ਅੱਜ ਦੀ ਹਕੀਕਤ ਨੂੰ ਮਨੋਰੰਜਨ ਦੇ ਰੰਗ ਨਾਲ ਉਜਾਗਰ ਕਰਦਾ ਫਿਲਮ ‘ਉੜਾ ਆੜਾ’ ਦਾ ਟ੍ਰੇਲਰ

ENTERTAINMENT
By Admin

 

ਇਹ ਫਿਲਮ ਫਰਾਇਡੇ ਰਸ਼ ਮੋਸ਼ਨ ਪਿਕਚਰਸ, ਸ਼ਿਤਿਜ ਚੌਧਰੀ ਫਿਲਮਸ ਅਤੇ ਨਰੇਸ਼ ਕਥੂਰੀਆ ਫਿਲਮਸ ਦੀ ਪੇਸ਼ਕਸ਼ ਹੈ

ਚੰਡੀਗੜ੍ਹ 4 ਜਨਵਰੀ 2019 ਸਾਲ 2018 ਪੰਜਾਬੀ ਸਿਨੇਮਾ ਲਈ ਬਹੁਤ ਹੀ ਜਬਰਦਸਤ ਰਿਹਾ। ਹਾਲ ਹੀ ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਨੇ ਕਲਾ ਦਾ ਪੱਧਰ ਹੋਰ ਵੀ ਵਧਾ ਦਿੱਤਾ ਹੈ। ਹੁਣ ਸਾਲ 2019  ਵਿੱਚ ਵੀ ਪੋਲੀਵੁਡ ਹੋਰ ਵੀ ਬਹੁਤ ਵਧੀਆ ਫਿਲਮਸ ਲੈ ਕੇ ਤਿਆਰ ਹੈ। ਇਸੇ ਲਿਸਟ ਨੂੰ ਹੋਰ ਚਾਰ ਚੰਨ ਲਗਾਉਣ ਲਈ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫਿਲਮ ‘ਉੜਾ ਆੜਾ’ ਨਾਲ ਤਿਆਰ ਹਨ। ਇਹ ਫਿਲਮ 1 ਫਰਵਰੀ 2019 ਨੂੰ ਰਿਲੀਜ਼ ਹੋਵੇਗੀ। ‘ਉੜਾ ਆੜਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਇਹ ਬਹੁਤ ਹੀ ਵਧੀਆ ਹੈ। ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਕੈਮਿਸਟ੍ਰੀ ਟ੍ਰੇਲਰ ਵਿੱਚ ਵੀ ਸਾਫ ਝਲਕਦੀ ਹੈ। ਬਹੁਤ ਹੀ ਲੰਬੇ ਸਮੇਂ ਬਾਅਦ ਇੱਕ ਇਸ ਤਰਾਂ ਦੀ ਫਿਲਮ ਦੇਖਣ ਨੂੰ ਮਿਲੇਗੀ ਜੋ ਸਮਾਜ ਲਈ ਇੱਕ ਆਇਨੇ ਦੇ ਨਾਲ ਮਨੋਰੰਜਨ ਵੀ ਕਰੇਗੀ।

ਇਹ ਫਿਲਮ ਇੱਕ ਸਵਾਲ ਉਠਾਉਂਦੀ ਹੈ ਕਿ ਕਿਵੇਂ ਅੱਜ ਦੇ ਆਧੁਨਿਕ ਸਮਾਜ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਚ ਪੜ੍ਹਾਉਣ ਦੀ ਦੌੜ ਚ ਲੱਗੇ ਹੋਏ ਹਨ, ਜਿਸ ਕਾਰਨ ਬੱਚੇ ਆਪਣੀਆਂ ਜੜਾਂ ਨੂੰ ਸਮਝਣ ਤੋਂ ਅਸਮਰਥ ਹੋ ਜਾਂਦੇ ਹਨ।

ਫਿਲਮ ਦੀ ਕਹਾਣੀ ਇੱਕ ਜੋੜੇ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਬੱਚੇ ਨੂੰ ਇੱਕ ਮਹਿੰਗੇ ਸਕੂਲ ਵਿਚ ਪੜ੍ਹਨ ਭੇਜਦੇ ਹਨ ਪਰ ਜਿਵੇ ਜਿਵੇਂ ਕਹਾਣੀ ਅੱਗੇ ਵਧਦੀ ਹੈ ਅਤੇ ਹਾਲਤ ਬਦਲਦੇ ਹਨ ਤਾਂ ਬੱਚਾ ਆਪਣੇ ਮਾਤਾ ਪਿਤਾ ਨੂੰ ਬਾਕੀ ਬੱਚਿਆਂ ਦੇ ਮਾਤਾ ਪਿਤਾ ਦੇ ਮੁਕਾਬਲੇ ਨੀਵਾਂ ਸਮਝਣਾ ਸ਼ੁਰੂ ਕਰ ਦਿੰਦਾ ਹੈ। ‘ਉੜਾ ਆੜਾ’ ਦੀ ਕਹਾਣੀ ਸਾਡੀ ਜ਼ਿੰਦਗੀਆਂ ਵਿੱਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸਦੀ ਕਹਾਣੀ ਲਿਖੀ ਹੈ ਅਤੇ ਨਰੇਸ਼ ਕਥੂਰੀਆ ਅਤੇ ਸੁਰਮੀਤ ਮਾਵੀ ਨੇ ਇਸਦਾ ਸਕ੍ਰੀਨਪਲੇ ਲਿਖਿਆ ਹੈ। ਇਸ ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਦੇ ਲੇਬਲ ਤੋਂ ਰਿਲੀਜ਼ ਹੋਵੇਗਾ।

ਤਰਸੇਮ ਜੱਸੜ ਨੇ ਫਿਲਮ ਦੇ ਟ੍ਰੇਲਰ ਬਾਰੇ ਕਿਹਾ, “ਇਹ ਇੱਕ ਬਹੁਤ ਹੀ ਖਾਸ ਪ੍ਰੋਜੈਕਟ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਮੇਰੀ ਅਤੇ ਨੀਰੂ ਬਾਜਵਾ ਦੀ ਕੈਮਿਸਟ੍ਰੀ ਨੂੰ ਅਪਨਾਉਣਗੇ ਅਤੇ ਪਸੰਦ ਕਰਨਗੇ। ਮੈਂ ਇਸ ਫਿਲਮ ਨਾਲ ਦਰਸ਼ਕਾਂ ਨਾਲ ਜੁੜਨਾ ਚਾਹੁੰਦਾ ਹਾਂ ਅਤੇ ਇਕ ਖੂਬਸੂਰਤ ਸੰਦੇਸ਼ ਦੇਣਾ ਚਾਹੁੰਦਾ ਹਾਂ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ  ‘ਉੜਾ ਆੜਾ’ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਵੇਗੀ ਅਤੇ ਜਿਸ ਨਾਲ ਸਮਾਜ ਵਿੱਚ ਬਦਲਾਵ ਆਵੇਗਾ। ਸਾਨੂੰ ਇਸ ਫਿਲਮ ਨੂੰ ਸ਼ੂਟ ਕਰਨ ਵਿੱਚ ਬਹੁਤ ਮਜ਼ਾ ਆਇਆ। ਇਹ ਇੱਕ ਬਹੁਤ ਹੀ ਅਲੱਗ ਕਾਨਸੈਪਟ ਹੈ ਅਤੇ ਡਾਇਰੈਕਟਰ ਸ਼ਿਤਿਜ ਚੌਧਰੀ ਨੇ ਇਸ ਫਿਲਮ ਨੂੰ ਖਾਸ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡੀ। ਅਤੇ ਨਰੇਸ਼ ਕਥੂਰੀਆ ਦੀ ਲਿਖਾਈ ਦਾ ਮੈਂ ਸ਼ੁਰੂ ਤੋਂ ਹੀ ਮੁਰੀਦ ਹਾਂ।”

ਨੀਰੂ ਬਾਜਵਾ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਲ 2019 ਵੀ ਸਾਲ 2018 ਦੀ ਤਰਾਂ ਹੀ ਖਾਸ ਰਹੇਗਾ। ਤਰਸੇਮ ਜੱਸੜ ਅਤੇ ਡਾਇਰੈਕਟਰ ਸ਼ਿਤਿਜ ਚੌਧਰੀ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਖਾਸ ਰਿਹਾ। ਸਾਰੀ ਕਾਸਟ ਅਤੇ ਕਰੂ ਦੀ ਮਦਦ ਨਾਲ ਜੋ ਫਿਲਮ ਬਣੀ ਹੈ ਉਹ ਦਰਸ਼ਕ ਜਰੂਰ ਪਸੰਦ ਕਰਨਗੇ।”

ਫਿਲਮ ਦੇ ਡਾਇਰੈਕਟਰ ਸ਼ਿਤਿਜ ਚੌਧਰੀ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਗਿਣਤੀ ਤੋਂ ਜਿਆਦਾ ਕੁਆਲਟੀ ਤੇ ਭਰੋਸਾ ਕੀਤਾ ਹੈ। ਫਿਲਮ ‘ਉੜਾ ਆੜਾ’ ਇੱਕ ਇਸ ਤਰਾਂ ਦੀ ਫਿਲਮ ਹੈ ਜੋ ਪੰਜਾਬੀ ਸਿਨੇਮਾ ਵਿੱਚ ਬਦਲਾਵ ਲੈ ਕੇ ਆਵੇਗੀ। ਮੈਂ ਇਸ ਫਿਲਮ ਨਾਲ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਸੇ ਦੀ ਸਫਲਤਾ ਉਸਦੀ ਅੰਗਰੇਜ਼ੀ ਦੀ ਜਾਣਕਾਰੀ ਤੇ ਨਿਰਭਰ ਨਹੀਂ ਕਰਦੀ। ਬਲਕਿ ਇਸ ਪੱਖ ਤੇ ਨਿਰਭਰ ਕਰਦੀ ਹੈ ਕਿ ਉਹ ਇਨਸਾਨ ਕਿੰਨੀ ਮੇਹਨਤ ਕਰਦਾ ਹੈ। ਇਹ ਇੱਕ ਪਰਿਵਾਰਿਕ ਫਿਲਮ ਹੈ ਜੋ ਅੱਜ ਦੀ ਹਕੀਕਤ ਨੂੰ ਬਿਆਨ ਕਰਦੀ ਹੈ ਅਤੇ ਬੱਚਿਆਂ ਦੀ ਪੜਾਈ ਪ੍ਰਤੀ ਸੋਚ ਨੂੰ ਬਦਲੇਗੀ।”

ਫਿਲਮ ਦੇ ਪ੍ਰੋਡੂਸਰ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਨੇ ਕਿਹਾ, “ਅਸੀਂ ਬਹੁਤ ਲੰਬੇ ਸਮੇਂ ਤੋਂ ਮਨੋਰੰਜਨ ਜਗਤ ਵਿੱਚ ਹਾਂ ਅਤੇ ਅਸੀਂ ਖੁਸ਼ ਹਾਂ ਕਿ ਸਾਡੀ ਇੱਕ ਵਧੀਆ ਫਿਲਮ ਬਣਾਉਣ ਦੀ ਉਡੀਕ ਖਤਮ ਹੋਈ ਹੈ। ਅਸੀਂ ਜਾਣਦੇ ਹਾਂ ਕਿ ਅੱਜ ਕੱਲ ਫਿਲਮ ਦਾ ਵਿਸ਼ਾ ਹੀ  ਮੁੱਖ ਹੈ ਅਤੇ ਅਸੀਂ ਇਸ ਨਾਲ ਬਿਲਕੁਲ ਵੀ ਸਮਝੌਤਾ ਨਹੀਂ ਕਰ ਸਕਦੇ ਅਤੇ ਫਿਲਮ ‘ਉੜਾ ਆੜਾ’ ਨਾਲ ਇੱਕ ਵਧੀਆ ਵਿਸ਼ਾ ਲੈ ਕੇ ਆ ਰਹੇ ਹਾਂ। ਸਾਨੂੰ ਇਸ ਫਿਲਮ ਤੋਂ ਬਹੁਤ ਉਮੀਦ ਹੈ ਕਿ ਦਰਸ਼ਕ ਇਸ ਤਰਾਂ ਦੇ ਵਿਸ਼ੇ ਨੂੰ ਪਸੰਦ ਕਰਨਗੇ ਜਿਸ ਨਾਲ ਸਮਾਜ ਨੂੰ ਇੱਕ ਸੰਦੇਸ਼ ਮਿਲੇਗਾ।”

ਇਹ ਫਿਲਮ 1 ਫਰਵਰੀ 2019 ਨੂੰ ਰਿਲੀਜ਼ ਹੋਵੇਗੀ।

Leave a Reply