ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦਾ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦਾ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ
ਸਿਹਤ ਮੰਤਰੀ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ
ਅੱਠ ਸੌ ਯੋਗ ਉਮੀਦਵਾਰ ਪਿਛਲੇ ਨੌਂ ਮਹੀਨਿਆਂ ਤੋਂ ਨੌਕਰੀ ਦੀ ਉਡੀਕ ਵਿੱਚ ਹੋ ਰਹੇ ਹਨ ਖੱਜਲ-ਖੁਆਰ
ਮਸਲੇ ਦਾ ਹੱਲ ਨਾ ਹੋਣ ਤੇ 19 ਮਈ ਨੂੰ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ
ਚੰਡੀਗੜ੍ਹ,12 ਮਈ () ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈਕੇ ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦਾ ਵਫ਼ਦ ਸੂਬਾ ਪ੍ਰਧਾਨ ਰਣਜੀਤ ਕੌਰ ਦੀ ਅਗਵਾਈ ਹੇਠ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਵੀਰ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮਿਲਿਆ। ਯੂਨੀਅਨ ਦੇ ਵਫ਼ਦ ਨੇ ਸਿਹਤ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪ ਕੇ ਦੱਸਿਆ ਕਿ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ (ਭਰਤੀ ਸੈੱਲ) ਵੱਲੋਂ ਅਗਸਤ 2020 ਨੂੰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਦੀਆਂ 200 ਅਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀਆਂ 600 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਇਸ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੇ ਲਿਖਤੀ ਇਮਤਿਹਾਨ ਅਤੇ ਕਾਊਂਸਲਿੰਗ ਕਰਕੇ ਅੰਤਿਮ ਮੈਰਿਟ ਸੂਚੀ ਤਿਆਰ ਕਰਕੇ ਡਾਇਰੈਕਟੋਰੇਟ ਸਿਹਤ ਵਿਭਾਗ ਪੰਜਾਬ (ਭਰਤੀ ਸੈੱਲ) ਨੂੰ ਭੇਜੀ ਜਾ ਚੁੱਕੀ ਹੈ ਪਰ ਵਿਭਾਗ ਵੱਲੋਂ ਅਜੇ ਤੱਕ ਇਨ੍ਹਾਂ ਉਮੀਦਵਾਰਾਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ।
ਯੂਨੀਅਨ ਦੇ ਵਫ਼ਦ ਨੇ ਮੰਤਰੀ ਨੂੰ ਦੱਸਿਆ ਕਿ ਮਾਨਯੋਗ ਹਾਈਕੋਰਟ ਨੇ ਸਿਵਲ ਰਿੱਟ ਪਟੀਸ਼ਨ 16511 ਮਨਦੀਪ ਕੌਰ v/s ਪੰਜਾਬ ਸਰਕਾਰ ਅਤੇ ਹੋਰਨਾਂ ਰਾਹੀਂ ਇਨ੍ਹਾਂ ਅਸਾਮੀਆਂ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਮਾਣਯੋਗ ਹਾਈਕੋਰਟ ਵਿੱਚ ਅਗਲੀ ਤਾਰੀਕ ਵੀਹ ਅਗਸਤ 2021 ਦੀ ਪਈ ਹੈ ਸੋ ਕਿ ਬਹੁਤ ਦੂਰ ਹੈ। ਉਨ੍ਹਾਂ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ ਦੁਆਰਾ ਕੋਰਟ ਵਿੱਚ ਜਲਦੀ ਸੁਣਵਾਈ ਦੀ ਅਰਜ਼ੀ ਲਗਾ ਕੇ ਇਸ ਕੇਸ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਅਤੇ ਮਨਦੀਪ ਕੌਰ ਦੀ ਇੱਕ ਸੀਟ ਰਿਜ਼ਰਵ ਰੱਖ ਕੇ ਬਾਕੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤਾਂ ਜੋ ਅਸੀਂ ਕਰੋਨਾ ਮਹਾਂਮਾਰੀ ਦੇ ਇਸ ਮਾੜੇ ਸਮੇਂ ਵਿੱਚ ਆਪਣੀਆਂ ਸੇਵਾਵਾਂ ਦੇ ਕੇ ਪੰਜਾਬ ਦੇ ਲੋਕਾਂ ਦੀ ਜਾਨ ਬਚਾ ਸਕੀਏ।
ਸਿਹਤ ਮੰਤਰੀ ਨੇ ਜੱਥੇਬੰਦੀ ਦੇ ਵਫ਼ਦ ਨੂੰ ਭਰਤੀ ਸਬੰਧੀ ਕੇਸਾਂ ਦੀ ਪੈਰਵਾਈ ਕਰਕੇ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾ ਕੇ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ।
ਵਫ਼ਦ ਵਿੱਚ ਸੂਬਾ ਪ੍ਰਧਾਨ ਰਣਜੀਤ ਕੌਰ ਤੋਂ ਇਲਾਵਾ ਸਕੱਤਰ ਸੋਨੀਆ ਰਾਣੀ, ਗੁਰਜੀਤ ਕੌਰ ਲੇਹਲ ਅਤੇ ਰਾਣੀ ਕੌਰ ਨੇ ਮੰਗਾਂ ਦਾ ਜਲਦੀ ਹੱਲ ਨਾ ਹੋਣ ਦੀ ਸੂਰਤ ਵਿੱਚ 19 ਮਈ ਨੂੰ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਮੋਤੀ ਮਹਿਲ ਦਾ ਪਟਿਆਲਾ ਵਿਖੇ ਘਿਰਾਓ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਜਸਮੇਲ ਸਿੰਘ, ਦਵਿੰਦਰ ਕੁਮਾਰ, ਸਤਵੰਤ ਸਿੰਘ ਆਦਿ ਵੀ ਹਾਜ਼ਰ ਸਨ।