
Aman Arora
ਬਾਜਵਾ ਭਾਜਪਾ ਨੇਤਾਵਾਂ ਨਾਲ ਗੁਪਤ ਮੀਟਿੰਗਾਂ ਕਰ ਰਹੇ ਹਨ, ਰਾਹੁਲ ਗਾਂਧੀ ਨੂੰ ਉਨ੍ਹਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ- ਅਮਨ ਅਰੋੜਾ
ਕਾਂਗਰਸੀ ਆਗੂ ਅਕਸਰ ਆਪਣੇ ਬਾਰੇ ਅਣਜਾਣ ਰਹਿੰਦੇ ਹਨ, ਉਨ੍ਹਾਂ ਨੂੰ ਉਸ ਸਮੇਂ ਹੀ ਪਤਾ ਲਗਦਾ ਹੈ ਜਦੋਂ ਸੁਨੀਲ ਜਾਖੜ ਵਰਗਾ ਕੋਈ ਭਾਜਪਾ ‘ਚ ਸ਼ਾਮਲ ਹੁੰਦਾ ਹੈ: ਅਮਨ ਅਰੋੜਾ
ਬਾਜਵਾ ਦੀ ਨਿਰਾਸ਼ਾ ਤੇ ਭੰਬਲਭੂਸਾ ਪੂਰੀ ਤਰ੍ਹਾਂ ਜੱਗ ਜ਼ਾਹਿਰ ਹੈ, ਸਾਡੇ ਕੋਲ 94 ਵਿਧਾਇਕ ਹਨ, ਜੇਕਰ ਬਾਜਵਾ ਦੀ ਕਾਲਪਨਿਕ ਗਿਣਤੀ 32 ਘੱਟਾ ਦਿੱਤੀ ਜਾਵੇ ‘ਤਾਂ ਵੀ ਪੰਜਾਬ ‘ਚ ‘ਆਪ’ ਦੀ ਹੀ ਸਰਕਾਰ ਹੋਵੇਗੀ: ਅਮਨ ਅਰੋੜਾ
ਪੰਜਾਬ ਦੇ ਲੋਕ ਸਾਡੇ ਚੰਗੇ ਸ਼ਾਸਨ ਨੂੰ ਪਛਾਣਦੇ ਹਨ, ਅਸੀਂ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਰਹੇ ਹਾਂ, ‘ਆਪ’ 2027 ਵਿਚ ਇਸ ਤੋਂ ਵੀ ਵੱਡੇ ਫਤਵੇ ਨਾਲ ਦੋਬਾਰਾ ਸਰਕਾਰ ਬਣਾਵੇਗੀ: ਅਮਨ ਅਰੋੜਾ
ਚੰਡੀਗੜ੍ਹ, 24 ਫਰਵਰੀ, 2025
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋਣਾ ਲਗਭਗ ਤੈਅ ਹੈ। ਬਾਜਵਾ ਦੇ ਹਾਲੀਆ ਸਿਆਸੀ ਵਤੀਰੇ ਅਤੇ ਬੈਂਗਲੁਰੂ ਵਿੱਚ ਕਥਿਤ ਗੁਪਤ ਮੀਟਿੰਗਾਂ ਦਾ ਜ਼ਿਕਰ ਕਰਦਿਆਂ ਅਰੋੜਾ ਨੇ ਦੋਸ਼ ਲਾਇਆ ਕਿ ਉਹ ਪਾਰਟੀ ਨਾਲੋਂ ਆਪਣੀਆਂ ਨਿੱਜੀ ਇੱਛਾਵਾਂ ਨੂੰ ਪਹਿਲ ਦੇ ਰਹੇ ਹਨ।
ਅਮਨ ਅਰੋੜਾ ਨੇ ਕਿਹਾ, “ਪ੍ਰਤਾਪ ਬਾਜਵਾ ਨੇ ਪਹਿਲਾਂ ਹੀ ਬੀਜੇਪੀ ਨਾਲ ਆਪਣੀ ਐਡਵਾਂਸ ਬੁਕਿੰਗ ਪੱਕੀ ਕਰ ਲਈ ਹੈ। ਮੈਂ ਰਾਹੁਲ ਗਾਂਧੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਾਜਵਾ ਨੂੰ ਸਵਾਲ ਕਰਨ ਕਿ ਉਹ ਹਾਲ ਹੀ ਵਿੱਚ ਬੈਂਗਲੁਰੂ ਵਿੱਚ ਕੀ ਕਰ ਰਹੇ ਸਨ ਅਤੇ ਉਹ ਉੱਥੇ ਭਾਜਪਾ ਦੇ ਕਿਹੜੇ ਸੀਨੀਅਰ ਨੇਤਾਵਾਂ ਨੂੰ ਮਿਲੇ ਸਨ? ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਉਨ੍ਹਾਂ ਦੀ ਸਕ੍ਰਿਪਟ ਭਾਜਪਾ ਦਫ਼ਤਰ ਵਿੱਚ ਤਿਆਰ ਕੀਤੀ ਗਈ ਹੈ, ਜਿਵੇਂ ਕਿ ਉਨ੍ਹਾਂ ਦੇ ਭਰਾ ਜੋ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।”
‘ਆਪ’ ਸਰਕਾਰ ‘ਤੇ ਬਾਜਵਾ ਦੇ ਬੇਬੁਨਿਆਦ ਦੋਸ਼ਾਂ ਨੂੰ ਉਜਾਗਰ ਕਰਦਿਆਂ ਅਰੋੜਾ ਨੇ ਕਿਹਾ, “ਉਹ ਅਫਵਾਹਾਂ ਫੈਲਾ ਰਹੇ ਹਨ। ਉਨ੍ਹਾਂ ਦੇ ਬਿਆਨ ‘ਚ ਕੋਈ ਤੁਕ ਨਹੀਂ ਹੈ। ਕਾਂਗਰਸੀ ਆਗੂ ਨੂੰ ਆਪਣੇ ਵਿਧਾਇਕਾਂ ਬਾਰੇ ਵੀ ਪਤਾ ਨਹੀਂ ਹੈ। ਉਹ ਸੰਦੀਪ ਜਾਖੜ ਨੂੰ ਗੁਆ ਚੁੱਕੇ ਹਨ ਅਤੇ ਫਿਰ ਵੀ ਉਹ ਸਾਡੀ ਸਰਕਾਰ ਨੂੰ ਅਸਥਿਰ ਕਰਨ ਦੀ ਗੱਲ ਕਰਦੇ ਹਨ। ਉਨ੍ਹਾਂ ਦੇ ਦਾਅਵੇ ਹਾਸੋਹੀਣੇ ਹਨ।”
ਉਨ੍ਹਾਂ ਕਿਹਾ, “ਪੰਜਾਬ ਵਿੱਚ ‘ਆਪ’ ਸਰਕਾਰ ਕੋਲ 94 ਵਿਧਾਇਕ ਹਨ। ਭਾਵੇਂ ਬਾਜਵਾ ਦੇ 32 ਵਿਧਾਇਕਾਂ ਦੀ ਕਲਪਨਾਤਮਕ ਗਿਣਤੀ ਘਟਾ ਦਿੱਤੀ ਜਾਵੇ, ਫਿਰ ਵੀ ਸਾਡੇ ਕੋਲ 62 ਵਿਧਾਇਕ ਹੋਣਗੇ, ਜੋ ਬਹੁਮਤ ਤੋਂ ਵੱਧ ਹਨ। ਜਦੋਂ ਕਿ ਬਾਜਵਾ ਦੀ ਕਾਂਗਰਸ ਕੋਲ ਸਿਰਫ਼ 15 ਵਿਧਾਇਕ ਹਨ। ਜੇਕਰ ਤੁਸੀਂ ਇਨ੍ਹਾਂ ਦੀ ਗਿਣਤੀ ਵਿੱਚ 32 ਹੋਰ ਜੋੜਦੇ ਹੋ, ਤਾਂ ਵੀ ਉਹ ਸਰਕਾਰ ਨਹੀਂ ਬਣਾ ਸਕਣਗੇ।”
ਅਰੋੜਾ ਨੇ ਬਾਜਵਾ ਨੂੰ ਆਪਣੀ ਪਾਰਟੀ ਨੂੰ ਸੰਭਾਲਣ ‘ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਅਸਥਿਰ ਹੈ। ਉਸ ਦਾ ਹਰ ਵਿਧਾਇਕ ਮੁੱਖ ਮੰਤਰੀ ਜਾਂ ਪਾਰਟੀ ਪ੍ਰਧਾਨ ਬਣਨਾ ਚਾਹੁੰਦਾ ਹੈ। ਬਾਜਵਾ ਨੂੰ ਚਾਹੀਦਾ ਹੈ ਕਿ ਉਹ ਸਾਡੀ ਸਰਕਾਰ ਬਾਰੇ ਬੇਬੁਨਿਆਦ ਅਫਵਾਹਾਂ ਫੈਲਾਉਣ ਦੀ ਬਜਾਏ ਆਪਣੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਆਪਣੀ ਊਰਜਾ ਖਰਚ ਕਰਨ।
ਅਰੋੜਾ ਨੇ ਪੰਜਾਬ ਵਿੱਚ ‘ਆਪ’ ਸਰਕਾਰ ਦੇ ਸਕਾਰਾਤਮਕ ਕੰਮਾਂ ‘ਤੇ ਜ਼ੋਰ ਦਿੰਦਿਆਂ ਕਿਹਾ, “ਸਾਡੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਆਪਣੇ ਵਾਅਦੇ ਪੂਰੇ ਕਰ ਰਹੇ ਹਾਂ। ਆਮ ਆਦਮੀ ਪਾਰਟੀ 2027 ਵਿੱਚ ਹੋਰ ਵੀ ਮਜ਼ਬੂਤ ਫ਼ਤਵੇ ਨਾਲ ਸੱਤਾ ਵਿੱਚ ਆਵੇਗੀ। ਪੰਜਾਬ ਦੇ ਲੋਕ ਸਾਡੇ ਚੰਗੇ ਸ਼ਾਸਨ ਨੂੰ ਪਛਾਣਦੇ ਹਨ,”
‘ਆਪ’ ਆਗੂ ਨੀਲ ਗਰਗ ਨੇ ਕਿਹਾ- ਬਾਜਵਾ ਜਲਦੀ ਹੀ ਭਾਜਪਾ ‘ਚ ਸ਼ਾਮਲ ਹੋਣਗੇ
‘ਆਪ’ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਪ੍ਰਤਾਪ ਬਾਜਵਾ ‘ਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਾਲੋਂ ਆਪਣੀਆਂ ਸਿਆਸੀ ਇੱਛਾਵਾਂ ਨੂੰ ਪਹਿਲ ਦੇਣ ਦਾ ਦੋਸ਼ ਲਾਇਆ। ਗਰਗ ਨੇ ਦੋਸ਼ ਲਾਇਆ ਕਿ ਬੇਂਗਲੁਰੂ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਹਾਲ ਹੀ ਵਿੱਚ ਹੋਈਆਂ ਮੀਟਿੰਗਾਂ ਦੇ ਮੱਦੇਨਜ਼ਰ ਬਾਜਵਾ ਦੇ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਗਰਗ ਨੇ ਕਿਹਾ ਕਿ ਬਾਜਵਾ ਦਾ ਭਾਜਪਾ ‘ਚ ਸ਼ਾਮਲ ਹੋਣਾ ਤੈਅ ਹੈ। ਉਨ੍ਹਾਂ ਨੇ ਭਾਜਪਾ ਦੀ ਟਿਕਟ ਲੈਣ ਦੀ ਤਿਆਰੀ ਕਰ ਲਈ ਹੈ। ਰਾਹੁਲ ਗਾਂਧੀ ਨੂੰ ਤੁਰੰਤ ਉਨ੍ਹਾਂ ਤੋਂ ਬੈਂਗਲੁਰੂ ਵਿੱਚ ਹੋਈਆਂ ਗੁਪਤ ਮੀਟਿੰਗਾਂ ਬਾਰੇ ਸਵਾਲ ਕਰਨਾ ਚਾਹੀਦਾ ਹੈ ਅਤੇ ਪੁੱਛਣਾ ਚਾਹੀਦਾ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਧੋਖਾ ਕਿਉਂ ਦੇ ਰਹੇ ਹਨ?
ਗਰਗ ਨੇ ਉਸਾਰੂ ਵਿਰੋਧੀ ਧਿਰ ਦੀ ਅਗਵਾਈ ਕਰਨ ਵਿੱਚ ਅਸਫਲ ਰਹਿਣ ਲਈ ਵੀ ਬਾਜਵਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਦੀ ਆਸ ਰੱਖਦੇ ਹਨ ਨਾ ਕਿ ਕਿਸੇ ਅਜਿਹੇ ਵਿਅਕਤੀ ਤੋਂ ਜੋ ਬੇਬੁਨਿਆਦ ਅਫਵਾਹਾਂ ਫੈਲਾਉਣ ਵਿੱਚ ਆਪਣਾ ਸਮਾਂ ਬਤੀਤ ਕਰੇ। ਬਾਜਵਾ ਦਾ ਬਿਆਨ ਉਨ੍ਹਾਂ ਦੀ ਨਿਰਾਸ਼ਾ ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਦੀ ਘਾਟ ਨੂੰ ਉਜਾਗਰ ਕਰਦਾ ਹੈ।