• ਸਕੂਲ ਸਿੱਖਿਆ ਮੰਤਰੀ ਨੇ ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਐਸ.ਏ.ਐਸ. ਨਗਰ ਵਿਖੇ ਸਕੂਲ ਆਫ਼ ਐਮੀਨੈਂਸ ਦਾ ਕੀਤਾ ਦੌਰਾ
ਚੰਡੀਗੜ੍ਹ, 22 ਜਨਵਰੀ:
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਯੂਨੀਵਰਸਿਟੀ ਆਫ਼ ਤੁਰਕੂ, ਫਿਨਲੈਂਡ ਦੇ ਮਾਹਿਰਾਂ ਨਾਲ ਐਸ.ਏ.ਐਸ. ਨਗਰ (ਮੋਹਾਲੀ) ਦੇ ਫੇਜ਼ 11 ਵਿਖੇ ਸਕੂਲ ਆਫ਼ ਐਮੀਨੈਂਸ ਦੇ ਆਪਣੇ ਦੌਰੇ ਦੌਰਾਨ ਐਲਾਨ ਕੀਤਾ ਕਿ ਪੰਜਾਬ ਸਰਕਾਰ ਮਾਰਚ ਵਿੱਚ 72 ਪ੍ਰਾਇਮਰੀ ਸਕੂਲ ਅਧਿਆਪਕਾਂ ਦੇ ਦੂਜੇ ਬੈਚ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ 72 ਪ੍ਰਾਇਮਰੀ ਸਕੂਲ ਅਧਿਆਪਕਾਂ ਦੇ ਦੂਜੇ ਬੈਚ ਦੀ ਸਿਖਲਾਈ ਲਈ ਯੂਨੀਵਰਸਿਟੀ ਆਫ਼ ਤੁਰਕੂ ਨਾਲ ਪਹਿਲਾਂ ਹੀ ਇੱਕ ਸਮਝੌਤਾ ਪੱਤਰ ‘ਤੇ ਹਸਤਾਖ਼ਰ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਤਿੰਨ ਹਫ਼ਤਿਆਂ ਦੇ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਪਹਿਲੇ ਹਫ਼ਤੇ ਪੰਜਾਬ ‘ਚ ਹੀ ਸਿਖਲਾਈ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਅਗਲੇ ਦੋ ਹਫ਼ਤੇ ਫਿਨਲੈਂਡ ਵਿਖੇ ਸਿਖਲਾਈ ਦਿੱਤੀ ਜਾਵੇਗੀ।
ਸ. ਹਰਜੋਤ ਸਿੰਘ ਬੈਂਸ ਨੇ ਮਾਹਿਰਾਂ, ਜਿਸ ਵਿੱਚ ਸ੍ਰੀ ਏਰੀ ਕਿਓਸਕੀ, ਸ੍ਰੀ ਜੋਇਲ, ਮਿਸ ਮਿਰਜਾਮੀ ਈਨੋਲਾ ਅਤੇ ਮਿਸ ਸਾਰੀ ਇਸੋਕਾਇਟੋ-ਸਿੰਜੋਈ ਸ਼ਾਮਲ ਹਨ, ਦਾ ਨਿੱਘਾ ਸਵਾਗਤ ਕੀਤਾ। ਆਪਣੇ ਦੌਰੇ ਦੌਰਾਨ ਸਿੱਖਿਆ ਮੰਤਰੀ ਨੇ ਉਨ੍ਹਾਂ ਦੇ ਸਹਿਯੋਗ ਅਤੇ ਮੁਹਾਰਤ ਲਈ ਸ਼ਲਾਘਾ ਕੀਤੀ ਅਤੇ ਸੂਬੇ ਵਿੱਚ ਸਕੂਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਦੀ ਭੂਮਿਕਾ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਫਿਨਲੈਂਡ ਦੇ ਇਨ੍ਹਾਂ ਮਾਹਿਰਾਂ ਦੀ ਮੌਜੂਦਗੀ ਪੰਜਾਬ ਅਤੇ ਫਿਨਲੈਂਡ ਦਰਮਿਆਨ ਵਿਦਿਅਕ ਮਿਆਰਾਂ ਨੂੰ ਸੁਧਾਰਨ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੂਝ ਅਤੇ ਮਾਰਗਦਰਸ਼ਨ, ਸਿਖਲਾਈ ਪਾਠਕ੍ਰਮ ਤਿਆਰ ਕਰਨ ਅਤੇ ਗਿਆਨ ਦੇ ਸਫ਼ਲ ਆਦਾਨ-ਪ੍ਰਦਾਨ ਨੂੰ ਯਕੀਨੀ ਬਣਾਉਣ ਵਿੱਚ ਲਾਹੇਵੰਦ ਸਾਬਤ ਹੋਵੇਗੀ।
ਸ. ਬੈਂਸ ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਪ੍ਰਾਇਮਰੀ ਸਕੂਲ ਅਧਿਆਪਨ ਤਕਨੀਕਾਂ ਨਾਲ ਲੈਸ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਪਹਿਲ ਅਧਿਆਪਕਾਂ ਨੂੰ ਹੁਨਰ ਅਤੇ ਅਧਿਆਪਨ ਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਕਰੇਗੀ ਜੋ ਉਨ੍ਹਾਂ ਦੇ ਅਧਿਆਪਨ ਤਜਰਬਿਆਂ ਨੂੰ ਹੋਰ ਨਿਖਾਰਨ ਦੇ ਨਾਲ-ਨਾਲ ਕਲਾਸਰੂਮ ਵਿੱਚ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੋਵੇਗੀ। ਇਹ ਪ੍ਰੋਗਰਾਮ ਨਵੀਨਤਾਕਾਰੀ ਅਧਿਆਪਨ ਰਣਨੀਤੀਆਂ ‘ਤੇ ਕੇਂਦ੍ਰਤ ਹੈ ਜੋ ਆਧੁਨਿਕ ਵਿਦਿਅਕ ਮਿਆਰਾਂ ਨਾਲ ਮੇਲ ਖਾਂਦੀਆਂ ਹਨ, ਜੋ ਇਹ ਯਕੀਨੀ ਬਣਾਉਂਦੀਆਂ ਹਨ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਦੀਆਂ ਸਾਰੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਲਈ ਚੰਗੀ ਤਰ੍ਹਾਂ ਤਿਆਰ ਹਨ।
ਇਸ ਸਕੂਲ ਦੇ ਦੌਰੇ ਦੌਰਾਨ ਨੈਸ਼ਨਲ ਐਵਾਰਡੀ ਆਰਟ ਐਂਡ ਕਰਾਫਟ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਆਪਣੇ ਕਲਾਤਮਕ ਹੁਨਰ ਦਾ ਪ੍ਰਗਟਾਵਾ ਕਰਦੇ ਹੋਏ ਮਹਿਮਾਨਾਂ ਤੋਂ ਇਸ ਯੂਰਪੀਅਨ ਮੁਲਕ ਦੇ ਨਕਸ਼ੇ ‘ਚ ਫਿਨਲੈਂਡ ਦੇ ਝੰਡੇ ਦੀ ਲਾਈਵ ਪੇਂਟਿੰਗ ਤਿਆਰ ਕਰਵਾਈ। ਮਾਹਿਰਾਂ ਦਾ ਇਹ ਸਮੂਹ ਸਕੂਲ ਦੇ ਵਿਦਿਆਰਥੀਆਂ ਦੇ ਕਲਾ ਅਤੇ ਕਰਾਫ਼ਟ ਹੁਨਰ ਤੋਂ ਕਾਫ਼ੀ ਪ੍ਰਭਾਵਿਤ ਹੋਇਆ।
ਸਿੱਖਿਆ ਮੰਤਰੀ ਨੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਪੇਂਟਿੰਗਾਂ ਨਾਲ ਮਾਹਿਰਾਂ ਦੇ ਸਮੂਹ ਦਾ ਸਨਮਾਨ ਵੀ ਕੀਤਾ। ਇਸ ਮੌਕੇ ਡਾਇਰੈਕਟਰ ਸਕੂਲ ਸਿੱਖਿਆ ਮਿਸ ਅਮਨਿੰਦਰ ਕੌਰ ਬਰਾੜ, ਡੀ.ਈ.ਓ. ਗਿੰਨੀ ਦੁੱਗਲ, ਸਕੂਲ ਆਫ਼ ਐਮੀਨੈਂਸ, ਫੇਜ਼ 11 ਦੇ ਪ੍ਰਿੰਸੀਪਲ ਲਵਿਸ਼ ਚਾਵਲਾ ਅਤੇ ਸਕੂਲ ਵਿਭਾਗ ਦੇ ਹੋਰ ਕਰਮਚਾਰੀ ਅਤੇ ਸਕੂਲ ਦਾ ਸਟਾਫ਼ ਵੀ ਮੌਜੂਦ ਸੀ।