ਗੁਰੂ ਦੀ ਗੋਲਕ ਲੁੱਟਣ ਕਰਕੇ ਪੁਲਿਸ ਵੱਲੋਂ ਭਗੌੜੇ ਐਲਾਨੇ ਵਿਅਕਤੀ ਦੇ ਮੁੰਹੋ  ਉਪਦੇਸ਼ ਚੰਗੇ ਨਹੀਂ ਲੱਗਦੇ; ਕੋਰ ਕਮੇਟੀ ਵੱਲੋਂ ਜੀ.ਕੇ. ਦੀ ਚਿੱਠੀ ਦਾ ਜਵਾਬ

REGIONAL Web Location
By Admin

ਜੀ.ਕੇ ਨੇ ਅਹੁਦੇ ਛੱਡੇ ਨਹੀਂ ਸਗੋਂ ਸਾਰੇ ਅਹੁਦਿਆਂ ਤੋਂ  ਉਹਨਾਂ ਨੂੰ ਬਰਖ਼ਾਸਤ ਕੀਤਾ
ਨਵੀਂ ਦਿੱਲੀ: 25 ਮਈ:- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਜਿਹੜੇ ਵਿਅਕਤੀ ਨੂੰ ਗੁਰੂ ਦੀ ਗੋਲਕ ਲੁੱਟਣ ਕਰਕੇ ਭਗੌੜਾ ਐਲਾਨਿਆ ਗਿਆ ਹੋਵੇ ਉਸ ਦੇ ਮੂੰਹੋਂ ਉਪਦੇਸ਼ ਚੰਗੇ ਨਹੀਂ ਲਗਦੇ। ਇਹ ਪ੍ਰਤੀਕ੍ਰਿਆ ਅੱਜ ਇਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਗੋਲਕ ਦੀ ਲੁੱਟ ਕਾਰਨ ਪਾਰਟੀ ‘ਚੋਂ ਕੱਢੇ ਜਾਣ ਮਗਰੋਂ ਕੌਮ ਦੇ ਨਾਂ ਲਿਖੀ ਚਿੱਠੀ ਦਾ ਜੁਆਬ ਦਿੰਦਿਆਂ ਜ਼ਾਹਿਰ ਕੀਤੀ ਗਈ।
ਮਨਜੀਤ ਸਿੰਘ ਜੀ.ਕੇ ਵੱਲੋਂ ਲਿਖੀ ਚਿੱਠੀ ਦਾ ਜੁਆਬ ਦਿੰਦਿਆਂ ਕੋਰ ਕਮੇਟੀ ਦੇ ਮੈਂਬਰਾਂ ਜਿਨ੍ਹਾਂ ਵਿਚ ਜਥੇਦਾਰ ਅਵਤਾਰ ਸਿੰਘ ਹਿੱਤ,  ਮਨਜਿੰਦਰ ਸਿੰਘ ਸਿਰਸਾ,  ਹਰਮੀਤ ਸਿੰਘ ਕਾਲਕਾ, ਕੁਲਵੰਤ ਸਿੰਘ ਬਾਠ ਅਤੇ ਜਤਿੰਦਰ ਸਿੰਘ ਸ਼ੰਟੀ ਵੀ ਸ਼ਾਮਿਲ ਸਨ ਨੇ ਕਿਹਾ ਹੈ ਕਿ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਵਿਚ ਫ਼ਸੇ ਜੀ.ਕੇ ਨੂੰ ਬੀਤੇ ਦਿਨ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ ਇਸ ਸਮੇਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਤੇ ਮੀਡੀਆ ਨੂੰ ਗੁਮਰਾਹ ਕਰਨ ਲਈ ਅਜਿਹੀਆਂ ਚਿੱਠੀਆਂ ਲਿਖ ਰਹੇ ਹਨ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਉਪੱਰ ਮਨਜੀਤ ਸਿੰਘ ਜੀ.ਕੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ ਹਨ। ਕਮੇਟੀ ਮੈਂਬਰਾ ਨੇ ਕਿਹਾ ਹੈ ਕਿ ਜੀ.ਕੇ ਨੇ ਅਹੁਦੇ ਛੱਡੇ ਨਹੀਂ ਸਗੋਂ ਸਾਰੇ ਅਹੁਦਿਆਂ ਤੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਉਹਨਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਕੇ ਮਨਜੀਤ ਸਿੰਘ ਜੀ.ਕੇ ਲੋਕਾਂ ਦਾ ਧਿਆਨ ਉਹਨਾ ਵੱਲੋਂ ਕੀਤੀ ਗਈ ਗੋਲਕ ਦੀ ਲੁੱਟ ਤੋਂ ਨਹੀਂ ਹਟਾ ਸਕਦੇ।


ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪ੍ਰਧਾਨ ਨੂੰ ਗੁਰੂ ਦੀ ਗੋਲਕ ਲੁੱਟਣ ਕਰਕੇ ਪ੍ਰਧਾਨਗੀ ਤੋਂ ਜ਼ਲੀਲ ਕਰਕੇ ਲਾਹਿਆ ਗਿਆ ਹੋਵੇ। ਉਹਨਾਂ ਅੱਗੇ ਕਿਹਾ ਕਿ ਉਹ ਵਿਅਕਤੀ ਸਾਨੂੰ ਉਪਦੇਸ਼ ਦੇ ਰਿਹਾ ਹੈ ਜਿਸ ਉਪੱਰ ਅਦਾਲਤ ਨੇ ਗੈਰਜ਼ਮਾਨਤੀ ਧਾਰਾ 409 ਲਗਾਉਣ ਦੇ ਹੁਕਮ ਦਿੱਤੇ ਹਨ ਜਿਸ ਵਿਚ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਅਕਾਲੀ ਆਗੂਆਂ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਮਨਜੀਤ ਸਿੰਘ ਜੀ.ਕੇ ਕੌਮ ਦੇ ਨਾਂ ਤੇ ਚਿੱਠੀਆਂ ਲਿਖ ਕੇ ਉਪਦੇਸ਼ ਦੇ ਰਿਹਾ ਹੈ।
ਪਾਰਟੀ ‘ਚੋਂ ਕੱਢੇ ਗਏ ਮਨਜੀਤ ਸਿੰਘ ਜੀ.ਕੇ ਉਪੱਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਵੇਰ੍ਹਵਾ ਦਿੰਦਿਆਂ ਕੋਰ ਕਮੇਟੀ ਮੈਂਬਰਾ ਨੇ ਦੱਸਿਆ ਕਿ ਕਿਤਾਬਾਂ ਦੀ ਛਪਾਈ ਦੇ ਫ਼ਰਜ਼ੀ ਬਿੱਲ ਬਣਾ ਕੇ ਘੁਟਾਲਾ ਕੀਤਾ ਗਿਆ, ਬੇਟੀ ਦੇ ਨਾਂ ‘ਤੇ ਫ਼ਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦਾ ਵਰਦੀ ਘੁਟਾਲਾ, ਵਿਦੇਸ਼ਾਂ ਤੋਂ ਆਏ ਦਾਨ ਦੀ ਕਰੋੜਾਂ ਰੁਪਏ ਦੀ ਰਕਮ ਦਾ ਘੁਟਾਲਾ, ਕਮੇਟੀ ਦੀਆਂ ਜ਼ਮੀਨਾਂ ਖੁਰਦ-ਬੁਰਦ ਕੀਤੀਆਂ, ਲੱਖਾਂ ਰੁਪਏ ਦਾ ਤੇਲ ਦਾ ਘੁਟਾਲਾ, ਕੱਚੀਆਂ ਪਰਚੀਆਂ ਨਾਲ ਗੋਲਕਾਂ ਚੋਂ ਕਰੋੜਾਂ ਰੁਪਏ ਕੱਢੇ, ਕਬੂਤਰਬਾਜ਼ੀ ਦਾ ਕਰੋੜਾਂ ਰੁਪਏ ਦਾ ਘੁਟਾਲਾ, ਕਮੇਟੀ ਦੇ ਪੈਸੇ ਨਾਲ ਚੇਹਤਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ, ਤਰਪਾਲਾਂ ਦੀ ਖਰੀਦ ਦਾ ਘੁਟਾਲਾ, ਇੱਕ ਵੈਬੱ ਚੈਨਲ ਦੇ ਨਾਂ ‘ਤੇ ਸੱਠ ਲੱਖ ਰੁਪਏ ਦਾ ਗਬਨ, ਜੀ.ਕੇ ਦੇ ਪੀ.ਏ ਵੱਲੋਂ ਕੈਸ਼ੀਅਰ ਤੋਂ ਅੱਸੀ ਲੱਖ ਰੁਪਏ ਦੇ ਕਰੀਬ ਬਿਨਾਂ ਕਿਸੇ ਬਿਲ ਦੇ ਲਏ ਗਏ ਅਤੇ ਹੋਰ ਬਹੁਤ ਸਾਰੇ ਘੁਟਾਲੇ ਗੁਰੂ ਦੀ ਗੋਲਕ ਲੁੱਟ ਕੇ ਕੀਤੇ ਗਏ। ਉਹਨਾਂ ਕਿਹਾ ਕਿ ਅਜੇ ਤਾਂ ਮੁਕੱਦਮੇ ਸ਼ੁਰੂ ਹੋਏ ਹਨ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਜੀ.ਕੇ ਜੇਲ੍ਹ ਜਾਣਗੇ ਤਾਂ ਕੌਮ ਕੀ ਮਹਿਸੂਸ ਕਰੇਗੀ। ਕੌਮ ਨੂੰ ਅਜਿਹੇ ਦਿਨ ਵੀ ਵੇਖਣ ਨੂੰ ਮਿਲਣਗੇ।
ਅਕਾਲੀ ਆਗੂਆਂ ਨੇ ਕਿਹਾ ਕਿ ਕਰੋੜਾਂ ਰੁਪਏ ਗੁਰੂ ਦੀ ਗੋਲਕ ਦੇ ਲੁਟੱਣ ਵਾਲੇ ਵਿਅਕਤੀ ਦੀਆਂ ਚਿੱਠੀਆਂ ਸਿੱਖ ਸੰਗਤ ਨੂੰ ਗੁਮਰਾਹ ਨਹੀਂ ਕਰ ਸਕਦੀਆਂ। ਅਕਾਲੀ ਆਗੂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ ਕੌਮ ਨੂੰ ਇਹ ਚਿੱਠੀਆਂ ਕਦੋਂ ਲਿਖਣਗੇ ਕਿ ਉਹਨਾਂ ਨੇ ਅੱਸੀ ਲੱਖ ਰੁਪਏ ਅਤੇ ਫ਼ਰਜ਼ੀ ਪਰਚੀਆਂ ਰਾਹੀਂ ਇੱਕਵਿੰਜਾ ਲੱਖ ਅਤੇ ਹੋਰ ਕਰੜਾਂ ਰੁਪਏ ਕਿਥੇ ਖਰਚੇ ਹਨ ਉਹਨਾਂ ਕਿਹਾ ਕਿ ਮੈਂ ਮਨਜੀਤ ਸਿੰਘ ਜੀ.ਕੇ ਨੂੰ ਸਲਾਹ ਦਿੰਦਾ ਹਾਂ ਕਿ ਗੁਰੂ ਦੇ ਫ਼ਿਟਕਿਆਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਦਾ ਪੈਸਾ ਵਾਪਿਸ ਕਰਨ ਅਤੇ ਆਪਣੀ ਭੁੱਲ ਬਖ਼ਸ਼ਵਾ ਲੈਣ ਕਿੳਂਕਿ ਗੁਰੂ ਬਖ਼ਸ਼ਣਹਾਰ ਹੈ। ਜਥੇਦਾਰ ਹਿੱਤ ਅਤੇ ਕੋਰ ਕਮੇਟੀ ਮੈਂਬਰਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਤਾਂ ‘ਸੱਜਣ ਠੱਗ’ ਅਤੇ ‘ਕੌਡੇ ਰਾਖ਼ਸ਼’ ਨੂੰ ਵੀ ਬਖ਼ਸ਼ ਦਿੱਤਾ ਸੀ। ਉਹਨਾਂ ਕਿਹਾ ਕਿ ਜੀ.ਕੇ. ਪੁਲਿਸ ਤੋਂ ਭਗੌੜਾ ਹੋਵੇ ਕੋਈ ਗੱਲ ਨਹੀਂ ਪਰ ਗੁਰੂ ਤੋਂ ਭਗੌੜਾ ਨਾ ਹੋਵੇ, ਨਹੀਂ ਤਾਂ ਇਹਨਾਂ ਪਾਪਾਂ ਦੀ ਬੜੀ ਵੱਡੀ ਸਜ਼ਾ ਮਿਲੇਗੀ।

Leave a Reply