Punjab

ਕੌਮਾਂਤਰੀ ਮਹਿਲਾ ਦਿਵਸ : ਔਰਤ ਕਿਸਾਨ ਆਗੂਆਂ ਵੱਲੋਂ ਔਰਤ ਮੁਕਤੀ ਲਈ ਜਮਾਤੀ ਸੰਘਰਸ਼ ਤੇਜ਼ ਕਰਨ ਦਾ ਸੱਦਾ* 

ਬੀਕੇਯੂ (ਏਕਤਾ-ਉਗਰਾਹਾਂ) ਵੱਲੋਂ ਅੱਜ 11ਥਾਵਾਂ ‘ਤੇ ਕਾਨਫਰੰਸਾਂ ਕਰਕੇ ਮਨਾਇਆ ਕੌਮਾਂਤਰੀ ਦਿਵਸ
 8 ਮਾਰਚ(   ਰੋਹੀ ਵਾਲਾ   ) ਅੱਜ ਕੌਮਾਂਤਰੀ ਔਰਤ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ‘ਚ 11 ਥਾਵਾਂ ਉੱਤੇ ਵਿਸ਼ਾਲ ਔਰਤ ਕਾਨਫਰੰਸ ਕੀਤੀਆਂ ਗਈਆਂ, ਜਿਨ੍ਹਾਂ ‘ਚ ਦਹਿ-ਹਜ਼ਾਰਾਂ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਉੱਥੇ ਅੱਜ ਭਾਰਤ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਫਾਜ਼ਿਲਕਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀ ਵਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭਨਾਂ ਥਾਵਾਂ ‘ਤੇ ਇਹਨਾਂ ਕਾਨਫਰੰਸਾਂ ਦੀ ਅਗਵਾਈ ਔਰਤ ਆਗੂਆਂ ਵੱਲੋਂ ਹੀ ਕੀਤੀ ਗਈ। *ਉੱਥੇ ਅੱਜ ਜ਼ਿਲ੍ਹਾ ਫਾਜ਼ਿਲਕਾ ਵਿੱਚ ਵੀ ਪਿੰਡ ਰੋਹੀ ਵਾਲਾ ਵਿਖੇ ਇੱਕ ਔਰਤਾ ਦਾ ਵਿਸ਼ਾਲ ਇਕੱਠ ਕੀਤਾ ਗਿਆ ਅੱਜ ਫਾਜ਼ਿਲਕਾ ਤੋ ਜ਼ਿਲ੍ਹਾ ਆਗੂ ਰਾਜ਼ਨਦੀਪ ਕੌਰ ਮੰਮੂ ਖੇੜਾ, ਰਮਨਦੀਪ ਕੌਰ ਰੋਹੀ ਵਾਲਾ, ਕਰਮਜੀਤ ਕੌਰ, ਜਸ਼ਨਪ੍ਰੀਤ ਕੌਰ ਰੌਹੀ ਵਾਲਾ, ਸਿਮਰਜੀਤ ਕੌਰ ਗੁਰੂ ਹਰਸਹਾਏ,* ਸੰਬੋਧਨ ਕੀਤਾ ਤੇ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਲੁਟੇਰੇ ਪ੍ਰਬੰਧ ਅਧੀਨ ਔਰਤਾਂ ਜਮਾਤੀ ਲੁੱਟ ਤੇ ਸਾਮਰਾਜੀ ਦਾਬੇ ਤੋਂ ਇਲਾਵਾ ਪਿਤਰੀ-ਸੱਤਾ ਦਾ ਸੰਤਾਪ ਹੰਢਾਉਂਦੀਆਂ ਹੋਈਆਂ ਦੂਹਰੀ ਗੁਲਾਮੀਂ ਭੋਗ ਰਹੀਆਂ ਹਨ। ਜਦੋਂ ਕਿ ਫਿਰਕੂ ਤੇ ਜਾਤਪਾਤੀ ਵੰਡੀਆਂ ਵਾਲ਼ੀ ਸਮਾਜਿਕ ਵਿਵਸਥਾ ਕਾਰਨ ਦਲਿਤ ਔਰਤਾਂ ਤੀਹਰੇ ਦਾਬੇ ਦਾ ਸ਼ਿਕਾਰ ਬਣੀਆਂ ਹੋਈਆਂ ਹਨ। ਇਹਦੀ ਵਜ੍ਹਾ ਲੋਟੂ ਜਮਾਤਾਂ ਦੇ ਚੌਧਰ ਦਾਬੇ ਦੇ ਨਾਲ-ਨਾਲ ਪਿਤਰੀ ਮਰਦਾਵੇਂ ਦਾਬਾ ਤੇ ਅਖੌਤੀ ਉੱਚ-ਜਾਤੀ ਦਾਬਾ ਹੈ।
             ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਅੰਦਰ ਹੋਏ ਜਨਤਕ ਸੰਘਰਸ਼ਾਂ ਅੰਦਰ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਦੀਆਂ ਲਾਮਬੰਦੀਆਂ ਨੇ ਔਰਤਾਂ ਦੇ ਹੱਕਾਂ ਦੀ ਲਹਿਰ ਲਈ ਵੀ ਇੱਕ ਨਿੱਗਰ ਆਧਾਰ ਸਿਰਜਿਆ ਹੈ। ਇਹਦੇ ਨਾਲ ਔਰਤ ਹੱਕਾਂ ਦੀ ਗੱਲ ਚੱਲਣ ਦਾ ਹਾਂਦਰੂ ਮਾਹੌਲ ਸਿਰਜਿਆ ਗਿਆ ਹੈ। ਉਹਨਾਂ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਲੜੇ ਗਏ ਇਤਹਾਸਿਕ ਕਿਸਾਨ ਸੰਘਰਸ਼ ਦੌਰਾਨ ਕਿਸਾਨ ਮਜ਼ਦੂਰ ਔਰਤਾਂ ਵੱਲੋਂ ਪਾਏ ਅਹਿਮ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਇਸ ਮਿਸਾਲੀ ਸੰਘਰਸ਼ ਸਮੇਤ ਬੀਤੇ ਸਮਿਆਂ ਦੇ ਸੰਘਰਸ਼ਾਂ ਚ ਔਰਤਾਂ ਵੱਲੋਂ ਨਿਭਾਏ ਵਿਲੱਖਣ ਰੋਲ਼ ਸਦਕਾ ਕਿਸਾਨ ਪਰਿਵਾਰਾਂ ‘ਚ ਵੀ ਔਰਤ ਵਿਰੋਧੀ ਜਗੀਰੂ ਰਵਾਇਤਾਂ ਨੂੰ ਖੋਰਾ ਪੈਣ ਲੱਗਾ ਹੈ।
            ਉਹਨਾਂ ਕਿਹਾ ਔਰਤ ਦੀ ਮੁਕਤੀ ਤੇ ਸਮਾਜਿਕ ਬਰਾਬਰੀ ਲਈ ਜਮਾਤੀ ਸੰਘਰਸ਼ਾਂ ਰਾਹੀਂ ਹੀ ਅੱਗੇ ਵਧਿਆ ਜਾ ਸਕਦਾ ਹੈ। ਉਹਨਾਂ ਔਰਤਾਂ ਨੂੰ ਆਪਣੀ ਮੁਕਤੀ ਲਈ ਜਮਾਤੀ ਸੰਘਰਸ਼ਾਂ ਅੰਦਰ ਹੋਰ ਵਧੇਰੇ ਧੜੱਲੇ ਨਾਲ ਨਿੱਤਰਣ ਤੇ ਆਗੂ ਸਫ਼ਾਂ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
        ਉਹਨਾਂ ਕਿਹਾ ਅੱਜ ਸਾਮਰਾਜੀ ਲੁਟੇਰੀਆਂ ਤਾਕਤਾਂ ਅੰਦਰ ਮੰਡੀਆਂ ‘ਤੇ ਕਬਜ਼ੇ ਦੀ ਵਧੀ ਹੋਈ ਲਾਲਸਾ ਸਦਕਾ ਰੂਸ ਵੱਲੋਂ ਯੂਕਰੇਨ ਤੇ ਬੋਲੇ ਹਮਲੇ ਦੌਰਾਨ ਔਰਤਾਂ ਅਤੇ ਬੱਚਿਆਂ ਨੂੰ ਅਥਾਹ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਰੂਸੀ ਤੇ ਯੂਕਰੇਨੀ ਹਾਕਮਾਂ ਦੇ ਲੁਟੇਰੇ ਹਿੱਤਾਂ ਦੇ ਭੇੜ ਕਾਰਨ ਭੜਕਾਈ ਜੰਗ ਤੁਰੰਤ ਬੰਦ ਕੀਤੀ ਜਾਵੇ।
        ਔਰਤ ਆਗੂਆਂ ਨੇ ਕਿਹਾ  ਕਿ ਮੌਜੂਦਾ ਸਮੇਂ ਖੇਤੀ ਕਿੱਤੇ ਨੂੰ ਜਾਗੀਰੂ ਤੇ ਸਾਮਰਾਜੀ ਲੁੱਟ ਤੇ ਦਾਬੇ ਦੇ ਪਾਏ ਹੋਏ ਸੰਗਲਾਂ ਦੀ ਬਦੌਲਤ ਪੈਦਾ ਹੋਏ ਖੇਤੀ ਸੰਕਟ ਕਾਰਨ ਧੜਾਧੜ ਹੋ ਰਹੀਆਂ ਖੁਦਕੁਸ਼ੀਆਂ ਦੇ ਵਰਤਾਰੇ ਦਾ ਸੰਤਾਪ ਸਭ ਤੋਂ ਵੱਧ ਔਰਤਾਂ ਨੂੰ ਭੋਗਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟ ਜਗਤ ਖ਼ਿਲਾਫ਼ ਕਿਸਾਨਾਂ ਸਮੇਤ ਸਮੂਹ ਕਿਰਤੀ ਲੋਕਾਂ ਦਾ ਮੱਥਾ ਲੱਗਿਆ ਹੋਇਆ ਹੈ ਉਨ੍ਹਾਂ ਲੁਟੇਰਿਆਂ  ਦਾ ਔਰਤਾਂ ਨਾਲ ਵੀ ਦੁਸ਼ਮਣੀ ਭਰਿਆ ਰਿਸ਼ਤਾ ਹੈ। ਇਹ ਸਾਮਰਾਜੀ ਕੰਪਨੀਆਂ ਇਕ ਹੱਥ ਔਰਤਾਂ ਦੀ  ਦਾਬੇ ਵਾਲੀ ਹਾਲਤ ਦਾ ਲਾਹਾ ਲੈਂਦਿਆਂ ਉਨ੍ਹਾਂ ਦੀ ਕਿਰਤ ਲੁੱਟਦੀਆਂ ਹਨ ਤੇ ਨਾਲ ਹੀ ਆਪਣਾ ਮਾਲ ਵੇਚਣ  ਦੀਆਂ ਮਸ਼ਹੂਰੀਆਂ ਵਿੱਚ ਔਰਤਾਂ ਨੂੰ ਇੱਕ ਵਸਤੂ ਵਜੋਂ ਪੇਸ਼ ਕਰਦੀਆਂ ਹਨ। ਇਨ੍ਹਾਂ ਦੇ ਮੁਨਾਫ਼ਾਖੋਰ ਕਾਰੋਬਾਰਾਂ ਨੇ ਔਰਤ ਨੂੰ ਬਾਜ਼ਾਰ ਵਿਕਦੀ ਵਸਤੂ ‘ਚ ਤਬਦੀਲ ਕਰ ਦਿੱਤਾ ਹੈ। ਇਸ ਲਈ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਔਰਤ ਹੱਕਾਂ ਦੇ ਸੰਘਰਸ਼ ਦਾ ਜੁੜਵਾਂ ਹਿੱਸਾ ਹੈ। ਉਨ੍ਹਾਂ ਕਿਹਾ ਕਿ ਔਰਤ ਹੱਕਾਂ ਦੀ ਲਹਿਰ ਸਾਡੇ ਦੇਸ਼ ਦੀ ਸਾਮਰਾਜ ਤੋਂ ਮੁਕਤੀ ਦੀ ਲਹਿਰ ਦਾ ਅਹਿਮ ਅੰਗ ਬਣਦੀ ਹੈ ਤੇ ਨਾਲ ਹੀ ਜਗੀਰੂ ਲੁੱਟ ਖਸੁੱਟ ਦੇ ਖ਼ਾਤਮੇ ਲਈ ਲੜੇ ਜਾਣ ਵਾਲੇ ਸੰਘਰਸ਼ ਔਰਤ ਦੀ ਗੁਲਾਮੀ ਦੇ ਸੰਗਲ ਤੋੜਨ ਵਾਲੇ ਸੰਘਰਸ਼ ਬਣਦੇ ਹਨ। ਇਉਂ ਔਰਤ ਹੱਕਾਂ ਦੀ ਲਹਿਰ ,ਕਿਸਾਨ ਮਜ਼ਦੂਰ ਤੇ ਲੋਕ ਹੱਕਾਂ ਦੀ ਲਹਿਰ ਦਾ ਜੁੜਵਾਂ ਹਿੱਸਾ ਹੈ।
        ਇਸ ਮੋਕੇ ਤੇ ਜਨਰਲ ਸਕੱਤਰ ਗੁਰਬਾਜ਼ ਚੱਕ ਜਾਨੀਸਰ, ਜ਼ਿਲ੍ਹਾ ਸਲਾਹਕਾਰ ਪੂਰਨ ਸਿੰਘ ਤੰਬੂਵਾਲਾ, ਸੁਰਜੀਤ ਸਿੰਘ ਜ਼ਿਲਾ ਸਲਾਹਕਾਰ, ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ,ਜ਼ਿਲ੍ਹਾ ਆਗੂ ਜਗਸੀਰ ਸਿੰਘ ਘੌਲਾ, ਜ਼ਿਲ੍ਹਾ ਵਿੱਤ ਸਕੱਤਰ ਜਸਪਾਲ ਸਿੰਘ,ਅਮਿ੍ਰਤਪਾਲ ਸਿੰਘ ਨਰੇਗਾ ਆਦਿ ਨੇ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!