ਲੁਧਿਆਣਾ ‘ਚ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰੈੱਸ-ਕਾਨਫਰੰਸ ਦਾ ਵਿਰੋਧ,ਰਾਜਪੁਰਾ ‘ਚ ਭਾਜਪਾ ਆਗੂਆਂ ਨੂੰ ਵਰਚੂਅਲ-ਸੈਮੀਨਾਰ ਕਰਨ ਤੋਂ ਰੋਕਿਆ

ਚੰਡੀਗੜ੍ਹ : ਪੰਜਾਬ ਭਰ ‘ਚ ਭਾਜਪਾ ਆਗੂਆਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ-ਅੰਦੋਲਨ ਦੇ 17ਵੇਂ ਦਿਨ ਵੀ ਕਿਸਾਨ ਜਥੇਬੰਦੀਆਂ ਨੇ ਰੇਲਵੇ-ਲਾਇਨਾਂ, ਟੋਲ-ਪਲਾਜਿਆਂ, ਰਿਲਾਇੰਸ-ਪੰਪਾਂ ਅਤੇ ਭਾਜਪਾ-ਆਗੂਆਂ ਦੇ ਘਰਾਂ ਮੂਹਰੇ ਲਾਏ ਮੋਰਚਿਆਂ ਨੂੰ ਜੋਸ਼ੋ-ਖਰੋਸ਼ ਨਾਲ ਮਘਾਈ ਰੱਖਿਆ। ਕੇਂਦਰ ਸਰਕਾਰ ਵੱਲੋਂ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਨੂੰ ਸੱਦਣ ਉਪਰੰਤ ਅਣਗੌਲਿਆਂ ਕਰਨ ਖ਼ਿਲਾਫ਼ ਰੋਸ-ਪ੍ਰਗਟਾਉਂਦਿਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਹਜ਼ਾਰਾਂ ਥਾਵਾਂ ‘ਤੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ।

ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਰਾਜਪੁਰਾ ਵਿਖੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ‘ਚ ਵਰਚੂਅਲ-ਸੈਮੀਨਾਰ ਕੀਤਾ ਜਾਣਾ ਸੀ, ਪਰ ਕਿਸਾਨ-ਆਗੂਆਂ ਵੱਲੋਂ ਸਖ਼ਤ ਵਿਰੋਧ ਕਾਰਨ ਰੱਦ ਕਰਵਾਇਆ ਗਿਆ। ਲੁਧਿਆਣਾ ‘ਚ ਵੀ  ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਲੁਧਿਆਣਾ ਵਿੱਖੇ ਮਹਾਰਾਜਾ ਰੀਜੈਂਸੀ ਵਿੱਚ ਪ੍ਰੈੱਸ-ਕਾਨਫਰੰਸ ਕਰਨ ਮੌਕੇ ਕਿਸਾਨ-ਜੱਥੇਬੰਦੀਆਂ ਨੇ ਜ਼ਬਰਦਸਤ ਵਿਰੋਧ ਕੀਤਾ। ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਕਾਲੇ ਝੰਡੇ ਵਿਖਾਏ ਅਤੇ ਰੋਹ ਭਰਪੂਰ ਰੈਲੀ ਕਰਕੇ ਮੋਦੀ ਦਾ ਪੁਤਲਾ ਫੂਕਿਆ।