ਧਨੇਰ ਨੇ ਪੂਰੀ ਇਸਤਰੀ ਜਾਤੀ ਨੂੰ ਅਪਮਾਨਤ ਕੀਤਾ: ਰੰਧਾਵਾ , ਵਿਚਾਰਧਾਰਾ ਕਰਕੇ ਹਰਸਿਮਰਤ ਦੇ ਖਿਲਾਫ ਹਾਂ ਪਰ ਔਰਤ ਜਾਤੀ ਦਾ ਅਪਮਾਨ ਬਰਦਾਸਤ ਨਹੀਂ
ਗੁਰਦਾਸਪੁਰ , 15 ਮਈ ()- ਮਹਿਲਾ ਕਾਂਗਰਸ ਜ਼ਿਲ੍ਹਾ ਗੁਰਦਾਸਪੁਰ ਦੀ ਪ੍ਰਧਾਨ ਅਮਨਦੀਪ ਕੌਰ ਰੰਧਾਵਾ ਨੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਇਸਤਰੀ ਜਾਤੀ ਦਾ ਮਾਣ-ਸਨਮਾਨ ਕਰਨ ਦੀ ਨਸੀਹਤ ਦਿੰਦਿਆ ਕਿਹਾ ਕਿ ਕਿਸਾਨ ਆਗੂ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ। ਇਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਭਾਵੇਂ ਉਹ ਹਰਸਿਮਰਤ ਕੌਰ ਬਾਦਲ ਦੇ ਸਿਆਸੀ ਤੌਰ ‘ਤੇ ਵਿਰੋਧੀ ਹਨ ਪਰ ਧਨੇਰ ਵੱਲੋਂ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਨਿੰਦਣਯੋਗ ਹੈ ਅਤੇ ਇਸ ਨੂੰ ਬਰਦਾਸ਼ਤ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਕਿਸਾਨ ਆਗੂ ਧਨੇਰ ਵੱਲੋਂ ਕਾਫ਼ੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ। ਜਿਸ ਵੀ ਕਾਫੀ ਨਿੰਦਾ ਵੀ ਹੋ ਰਹੀ ਹੈ। ਰੰਧਾਵਾ ਨੇ ਕਿਹਾ ਕਿ ਕੋਈ ਵੀ ਸਭਿਆ ਸਮਾਜ ਅਜਿਹੀ ਭੱਦੀ ਸ਼ਬਦਾਵਲੀ ਵਰਤਣ ਦੀ ਇਜਾਜ਼ਤ ਨਹੀਂ ਦਿੰਦਾ। ਨਾ ਹੀ ਕਿਸੇ ਦੇਸ਼ ਦਾ ਕਾਨੂੰਨ ਅਤੇ ਨਾ ਹੀ ਕੋਈ ਧਰਮ ਕਹਿੰਦਾ ਹੈ ਕਿ ਇਸਤਰੀ ਜਾਤੀ ਲਈ ਇੰਨੇ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਿਆਸੀ ਤੌਰ ‘ਤੇ ਅਤੇ ਵਿਚਾਰਧਾਰਾ ਕਰਕੇ ਉਹ ਬਾਦਲ ਪਰਿਵਾਰ ਦੇ ਵਿਰੋਧੀ ਹੋਣਗੇ ਪਰ ਧਨੇਰ ਨੂੰ ਦਾਇਰੇ ਵਿਚ ਰਹਿ ਕੇ ਆਪਣੀ ਤਕਰੀਰ ਕਰਨੀ ਚਾਹੀਦੀ ਸੀ। ਧਨੇਰ ਨੇ ਪੂਰੀ ਇਸਤਰੀ ਜਾਤੀ ਨੂੰ ਅਪਮਾਣਤ ਕੀਤਾ ਹੈ ਅਤੇ ਆਪਣੇ ਕਹੇ ਸ਼ਬਦ ਵਾਪਸ ਲੈਂਦਿਆਂ ਧਨੇਰ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ।