ਪਿੰਡਾਂ ਦੇ ਛੱਪੜਾਂ ਵਿਚੋਂ ਗੰਦਾ ਪਾਣੀ, ਗਾਰ ਕੱਢਣ ਅਤੇ ਨਵੀਨੀਕਰਨ ਲਈ ਵਿਆਪਕ ਮੁਹਿੰਮ ਸ਼ੁਰੂ: ਤ੍ਰਿਪਤ ਬਾਜਵਾ
• ਕੋਵਿਡ ਮਹਾਂਮਾਰੀ ਦੌਰਾਨ ਗਰੀਬਾਂ ਨੂੰ ਰੋਜ਼ਗਾਰ ਮਿਲਣ ਨਾਲ ਆਰਥਿਕ ਸਹਾਇਤਾ ਵੀ ਹੋਵੇਗੀ
• ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵਲੋਂ ਕੰਮ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰਨ ਲਈ ਹੁਕਮ ਜਾਰੀ
• ਸੜਕੀ ਹਾਦਸੇ ਰੋਕਣ ਲਈ ਅਵਾਰਾ ਪਸ਼ੂਆਂ ਦੇ ਰੇਡੀਅਮ ਰਿਫਲੈਕਟਰ ਸਟਰੈਪ ਪਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ
• ਅਵਾਰਾ ਕੁੱਤਿਆਂ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਨਸਬੰਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ
ਚੰਡੀਗੜ੍ਹ, 8 ਮਈ: ਸੂਬੇ ਦੇ ਪਿੰਡਾਂ ਵਿੱਚ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪਿੰਡਾਂ ਵਿੱਚ ਪਾਣੀ ਦੇ ਨਿਕਾਸ ਦੀ ਸਮੱਸਿਆਂ ਨੂੰ ਨਜਿੱਠਣ ਲਈ ਰਾਜ ਭਰ ਵਿੱਚ ਛੱਪੜਾਂ ਦੀ ਸਫਾਈ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।ਅੱਜ ਇੱਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦੀਆਂ ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡਾਂ ਵਿੱਚ ਛੱਪੜਾਂ ਦਾ ਗੰਦਾ ਪਾਣੀ ਕੱਢਣ, ਗਾਰ ਕੱਢਣ ਅਤੇ ਨਵੀਨੀਕਰਨ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਰਾਜ ਦੇ 14919 ਛੱਪੜਾਂ ਵਿੱਚੋਂ 12244 ਛੱਪੜਾਂ ਵਿੱਚ ਗੰਦਾ ਪਾਣੀ ਕੱਢਣ ਦਾ ਕੰਮ ਕਰਾਇਆ ਗਿਆ ਸੀ ਅਤੇ 7345 ਛੱਪੜਾਂ ਵਿੱਚ ਗਾਰ ਕੱਢੀ ਗਈ ਸੀ। ਇਸੇ ਤਰਜ਼ ਤੇ ਇਸ ਸਾਲ ਵੀ ਮਈ ਅਤੇ ਜੂਨ ਮਹੀਨੇ ਵਿੱਚ ਛੱਪੜਾਂ ਦੀ ਸਫਾਈ ਦੀ ਮੁਹਿੰਮ ਰਾਜ ਭਰ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ।
ਪੰਚਾਇਤ ਮੰਤਰੀ ਬਾਜਵਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਮਗਨਰੇਗਾ ਦੇ ਤਹਿਤ ਮੁਕੰਮਲ ਕੀਤੇ ਜਾਣਗੇ ਤਾਂ ਕਰੋਨਾਂ ਮਹਾਂਮਾਰੀ ਦੇ ਚੱਲਦਿਆਂ ਆਇਦ ਕੀਤੀਆਂ ਪਾਬੰਦੀਆਂ ਦੋਰਾਨ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ । ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਛੱਪੜਾਂ ਦੀ ਸਫਾਈ ਦੌਰਾਨ 21,22,032 ਮਨੁੱਖੀ ਦਿਹਾੜੀਆਂ ਪੈਦਾ ਕੀਤੀਆਂ ਗਈਆਂ ਸਨ। ਜਿਸ ਨਾਲ ਪਿੰਡਾਂ ਦੇ ਗਰੀਬ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ। ਕੋਵਿਡ ਪਾਬੰਦੀਆਂ ਦੇ ਚੱਲਦਿਆਂ ਮਗਨਰੇਗਾ ਤਹਿਤ ਰੋਜ਼ਗਾਰ ਦੇ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਰਾਜ ਭਰ ਦੇ ਅਧਿਕਾਰੀਆਂ ਨੂੰ ਮਗਨਰੇਗਾ ਕਾਮਿਆਂ ਦੀ ਰਜਿਸਟਰੇਸ਼ਨ ਮੁਹਿੰਮ ਚਲਾਉਣ ਲਈ ਵੀ ਹਦਾਇਤ ਕੀਤੀ ਗਈ ਹੈ।
ਪੰਚਾਇਤ ਮੰਤਰੀ ਬਾਜਵਾ ਨੇ ਰਾਜ ਦੇ ਅਧਿਕਾਰੀਆਂ ਨੂੰ ਉਕਤ ਪ੍ਰੋਜੈਕਟਾਂ ਬਾਰੇ ਸਮਰਪਣ ਦੀ ਭਾਵਨਾਂ ਤੇ ਕੰਮ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਸਮੱਸਿਆਂਵਾਂ ਦਾ ਨਿਵਾਰਨ ਕੀਤਾ ਜਾ ਸਕੇ ।
ਇਸ ਪ੍ਰੋਜੈਕਟ ਨੂੰ ਤੁਰੰਤ ਲਾਗੂ ਕਰਨ ਲਈ ਵਧੀਕ ਮੁੱਖ ਸਕੱਤਰ ਕਮ ਵਿਭਾਗ ਦੀ ਵਿੱਤੀ ਕਮਿਸ਼ਨਰ ਸ੍ਰੀਮਤੀ ਸੀਮਾ ਜੈਨ ਵਲੋਂ ਜਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਵੀਡਿਓ ਕਾਨਫਰੰਸ ਰਾਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਸ੍ਰੀਮਤੀ ਸੀਮਾ ਜੈਨ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਤੇ ਪੰਚਾਇਤਾਂ ਨੂੰ ਆਪਣੇ ਵਿੱਤੀ ਸਰੋਤਾਂ ਤੋਂ ਪ੍ਰਾਪਤ ਹੋਈ ਆਮਦਨ ਵਿੱਚੋਂ ਖਰਚ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।ਉਨ੍ਹਾਂ ਨਾਲ ਹੀ ਦੱਸਿਆ ਕਿ ਪਿੰਡਾਂ ਵਿੱਚ ਅਵਾਰਾ ਪਸ਼ੂਆਂ ਤੋਂ ਹੋਣ ਵਾਲੇ ਹਾਦਸਿਆਂ ਤੋਂ ਨਿਜਾਤ ਦਿਵਾਉਣ ਲਈ ਉਨ੍ਹਾਂ ਨੂੰ ਰੇਡੀਅਮ ਰਿਫਲੈਕਟਰ ਵਾਲੇ ਸਟਰੈਪ ਪਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਅਵਾਰਾ ਕੁੱਤਿਆਂ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਨਸਬੰਦੀ ਦਾ ਕੰਮ ਵੀ ਮੁਹਿੰਮ ਦੇ ਤੌਰ ਤੇ ਸ਼ੁਰੂ ਕੀਤਾ ਜਾ ਰਿਹਾ ਹੈ ।