ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਿਲੀ ਮਜ਼ਬੂਤੀ, ਕਪੂਰਥਲਾ ਦੇ ਭਾਜਪਾ ਅਤੇ ਅਕਾਲੀ ਆਗੂ ਹੋਏ ਪਾਰਟੀ ਵਿੱਚ ਸ਼ਾਮਲ
.ਆਪ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਪਾਰਟੀ ਵਿੱਚ ਹੋ ਰਹੇ ਨੇ ਸ਼ਾਮਲ : ਹਰਪਾਲ ਸਿੰਘ ਚੀਮਾ
….ਹਰ ਵਰਗ ਦੇ ਲੋਕ ਅੱਜ ਪੰਜਾਬ ਨੂੰ ਬਚਾਉਣ ਲਈ ਇੱਕਠੇ ਹੋ ਕੇ ਆਪ ਵਿੱਚ ਹੋ ਰਹੇ ਨੇ ਸ਼ਾਮਲ
ਚੰਡੀਗੜ, 19 ਅਪ੍ਰੈਲ
ਆਮ ਆਦਮੀ ਪਾਰਟੀ ਦਾ ਕਾਫ਼ਿਲਾ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ, ਹਰ ਰੋਜ ਨਾਮੀ ਤੇ ਪ੍ਰਸਿੱਧ ਵਿਅਕਤੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਾਰਟੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਕਪੂਰਥਲਾ ਤੋਂ ਭਾਜਪਾ ਆਗੂ ਦੀਨ ਬੰਧੂ ਤੇ ਸਰਬਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਤੇ ਮਲਕੀਤ ਸਿੰਘ ਸੋਮਵਾਰ ਨੂੰ ਪਾਰਟੀ ਵਿੱਚ ਸ਼ਾਮਲ ਹੋਏ। ਚੰਡੀਗੜ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਆਪ ਦੇ ਸੀਨੀਅਰ ਨੇਤਾ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਨਾਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਕਪੂਰਥਲਾ ਤੋਂ ਭੰਡਾਲ ਦੋਨਾ ਪਿੰਡ ਦੇ ਕਰਨੈਲ ਸਿੰਘ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ ਰਹਿ ਚੁੱਕੇ ਹਨ। ਉਹ ਅਕਾਲੀ ਦਲ ਦੇ ਦੋ ਸਾਲ ਤੱਕ ਜ਼ਿਲਾ ਜਨਰਲ ਸਕੱਤਰ ਰਹੇ ਸਨ, ਫਿਰ ਭਾਜਪਾ ਦੇ ਬਲਾਕ ਪ੍ਰਧਾਨ ਵੀ ਰਹੇ। ਇਸੇ ਤਰਾਂ ਕਪੂਰਥਲਾ ਦੇ ਡੋਗਰਾਵਾਲਾ ਦੇ ਮਲਕੀਤ ਸਿੰਘ ਪਿਛਲੇ 15 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਸਨ ਅਤੇ ਉਹ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ, ਸਕੱਤਰ ਅਤੇ ਜ਼ਿਲਾ ਉਪ ਪ੍ਰਧਾਨ ਦੇ ਅਹੁੱਦਿਆਂ ‘ਤੇ ਰਹੇ ਸਨ। ਉਨਾਂ ਸੱਤ ਸਾਲਾਂ ਤੱਕ ਭਾਜਪਾ ਵਿੱਚ ਨੌਜਵਾਨ ਵਿੰਗ ਦੇ ਉਪ ਪ੍ਰਧਾਨ ਅਤੇ ਬਲਾਕ ਪ੍ਰਧਾਨ ਵਜੋਂ ਵੀ ਕੰਮ ਕੀਤਾ ਸੀ। ਕਪੂਰਥਲਾ ਦੇ ਹੀ ਚੁਹਰਵਾਲ ਪਿੰਡ ਦੇ ਨਿਵਾਸੀ ਦੀਨ ਬੰਧੂ ਭਾਜਪਾ ਦੇ ਮੰਡਲ ਦੇ ਜਨਰਲ ਸਕੱਤਰ ਅਤੇ ਨੌਜਵਾਨ ਮੋਰਚਾ ਦੇ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ। ਜਦੋਂ ਕਿ ਸਰਬਜੀਤ ਸਿੰਘ ਵੀ ਕਪੂਰਥਲਾ ਜ਼ਿਲੇ ਦੇ ਖੁਖਰੈਣ ਪਿੰਡ ਦੇ ਵਸਨੀਕ ਹਨ ਅਤੇ ਉਹ ਭਾਜਪਾ ਵੱਲੋਂ ਬਲਾਕ ਦੇ ਉਪ ਪ੍ਰਧਾਨ ਵੀ ਰਹੇ ਹਨ।
ਆਪ ਆਗੂ ਹਰਪਾਲ ਸਿੰਘ ਚੀਮਾ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਆਪ ਵਿੱਚ ਸ਼ਾਮਲ ਹੋ ਰਹੇ ਹਨ। ਉਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾ ਕੇ ਅਤੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਵਿੱਚ ਸੁਧਾਰ ਕਰਕੇ ਵਿਕਾਸ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਅੱਜ ਦਿੱਲੀ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਨਿੱਜੀ ਸਕੂਲਾਂ ਤੋਂ ਹਟਾ ਰਹੇ ਹਨ ਅਤੇ ਲੋਕਾਂ ਨੂੰ ਦਿੱਲੀ ਦੇ ਹਸਪਤਾਲਾਂ ਵਿੱਚ ਮੁਫ਼ਤ ‘ਚ ਚੰਗਾ ਇਲਾਜ ਮਿਲ ਰਿਹਾ ਹੈ। ਉਸੇ ਦਾ ਨਤੀਜਾ ਹੈ ਕਿ ਅੱਜ ਦੇਸ਼ ਭਰ ਦੇ ਲੋਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰਦੇ ਹਨ।
ਚੀਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਰ ਵਰਗ ਦੇ ਲੋਕ ਇੱਕਜੁੱਟ ਹੋ ਕੇ ਪੰਜਾਬ ਨੂੰ ਬਚਾਉਣ ਲਈ ਆਪ ਵਿੱਚ ਸ਼ਾਮਲ ਹੋ ਰਹੇ ਹਨ। ਮੁੱਖ ਮੰਤਰੀ ‘ਤੇ ਸ਼ਬਦੀ ਹਮਲਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਉਨਾਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਗੋਂ ਕੈਪਟਨ ਭਾਰਤ ਦੇ ਸਭ ਤੋਂ ਫੇਲ ਮੁੱਖ ਮੰਤਰੀ ਹਨ, ਜਿਨਾਂ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਨਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਯੋਗਦਾਨ ਪਾਉਣਗੇ।