ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੀਰੂਮੱਲ ਚੌਲ ਮਿੱਲ ਵਿੱਚ 40 ਕਰੋੜ ਰੁਪਏ ਦੇ ਝੋਨਾ ਘੁਟਾਲਾ ਮਾਮਲੇ ਵਿੱਚ ਭਗੌੜਾ ਡੀ.ਐਫ.ਐਸ.ਸੀ. ਗ੍ਰਿਫ਼ਤਾਰ

Punjab
By Admin

ਚੰਡੀਗੜ੍ਹ , 26 ਮਈ :

 

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ (ਡੀਐਫਐਸਸੀ) ਅੰਮ੍ਰਿਤਸਰ ਏ.ਪੀ. ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਹੋਰਨਾਂ ਅਧਿਕਾਰੀਆਂ ਅਤੇ ਵੀਰੂਮੱਲ ਮਿਲਖ ਰਾਜ ਚੌਲ ਮਿੱਲ ਦੇ ਮਾਲਕ ਨਾਲ ਮਿਲ ਕੇ ਸਰਕਾਰੀ ਖਜ਼ਾਨੇ ਵਿੱਚ 40 ਕਰੋੜ ਰੁਪਏ ਦਾ ਘਪਲਾ ਕੀਤਾ ਹੈ।

 

ਇਸ ਬਾਰੇ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਈ.ਓ.ਡਬਲਿਊ, ਵਿਜੀਲੈਂਸ ਬਿਊਰੋ, ਸਿੱਟ (ਵਿਸ਼ੇਸ਼ ਜਾਂਚ ਟੀਮ) ਨੇ ਦੋਸ਼ੀ ਡੀ.ਐਫ.ਐਸ.ਸੀ. ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਹੈ ਜੋ ਕਿ ਗ੍ਰਿਫ਼ਤਾਰੀ ਦੇ ਡਰੋਂ ਫਰਾਰ ਸੀ। ਉਨ੍ਹਾਂ ਦੱਸਿਆ ਕਿ ਆਈ.ਪੀ.ਸੀ. ਦੀ ਧਾਰਾ 120-ਬੀ, 406, 409, 420, 467,468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13 (1) (ਡੀ), 13 (2) ਤਹਿਤ ਐਫ.ਆਈ.ਆਰ. ਨੰ. 44 ਪੁਲਿਸ ਥਾਣਾ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਦਰਜ ਹੈ ਅਤੇ ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹਾ ਪੁਲਿਸ ਤੋਂ ਇਸ ਕੇਸ ਦੀ ਜਾਂਚ ਆਪਣੇ ਹੱਥ ਵਿੱਚ ਲਈ ਗਈ ਸੀ।

 

ਉਨ੍ਹਾਂ ਦੱਸਿਆ ਕਿ ਝੋਨੇ ਦੇ ਘੁਟਾਲੇ ਦੇ ਇਸ ਮਾਮਲੇ ਵਿੱਚ ਹੋਰ ਸਹਿ-ਦੋਸ਼ੀ ਜਿਨ੍ਹਾਂ ਵਿੱਚ ਜਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀ ਰਮਿੰਦਰ ਸਿੰਘ ਬਾਠ ਅਤੇ ਸਹਾਇਕ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀ ਵਿਪਨ ਸ਼ਰਮਾ ਅਤੇ ਫੂਡ ਇੰਸਪੈਕਟਰ ਗੁਰਜਿੰਦਰ ਸਿੰਘ ਸ਼ਾਮਲ ਹਨ, ਨੂੰ ਬਿਊਰੋ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੁਝ ਵਿਅਕਤੀ ਅਜੇ ਵੀ ਫਰਾਰ ਹਨ।

 

ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਡੀ.ਐਫ.ਐਸ.ਸੀ. ਨੇ ਵਿਭਾਗੀ ਅਧਿਕਾਰੀਆਂ ਅਤੇ ਵੀਰੂ ਮੱਲ ਮੁਲਖ ਰਾਜ ਚੌਲ ਮਿੱਲ ਦੇ ਮਾਲਕ ਨਾਲ ਮਿਲ ਕੇ ਸਾਜਿਸ਼ ਘੜੀ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਸੂਬਾ ਸਰਕਾਰ ਨੂੰ ਵੱਡਾ ਨੁਕਸਾਨ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਦੋਸ਼ੀ ਅਧਿਕਾਰੀਆਂ ਦੀ ਮਦਦ ਨਾਲ ਵੀਰੂ ਮੱਲ ਮੁਲਖ ਰਾਜ ਚੌਲ ਮਿੱਲ ਦੇ ਮਾਲਕ (ਦੋਸ਼ੀ) ਨੇ ਸਰਕਾਰੀ ਝੋਨੇ ‘ਤੇ ਪੰਜਾਬ ਨੈਸ਼ਨਲ ਬੈਂਕ ਪਾਸੋਂ ਤਕਰੀਬਨ 200 ਕਰੋੜ ਦਾ ਲੋਨ ਲਿਆ ਅਤੇ ਪੀ.ਐਨ.ਬੀ. ਤੇ ਖੁਰਾਕ ਸਿਵਲ ਸਪਲਾਈ ਵਿਭਾਗ ਨਾਲ ਕ੍ਰਮਵਾਰ ਤਕਰੀਬਨ 200 ਕਰੋੜ ਰੁਪਏ ਅਤੇ 40 ਕਰੋੜ ਰੁਪਏ ਦੀ ਠੱਗੀ ਮਾਰੀ

 

ਵਿਜੀਲੈਂਸ ਬਿਊਰੋ ਵੱਲੋਂ ਹੁਣ ਤੱਕ ਦੀ ਜਾਂਚ ਨਾਲ ਉਨ੍ਹਾਂ ਸ਼ੱਕੀ ਵਿਅਕਤੀਆਂ ਵਿਰੁੱਧ ਸਬੂਤ ਸਾਹਮਣੇ ਆਏ ਹਨ ਜੋ ਆਪਣੀਆਂ ਡਿਊਟੀਆਂ ਨਿਭਾਉਣ ਵਿੱਚ ਨਾਕਾਮ ਰਹੇ ਹਨ। ਜੰਡਿਆਲਾ ਵਿਖੇ ਸਥਿਤ ਉਕਤ ਚੌਲ ਮਿੱਲ ਵਿਖੇ ਇਸ ਮਿੱਲ ਦੇ ਮਾਲਕ ਦੁਆਰਾ ਕਰੋੜਾਂ ਰੁਪਏ ਦੀ ਕੀਮਤ ਦੇ ਸਰਕਾਰੀ ਝੋਨੇ ਦੇ ਵੱਡੀ ਮਾਤਰਾ ਵਿੱਚ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ।

 

ਬੁਲਾਰੇ ਨੇ ਦੱਸਿਆ ਕਿ ਦੋਸ਼ੀ ਡੀ.ਐਫ.ਐਸ.ਸੀ. ਦਾ ਰਿਮਾਂਡ ਲੈਣ ਲਈ ਉਸਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ ਤਾਂ ਜੋ ਇਸ ਮਾਮਲੇ ਪਿਛਲੀ ਸਾਜ਼ਿਸ਼ ਅਤੇ ਉਕਤ ਘੁਟਾਲੇ ਵਿਚ ਦੋਸ਼ੀਆਂ ਦੀ ਭੂਮਿਕਾ ਦਾ ਪਤਾ ਲਗਾਇਆ ਜਾ ਸਕੇ।

Leave a Reply