ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਹੈ ਆਨਲਾਈਨ ਪੜਾਈ

Bathinda punjab Web Location
By Admin

6ਵੀਂ ਤੋਂ 12ਵੀਂ ਜਮਾਤ ਤੱਕ ਦਾ ਸਿਲੇਬਸ ਤੇ ਕਿਤਾਬਾਂ ਵੀ ਕੀਤੀਆਂ ਆਨਲਾਈਨ
ਮੁਫ਼ਤ ਕੀਤੇ ਜਾ ਰਹੇ ਹਨ ਆਨਲਾਈਨ ਦਾਖ਼ਲੇ
ਬਠਿੰਡਾ, 10 ਅਪ੍ਰੈਲ : ਮੁਲਕ ਅੰਦਰ ਕਰੋਨਾ ਵਾਇਰਸ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਦੇ ਲਈ ਜਿੱਥੇ ਸੂਬਾ ਸਰਕਾਰ ਅਤੇ ਪੰਜਾਬ ਦੇ ਲੋਕਾਂ ਵਲੋਂ ਇੱਕ ਜੁੱਟ ਹੋ ਕੇ ਇਸ ਬਿਮਾਰੀ ਦਾ ਟਾਕਰਾ ਕੀਤਾ ਜਾ ਰਿਹਾ ਹੈ ਉੱਥੇ ਹੀ ਸਿੱਖਿਆ ਵਿਭਾਗ ਵਲੋਂ ਵੀ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦਿਆਂ ਵਿਦਿਆਰਥੀਆਂ ਦੀ ਪੜਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲਾ ਸਿੱਖਿਆ ਅਫ਼ਸਰ ਸ. ਹਰਦੀਪ ਸਿੰਘ ਤੱਗੜ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਪੜਾਈ ਦਾ ਖ਼ਾਸ ਖਿਆਲ ਰੱਖ਼ਦਿਆਂ ਅਧਿਆਪਕਾਂ ਵਲੋਂ ਜ਼ਿਲੇ ਦੇ 276 ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ ਰਹੇ 34433 ਲੜਕੇ ਤੇ 34322 ਲੜਕੀਆਂ ਨੂੰ ਘਰ ਬੈਠਿਆਂ ਹੀ ਆਨਲਾਈਨ ਪੜਾਈ ਕਰਵਾਈ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿਚ ਨਵੇਂ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਦੇ ਦਾਖ਼ਲੇ ਵੀ ਬਿਨਾਂ ਫ਼ੀਸ ਲਏ ਆਨਲਾਈਨ ਹੀ ਕੀਤੇ ਜਾ ਰਹੇ ਹਨ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 6ਵੀਂ ਤੋਂ 12ਵੀਂ ਜਮਾਤ ਤੱਕ ਦਾ ਸਿਲੇਬਸ ਤੇ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਵੀ ਆਨਲਾਈਨ ਕੀਤੀਆਂ ਗਈਆਂ ਹਨ, ਜਿਨਾਂ ਨੂੰ ਵਿਦਿਆਰਥੀ ਘਰ ਬੈਠੇ ਹੀ ਆਸਾਨੀ ਨਾਲ ਪੜ ਸਕਦੇ ਹਨ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਬਿਨਾਂ ਬੋਰਡ ਵਾਲੀਆਂ ਜਮਾਤਾਂ ਜਿਵੇਂ ਕਿ 7ਵੀਂ, 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜਾਈ ਸਬੰਧਤ ਅਧਿਆਪਕਾਂ ਵਲੋਂ ਵਿਸ਼ੇ ਅਨੁਸਾਰ ਸ਼ੋਸ਼ਲ ਮੀਡੀਆ ਜਿਵੇਂ ਕਿ ਵਟਸਐਪ, ਵੀਡੀਓ ਕਾਲ ਅਤੇ ਟੈਲੀਫੋਨ ਗੱਲਬਾਤ ਰਾਹੀਂ ਕਰਵਾਈ ਜਾ ਰਹੀ ਹੈ। ਅਧਿਆਪਕਾਂ ਵਲੋਂ ਰੋਜ਼ਾਨਾਂ ਵਿਦਿਆਰਥੀਆਂ ਨੂੰ ਪ੍ਰਤੀ ਵਿਸ਼ੇ ਅਨੁਸਾਰ ਕੰਮ ਦਿੱਤਾ ਜਾਂਦਾ ਹੈ ਅਤੇ ਉਸੇ ਕੰਮ ਦਾ ਇੱਕ ਘੰਟੇ ਬਾਅਦ ਵਿਦਿਆਰਥੀਆਂ ਤੋਂ ਫੀਡਬੈਕ ਵੀ ਲਿਆ ਜਾਂਦਾ ਹੈ। ਵਿਦਿਆਰਥੀਆਂ ਵਲੋਂ ਅਧਿਆਪਕਾਂ ਨੂੰ ਪੂਰਨ ਸਹਿਯੋਗ ਦਿੰਦਿਆਂ ਸਵੈ ਇੱਛਾ ਨਾਲ ਪੜਾਈ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ।  
ਉਪ ਜ਼ਿਲਾ ਸਿੱਖਿਆ ਅਫ਼ਸਰ ਸ. ਇਕਬਾਲ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵਾਲੀਆਂ ਜਮਾਤਾਂ ਜਿਵੇਂ ਕਿ 10ਵੀਂ ਅਤੇ 12ਵੀਂ ਦੇ ਰਹਿੰਦੇ ਪੇਪਰਾਂ ਦੀ ਵੀ ਤਿਆਰੀ ਸਬੰਧਤ ਅਧਿਆਪਕਾਂ ਵਲੋਂ ਆਨਲਾਈਨ (ਸ਼ੋਸ਼ਲ ਮੀਡੀਆ) ਦੇ ਜ਼ਰੀਏ ਕਰਵਾਈ ਜਾ ਰਹੀ ਹੈ। ਉਨਾਂ ਦਾ ਇਹ ਵੀ ਕਹਿਣਾ ਹੈ ਕਿ ਰਹਿੰਦੇ ਪੇਪਰਾਂ ਦੀ ਤਿਆਰੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਵਿਦਿਆਰਥੀਆਂ ਦੇ ਪੇਪਰ ਨਹੀਂ ਹੋਣਗੇ।
ਉਨਾਂ ਵਿਦਿਆਰਥੀਆਂ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਹਾਂਮਾਰੀ ਤੋਂ ਬਚਾਅ ਲਈ ਸਮਾਜਿਕ ਦੂਰੀ ਨੂੰ ਬਰਕਰਾਰ ਰੱਖ਼ਦੇ ਹੋਏ ਆਪਣੇ ਘਰ ਵਿਚ ਹੀ ਰਹਿਣ ਅਤੇ ਆਪਣੀ ਪੜਾਈ ਨੂੰ ਨਿਰਵਿਘਨ ਜਾਰੀ ਰੱਖ਼ਣ। ਉਨਾਂ ਇਹ ਵੀ ਕਿਹਾ ਕਿ ਉਹ ਆਪਣੇ ਅਧਿਆਪਕਾਂ ਕੋਲੋਂ ਕਿਸੇ ਵੀ ਸਮੇਂ ਪੜਾਈ ਸਬੰਧੀ ਆਪਣੀਆਂ ਸੇਵਾਵਾਂ ਬਿਨਾਂ ਝਿਜਕ ਲੈ ਸਕਦੇ ਹਨ।


ਉਪ ਜ਼ਿਲਾ ਸਿੱਖਿਆ ਅਫ਼ਸਰ ਨੇ ਇਹ ਵੀ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਆਨਲਾਈਨ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ ਜਿਹੜੇ ਵਿਦਿਆਰਥੀ ਪਹਿਲਾਂ ਹੀ ਸਰਕਾਰੀ ਸਕੂਲਾਂ ਵਿਚ ਪੜਦੇ ਹਨ ਉਨਾਂ ਦਾ ਅਗਲੀਆਂ ਜਮਾਤਾਂ ਵਿਚ ਦਾਖ਼ਲਾ ਕਰ ਦਿੱਤਾ ਗਿਆ ਹੈ ਅਤੇ ਜੋ ਮਾਪੇ ਕਿਸੇ ਹੋਰ ਸਕੂਲ ਵਿੱਚ ਪੜਦੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਦਿਵਾਉਣਾ ਚਾਹੁੰਦੇ ਹਨ ਤਾਂ ਉਨਾਂ ਨੂੰ ਘਰ ਬੈਠੇ ਹੀ ਪਿੰਡ ਦੇ ਸਰਕਾਰੀ ਸਕੂਲ ਦੇ ਮੁਖੀ ਜਾਂ ਕਿਸੇ ਹੋਰ ਅਧਿਆਪਕ ਦੇ ਮੋਬਾਇਲ ਨੰਬਰ ‘ਤੇ ਸੁਨੇਹਾ ਭੇਜ ਕੇ ਜਾਂ ਫ਼ੋਨ ਤੇ ਗਲਬਾਤ ਕਰਕੇ ਦਾਖ਼ਲਾ ਕਰਵਾ ਸਕਦੇ ਹਨ। ਉਨਾਂ ਇਹ ਵੀ ਕਿਹਾ ਕਿ ਨਵੇਂ ਦਾਖ਼ਲੇ ਬਿਨਾਂ ਕਿਸੇ ਫ਼ੀਸ ‘ਤੇ ਦਸਤਾਵੇਜ਼ ਲਿਆ ਕੀਤੇ ਜਾ ਰਹੇ ਹਨ।

Leave a Reply