Punjab

ਭ੍ਰਿਸ਼ਟ ਪਾਰਟੀਆਂ ਅੱਜ ਤੋਂ ਸ਼ਰਾਬ ਤੇ ਪੈਸੇ ਵੰਡਣਗੀਆਂ, ਉਨਾਂ ਤੋਂ ਸਾਵਧਾਨ ਰਹਿਣਾ: ਭਗਵੰਤ ਮਾਨ

– ਵੋਟ ਖਰੀਦਣ ਵਾਲਾ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ, ਸਰਕਾਰ ਬਣਾ ਕੇ ਪੰਜ ਸਾਲ ਮੌਜ ਕਰੇਗਾ: ਭਗਵੰਤ ਮਾਨ
-ਇਸ ਵਾਰ ਪੰਜਾਬ ਬਚਾਉਣ ਲਈ ਵੋਟ ਜ਼ਰੂਰ ਪਾਓ, ਭ੍ਰਿਸ਼ਟਾਚਾਰ-ਮਾਫੀਆ ਖਤਮ ਕਰਨ ਲਈ ਵੋਟ ਪਾਉਣੀ ਹੈ: ਭਗਵੰਤ ਮਾਨ
– ਭਗਵੰਤ ਮਾਨ ਨੇ ਲਖਵੀਰ ਰਾਏ ਅਤੇ ਗੁਰਿੰਦਰ ਸਿੰਘ ਗੈਰੀ ਵੜਿੰਗ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ
ਫਤਿਹਗੜ ਸਾਹਿਬ/ ਚੰਡੀਗੜ,18 ਫਰਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਫਤਿਹਗੜ ਸਾਹਿਬ ਅਤੇ ਅਮਲੋਹ ਤੋਂ ‘ਆਪ’ ਦੇ ਉਮੀਦਵਾਰਾਂ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਗੁਰਿੰਦਰ ਸਿੰਘ ਗੈਰੀ ਵੜਿੰਗ ਦੇ ਹੱਕ ਵਿੱਚ ਵੱਖ- ਵੱਖ ਥਾਂਵਾਂ ‘ਤੇ ਚੋਣ ਮਾਰਚ ਕੀਤਾ। ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ 20 ਤਰੀਕ ਆਪਣੀ ਕਿਸਮਤ ਆਪ ਲਿਖਣ ਦਾ ਮੌਕਾ ਹੈ। ਇਸ ਲਈ ਪੰਜਾਬ ਦੇ ਲੋਕ ਇੱਕ ਇੱਕ ਵੋਟ ‘ਝਾੜੂ’ ਦੇ ਨਿਸ਼ਾਨ ‘ਤੇ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣਾਉਣਗੇ।
ਸ਼ੁੱਕਰਵਾਰ ਨੂੰ ਅਮਲੋਹ ਦੇ ਉਮੀਦਵਾਰ ਗੈਰੀ ਵੜਿੰਗ ਦੇ ਹੱਕ ‘ਚ ਮੰਡੀ ਗੋਬਿੰਦਗੜ ਅਤੇ ਫਤਿਹਗੜ ਸਾਹਿਬ ਦੇ ਉਮੀਦਵਾਰ ਲਖਵੀਰ ਸਿੰਘ ਰਾਏ ਦੇ ਹੱਕ ‘ਚ ਸਰਹੰਦ ਵਿਖੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡੀ ਗੋਬਿੰਦਗੜ ਲੋਹੇ ਦੀ ਮੰਡੀ ਹੋਇਆ ਕਰਦੀ ਸੀ। ਮੰਡੀ ਗੋਬਿੰਦਗੜ ਵਿੱਚ ਖੰਨਾ, ਅਮਲੋਹ, ਸਰਹੰਦ ਸਮੇਤ ਪੰਜਾਬ ਭਰ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ, ਪਰ ਅੱਜ ਫੈਕਟਰੀਆਂ ਬੰਦ ਪਈਆਂ ਹਨ। ਬੰਦੀ ਪਈਆਂ ਫੈਕਟਰੀਆਂ ਮੁੱੜ ਚਾਲੂ ਕਰਨੀਆਂ ਹਨ ਅਤੇ ਰੋਜ਼ਗਾਰ ਪੈਦਾ ਕਰਨਾ ਹੈ। ਮਾਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭ੍ਰਿਸ਼ਟ ਪਾਰਟੀਆਂ ਅੱਜ ਤੋਂ ਸ਼ਰਾਬ ਤੇ ਪੈਸੇ ਵੰਡਣਗੀਆਂ। ਵੋਟ ਖਰੀਦਣ ਵਾਲਾ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ ਅਤੇ ਉਹ ਸਰਕਾਰ ਬਣਾ ਕੇ ਪੰਜ ਸਾਲ ਆਪ ਮੌਜ ਕਰੇਗਾ, ਪਰ ਤੁਹਾਨੂੰ ਭੁੱਲ ਜਾਵੇਗਾ।
ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਸ਼ਾ ਮਾਫੀਆ ਨੂੰ ਪੰਜਾਬ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਵਾਰ ਸਾਡੇ ਕੋਲ ਮੌਕਾ ਹੈ, ਨਸ਼ੇ ਵੇਚਣ ਵਾਲਿਆਂ ਨੂੰ ਸਬਕ ਸਿਖਾਉਣ ਦਾ। ਇਸ ਵਾਰ ਮੌਕਾ ਹੈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢ ਕੇ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਣ ਦਾ। ਮਾਂਵਾਂ ਦੇ ਪੁੱਤ ਬਚਾਉਣ ਦਾ। ਸਾਨੂੰ ਸਿਰਫ਼ ਇੱਕ ਦੇਵੋ। ਅਸੀਂ ਇਨਾਂ ਸਵਾਰਥੀ ਆਗੂਆਂ ਅਤੇ ਨਸ਼ਾ ਮਾਫੀਆ ਦੇ ਨਾਪਾਕ ਗਠਜੋੜ ਨੂੰ ਖ਼ਤਮ ਕਰਾਂਗੇ। ਪੰਜਾਬ ‘ਚੋਂ ਨਸ਼ਾ ਤਸਕਰੀ ਪੂਰੀ ਤਰਾਂ ਖ਼ਤਮ ਕਰ ਕੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਕੱਢਾਂਗੇ ਅਤੇ ਉਨਾਂ ਨੂੰ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਵਾਂਗੇ।
ਭਗਵੰਤ ਮਾਨ ਨੇ ਅਪੀਲ ਕੀਤੀ ਕਿ ਇਸ ਵਾਰ ਪੰਜਾਬ ਨੂੰ ਬਚਾਉਣ ਲਈ 20 ਤਰੀਕ ਨੂੰ ‘ਝਾੜੂ’ ਵਾਲਾ ਬਟਨ ਜ਼ਰੂਰ ਦੱਬਇਓ, ਕਿਉਂਕਿ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!