪ੍ਰਤੀਤ ਹੁੰਦੀ ਹੈ। ਇਥੋਂ ਆਪਣੇ ਪੁਰਖਿਆਂ ਦੇ ਘਰ ਦੀ ‘ਮਿੱਟੀ ਦੀ ਮੁੱਠ’’ ਉਹ ਲੈਕੇ ਜਾਂਦੀ ਹੈ। ਇਹ ਚਿਹਨ ਹੈ ਜਿਹੜਾ ਆਪਣੇ ਵਿਆਪਕ ਅਰਥਾਂ ਵਿਚ ਭਾਰਤ-ਪਾਕਿ ਸੰਬੰਧਾਂ ਵਿਚਲੀ ਖਟਾਸ ਨੂੰ ਦੂਰ ਕਰਨ ਲਈ ਨਵੀ ਪੀੜ੍ਹੀ ਦੀ ਸਾਕਾਰਤਮਕ ਸੋਚ ਨੂੰ ਚਿਹਨਿਤ ਕਰਦਾ ਹੈ।
ਨਾਵਲ ਦੀ ਇਹ ਕੜੀ ਜਿਥੇ ਇਸ ਨਾਵਲ ਦੇ ਕੇਂਦਰੀ ਥੀਮ ਨਾਲ ਅੰਤਰ-ਸੰਬੰਧਿਤ ਹੋ ਕੇ ਇਸ ਦੇ ਅਰਥ ਨੂੰ ਹੋਰ ਤੀਬਰ ਤੇ ਸਪਸ਼ਟ ਕਰਦੀ ਹੈ ਉਥੇ ਗੁਰਪ੍ਰੀਤ ਤੇ ਆਬਿਦਾ ਦੀ ਗੱਲਬਾਤ ਆਬਿਦਾ ਦਾ ਇਥੇ ਪੰਜਾਬ ਵਿਚ ਆਪਣਾ ਜੱਦੀ ਪਿੰਡ ਵੇਖਣ ਆਉਣਾ ਉਸ ਦਾ ਬਹੁਤ ਹੀ ਖੁੱਲ੍ਹਾ-ਡੁੱਲ੍ਹਾ ਵਿਹਾਰ ਇਸ ਨਾਵਲ ਦੇ ਸੌਗੀ ਮਾਹੌਲ ਨੂੰ ਹਲਕਾ ਤੇ ਖੁਸ਼ਗੁਬਾਰ ਬਣਾਉਂਦਾ ਹੈ। ਆਪਣੇ ਵਿਆਪਕ ਅਰਥਾਂ ਵਿਚ ਇਹ ਭਾਰਤ-ਪਾਕਿ ਵਿਚਕਾਰ ਭਾਵੇਂ ‘ਬਰਲਿਨ ਦੀ ਦੀਵਾਰ’ ਦੇ ਟੁੱਟਣ ਵਰਗੀ ਸੰਭਾਵੀ ਪੇਸ਼ਗੋਈ ਤਾਂ ਨਹੀਂ ਪਰੰਤੂ ਆਪਸੀ ਸੰਬੰਧਾਂ ਨੂੰ ਸੁਧਾਰਨ ਅਤੇ ਖੁਲ੍ਹੇ ਰੂਪ ਵਿਚ ਪੁਰਾਣੀ ਭਾਈਚਾਰਕ ਸਾਂਝ ਨੂੰ ਪੁਨਰ ਜੀਵਤ ਕਰਨ ਦੀ ਸੂਹ ਜ਼ਰੂਰ ਦਿੰਦੀ ਹੈ। ਇਸ ਨਾਵਲ ਦੀ ਇਹ ਵੱਡੀ ਪ੍ਰਾਪਤੀ ਹੈ।
ਪੰਜਾਬ ਵਿਚ ਵੱਧ ਰਹੀ ਬੁਰਸ਼ਾਗਰਦੀ ਨਸ਼ਿਆਂ ਦਾ ਸੇਵਨ ਨੌਜਵਾਨ ਪੀੜ੍ਹੀ ਦਾ ਵਿਦੇਸ਼ਾ ਵਲ ਜਾਣ ਦੀ ਹੋੜ ਔਰਤ-ਮਰਦ ਸੰਬੰਧਾਂ ਵਿਚ ਆ ਰਿਹਾ ਪਰਿਵਰਤਨ ਵਿਆਹ ਸੰਸਥਾ ਦੀਆਂ ਪੇਚੀਦਗੀਆਂ ਆਦਿ ਸਾਡੇ ਸਮਾਜਕ ਯਥਾਰਥ ਦੇ ਕੁਝ ਹੋਰ ਪਸਾਰ ਹਕ ਜਿਹੜੇ ਇਸ ਨਾਵਲ ਵਿਚ ਸਮਕਾਲ ਦੇ ਪ੍ਰਸੰਗ ਵਿਚ ਪੇਸ਼ ਹੋਏ ਹਨ।
ਵਿਅੰਗ ਵਿਡੰਬਣਾ ਚਿਹਨ/ਪ੍ਰਤੀਕ ਸੰਕੇਤ ਸੰਚਾਰ ਦੀਅ ਵੰਨ੍ਹ-ਸਵੰਨੀਆਂ ਧੁਨੀਆਂ ਵਰਣਨ ਦਿ੍ਰਸ਼ੀਕਰਨ ਆਦਿ ਇਸ ਨਾਵਲ ਦੀ ਬਹੁਤ ਹੀ ਪ੍ਰਭਾਵਸ਼ਾਲੀ ਜੁਗਤਾਂ ਹਨ ਜਿਹੜੀਆਂ ਇਸ ਨਾਵਲ ਦੀ ਬਿਰਤਾਂਤਕ ਗਤੀ ਸੰਗਠਨ ਅਤੇ ਇਸ ਦੇ ਅਰਥ-ਉਤਪਾਦਨ ਵਿਚ ਬਹੁਤ ਹੀ ਸਾਰਥਕ ਭੂਮਿਕਾ ਨਿਭਾਉਂਦੀਆਂ ਹਨ।
ਸਮੁੱਚੇ ਰੂਪ ਵਿਚ ਇਸ ਨਾਵਲ ਆਪਣੀ ਵਸਤ ਵਿਧੀ ਅਤੇ ਦਿ੍ਰਸ਼ਟੀ ਪਖੋਂ ਪੰਜਾਬੀ ਨਾਵਲ ਦੀ ਇਕ ਮੁੱਲਵਾਨ ਪ੍ਰਾਪਤੀ ਹੈ। ਇਸ ਦਾ ਜਿਥੇ ਸਾਹਿਤਕ ਮੁੱਲ ਹੈ ਉੱਥੇ ਇਸ ਦਾ ਸਮਾਜ-ਸ਼ਾਸਤਰੀ ਮੁੱਲ ਵੀ ਹੈ।

