*ਤਿੰਨ ਦਿਨਾਂ ਪੈਨਸ਼ਨਰ ਸੇਵਾ ਮੇਲੇ ਦੇ ਪਹਿਲੇ ਦਿਨ ਪੋਰਟਲ ‘ਤੇ 5,320 ਤੋਂ ਵੱਧ ਪੈਨਸ਼ਨਰਾਂ ਨੇ ਸਫਲਤਾਪੂਰਵਕ ਰਜਿਸਟ੍ਰੇਸ਼ਨ ਕੀਤੀ*
ਚੰਡੀਗੜ੍ਹ, 13 ਨਵੰਬਰ,
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਨਵੇਂ ਸ਼ੁਰੂ ਕੀਤੇ ਗਏ ਪੈਨਸ਼ਨਰ ਸੇਵਾ ਪੋਰਟਲ ‘ਤੇ ਰਾਜ ਦੇ ਪੈਨਸ਼ਨਰਾਂ ਦੀ ਰਜਿਸਟ੍ਰੇਸ਼ਨ ਤਿੰਨ ਮਹੀਨਿਆਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਇਹ ਐਲਾਨ ਐਸ ਏ ਐਸ ਨਗਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਪੈਨਸ਼ਨਰ ਸੇਵਾ ਮੇਲੇ ਦੇ ਉਦਘਾਟਨ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ 13 ਤੋਂ 15 ਨਵੰਬਰ ਤੱਕ ਚੱਲਣ ਵਾਲਾ ਇਹ ਮੇਲਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੈਨਸ਼ਨਰਾਂ ਨੂੰ ਪੋਰਟਲ ਰਜਿਸਟ੍ਰੇਸ਼ਨ ਵਿੱਚ ਸਹਾਇਤਾ ਲਈ ਕਰਵਾਇਆ ਜਾ ਰਿਹਾ ਹੈ।
ਪਹਿਲੇ ਦਿਨ ਹੀ, ਅੱਜ ਪੂਰੇ ਰਾਜ ਵਿੱਚ 5,320 ਤੋਂ ਵੱਧ ਪੈਨਸ਼ਨਰਾਂ ਨੇ ਪੋਰਟਲ ‘ਤੇ ਸਫਲਤਾਪੂਰਵਕ ਰਜਿਸਟਰੇਸ਼ਨ ਕੀਤੀ। ਸੁਚਾਰੂ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ, ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਵਿੱਤ ਵਿਭਾਗ ਅਤੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਅਧਿਕਾਰੀ ਕਿਸੇ ਵੀ ਤਕਨੀਕੀ ਸਮੱਸਿਆ ਨੂੰ ਮੌਕੇ ‘ਤੇ ਹੱਲ ਕਰਨ ਲਈ ਸਾਰੇ ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਮੌਜੂਦ ਰਹਿਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਜਿਸਟ੍ਰੇਸ਼ਨ ਸਹਾਇਤਾ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ, ਪੈਨਸ਼ਨ ਵੰਡਣ ਵਾਲੇ ਬੈਂਕਾਂ, ਸੇਵਾ ਕੇਂਦਰਾਂ, ਅਤੇ ਨਾਲ ਹੀ ਸੇਵਾ ਕੇਂਦਰਾਂ ਦੁਆਰਾ ਸੁਵਿਧਾਜਨਕ ਹੋਮ ਡਿਲੀਵਰੀ ਸੇਵਾਵਾਂ ਰਾਹੀਂ ਨਿਰੰਤਰ ਉਪਲਬਧ ਰਹੇਗੀ।
ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਹੋਣ ਦੌਰਾਨ ਪੈਨਸ਼ਨ ਵੰਡ ਨਿਰਵਿਘਨ ਜਾਰੀ ਰਹੇਗੀ, ਅਤੇ ਪੈਨਸ਼ਨਰਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਦੇਰੀ ਕਾਰਨ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ 3 ਨਵੰਬਰ ਨੂੰ ਸ਼ੁਰੂ ਕੀਤਾ ਗਿਆ ਪੈਨਸ਼ਨਰ ਸੇਵਾ ਪੋਰਟਲ, ਵਿਆਪਕ ਪੈਨਸ਼ਨ-ਸਬੰਧੀ ਸੇਵਾਵਾਂ ਸਿੱਧੇ ਪੈਨਸ਼ਨਰਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਉਦੇਸ਼ ਰੱਖਦਾ ਹੈ। ਸ਼ੁਰੂ ਵਿੱਚ, ਪੋਰਟਲ ਪੰਜ ਮੁੱਖ ਸੇਵਾਵਾਂ ਦੇਵੇਗਾ, ਜਿਨ੍ਹਾਂ ਵਿੱਚ ਜੀਵਨ ਪ੍ਰਮਾਣ ਮੋਬਾਈਲ ਐਪ ਰਾਹੀਂ ਡਿਜੀਟਲ ਜੀਵਤ ਸਰਟੀਫਿਕੇਟ ਜਮ੍ਹਾਂ ਕਰਵਾਉਣਾ, ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਵਿੱਚ ਬਦਲਣ ਲਈ ਅਰਜ਼ੀ, ਲੀਵ ਟ੍ਰੈਵਲ ਕਨਸੈਸ਼ਨ (ਐਲ.ਟੀ.ਸੀ) ਬੇਨਤੀਆਂ, ਪੈਨਸ਼ਨ ਨਾਲ ਸਬੰਧਤ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ, ਨਿੱਜੀ ਵੇਰਵਿਆਂ ਨੂੰ ਅੱਪਡੇਟ ਕਰਨਾ ਜਾਂ ਬਦਲਣਾ ਸ਼ਾਮਲ ਹਨ।
ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਪ੍ਰਵਾਸੀ ਭਾਰਤੀ (NRI) ਪੈਨਸ਼ਨਰਾਂ ਨੂੰ ਵਰਤਮਾਨ ਵਿੱਚ ਪੈਨਸ਼ਨਰ ਸੇਵਾ ਪੋਰਟਲ ਦੇ ਸ਼ੁਰੂਆਤੀ ਰੋਲਆਊਟ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਮੌਜੂਦਾ ਪ੍ਰਕਿਰਿਆਵਾਂ ਰਾਹੀਂ ਆਪਣੇ ਜੀਵਤ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਜਾਰੀ ਰੱਖਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਨੇੜਲੇ ਭਵਿੱਖ ਵਿੱਚ ਪ੍ਰਵਾਸੀ ਪੈਨਸ਼ਨਰਾਂ ਲਈ ਅਜਿਹੀਆਂ ਡਿਜੀਟਲ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਪੋਰਟਲ ਦੇ ਲਾਂਚ ਤੋਂ ਬਾਅਦ ਕਿਸੇ ਵੀ ਮੁਸ਼ਕਿਲ ਦੇ ਤੁਰੰਤ ਹੱਲ ਨੂੰ ਯਕੀਨੀ ਬਣਾਉਣ ਲਈ, ਖਜ਼ਾਨਾ ਅਤੇ ਲੇਖਾ ਡਾਇਰੈਕਟੋਰੇਟ ਨੇ ਪੈਨਸ਼ਨ ਅਤੇ ਨਵੀਂ ਪੈਨਸ਼ਨ ਸਕੀਮ ਲਈ ਇੱਕ ਸਮਰਪਿਤ ਵਾਰ ਰੂਮ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ, ਪੈਨਸ਼ਨਰਾਂ ਨੂੰ ਪੁੱਛ ਗਿੱਛ ਅਤੇ ਸ਼ਿਕਾਇਤਾਂ ਵਿੱਚ ਸਹਾਇਤਾ ਲਈ ਤਿੰਨ ਹੈਲਪਲਾਈਨ ਨੰਬਰ 1800-180-2148, 0172-2996385, 0172-2996386 ਜਾਰੀ ਕੀਤੇ ਗਏ ਹਨ। ਇਹ ਹੈਲਪਲਾਈਨ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕੰਮ ਕਰਨਗੇ।
———

