ਪੰਜਾਬ `ਚ ਕੋਰੋਨਾ ਨਾਲ ਵਿਗੜ ਰਹੇ ਹਾਲਾਤ ਕਾਰਨ ਸੰਗਰੂਰ ਪੀ.ਜੀ.ਆਈ ਸੈਟੇਲਾਈਟ ਸੈਂਟਰ ਫੌਰੀ ਸ਼ੁਰੂ ਕਰੇ ਕੇਂਦਰ ਸਰਕਾਰ: ਪਰਮਿੰਦਰ ਸਿੰਘ ਢੀਂਡਸਾ
ਪੰਜਾਬ `ਚ ਕੋਰੋਨਾ ਨਾਲ ਵਿਗੜ ਰਹੇ ਹਾਲਾਤ ਕਾਰਨ ਸੰਗਰੂਰ ਪੀ.ਜੀ.ਆਈ ਸੈਟੇਲਾਈਟ ਸੈਂਟਰ ਫੌਰੀ ਸ਼ੁਰੂ ਕਰੇ ਕੇਂਦਰ ਸਰਕਾਰ: ਪਰਮਿੰਦਰ ਸਿੰਘ ਢੀਂਡਸਾ
ਸੈਂਟਰ ਨੂੰ ਤੁਰੰਤ ਸਮਰਪਿਤ ਕੋਵਿਡ ਹਸਪਤਾਲ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ ਤਾਂਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ : ਢੀਂਡਸਾ
ਉਨ੍ਹਾ ਕਿਹਾ, ਸੂਬੇ `ਚ ਮੈਡੀਕਲ ਐਮਰਜੈਂਸੀ ਵਰਗੇ ਬਣਦੇ ਜਾ ਰਹੇ ਹਾਲਾਤ ਕਾਰਨ ਮੁੱਖ ਮੰਤਰੀ ਤੇ ਸੰਸਦ ਮੈਬਰਾਂ ਨੂੰ ਕੇਂਦਰੀ ਗ੍ਰਹਿ ਤੇ ਸਿਹਤ ਮੰਤਰੀ ਨਾਲ ਮੁਲਕਾਤ ਕਰਨੀ ਚਾਹੀਦੀ ਹੈ
ਢੀਂਡਸਾ ਨੇ ਪੀ.ਜੀ.ਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੂੰ ਉਚੇਚੇ ਤੌਰ `ਤੇ ਇਸ ਸਬੰਧ ਵਿੱਚ ਸਿਹਤ ਮੰਤਰਾਲੇ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ
ਚੰਡੀਗੜ੍ਹ, 7 ਮਈ 2021: ਦੇਸ਼ ਸਮੇਤ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਕਾਰਨ ਵਿਗੜ ਰਹੇ ਹਾਲਾਤ `ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਲਹਿਰਾਗਾਗਾ ਦੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕੇਂਂਦਰ ਸਰਕਾਰ ਨੂੰ ਸੰਗਰੂਰ ਵਿੱਚ ਬਣੇ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਥੇ ਜਾਰੀ ਇੱਕ ਬਿਆਨ ਵਿੱਚ ਸ਼: ਢੀਂਡਸਾ ਨੇ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਅਤੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਵਿਗੜ ਰਹੇ ਹਾਲਾਤ ਨੂੰ ਵੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸੰਸਦ ਮੈਂਬਰਾਂ ਨੂੰ ਤੁਰੰਤ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਕਰਨ ਦਾ ਸੁਝਾਅ ਦਿੱਤਾ ਹੈ। ਸ: ਢੀਂਡਸਾ ਨੇ ਸੰਗਰੂਰ ਵਿੱਚ ਬਣਕੇ ਤਿਆਰ ਹੋ ਚੁੱਕੇ ਪੀਜੀਆਈ ਦੇ ਸੈਟੇਲਾਈਟ ਸੈਂਟਰ ਨੂੰ ਫੌਰੀ ਸ਼ੁਰੂ ਕਰਨ ਲਈ ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੂੰ ਵੀ ਉਚੇਰੇ ਤੌਰ `ਤੇ ਇਸ ਸਬੰਧ ਵਿੱਚ ਕੇਂਦਰੀ ਸਿਹਤ ਮੰਤਰਾਲੇ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾ ਕਿਹਾ ਕਿ ਚੰਡੀਗੜ੍ਹ ਪੀਜੀਆਈ ਵਿੱਚ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਬੈਡ ਖਾਲੀ ਨਹੀ ਹਨ ਅਤੇ ਪੰਜਾਬ ਵਿੱਚ ਮੈਡੀਕਲ ਐਮਰਜੈਂਸੀ ਵਰਗੇ ਬਣਦੇ ਜਾ ਰਹੇ ਹਾਲਾਤ ਕਾਰਨ ਮਰੀਜ਼ਾਂ ਨੰ ਇਲਾਜ ਲਈ ਭੱਟਕਣਾ ਪੈ ਰਿਹਾ ਹੈ। ਸੂਬੇ ਵਿੱਚ ਅਕਸੀਜਨ ਸਹਾਰੇ ਚੱਲ ਮਰੀਜ਼ਾਂ ਦੀ ਗਿਣਤੀ ਵੀ 10 ਹਜ਼ਾਰ ਤੋਂ ਉਪਰ ਟੱਪ ਚੁੱਕੀ ਹੈ। ਉਨ੍ਹਾ ਕਿਹਾ ਕਿ ਅਜਿਹੇ ਵਿੱਚ ਸੰਗਰੂਰ ਵਿੱਚ ਪਿਛਲੇ ਕੁੱਝ ਸਮੇਂ ਤੋਂ ਬਣਕੇ ਤਿਆਰ ਹੋ ਚੁੱਕੇ ਪੀਜੀਆਈ ਦੇ ਸੈਟੇਲਾਈਟ ਸੈਂਟਰ ਨੂੰ ਤੂਰੰਤ ਚਾਲੂ ਕਰਕੇ ਮਰੀਜ਼ਾਂ ਦਾ ਇਲਾਜ਼ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ ਕਿ ਫਿਲਹਾਲ ਇਸ ਸੈਂਟਰ ਨੂੰ ਸਮਰਪਿਤ ਕੋਵਿਡ ਹਸਪਤਾਲ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ ਤਾਂਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਸ: ਢੀਂਡਸਾ ਨੇ ਇਸਦੇ ਲਈ ਸੂਬੇ ਦੀ ਕੈਪਟਨ ਸਰਕਾਰ ਨੂੰ ਵੀ ਕੇਂਦਰ `ਤੇ ਦਬਾਅ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾ ਕਿਹਾ ਸੰਗਰੂਰ ਸਥਿਤ ਪੀਜੀਆਈ ਦੇ ਸੈਟੇਲਾਈਟ ਸੈਂਟਰ ਵਿੱਚ 300 ਬੈਡ ਦੀ ਸਹੂਲਤ ਹੈ। ਜਿਸ ਨੂੰ ਹਾਲਾਤ ਦੇ ਮੁਤਾਬਕ ਵਧਾਇਆ ਵੀ ਜਾ ਸਕਦਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਥੇ ਤੁਰੰਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਜਿਸ ਨਾਲ ਸੂਬੇ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ ਮਿਲ ਸਕੇ।