ਪੰਜਾਬ ਦੇ ਸਕੂਲੀ ਗੱਭਰੂ ਫੁੱਟਬਾਲ ਦੇ ਨੈਸ਼ਨਲ ਚੈਂਪੀਅਨ, ਅੰਡਰ 19 ਵਰਗ ‘ਚ ਪੱਛਮੀ ਬੰਗਾਲ ਨੂੰ 3-0 ਨਾਲ ਹਰਾਇਆ

SPORTS
By Admin
‘ਪੜ੍ਹੋ ਪੰਜਾਬ, ਖੇਡੋ ਪੰਜਾਬ’ ਤਹਿਤ ਖੇਡ ਨੀਤੀ ਨਾਲ ਖੇਡਾਂ ਦੀਆਂ ਪ੍ਰਾਪਤੀਆਂ ਦੇ ਬਿਖਰੇ ਰੰਗ
ਫੁਟਬਾਲਰ ਵਿਕਰਾਂਤ ਸਿੰਘ ਸਸਸਸ ਫਗਵਾੜਾ ਸਰਵੋਤਮ ਖਿਡਾਰੀ ਵੱਜੋਂ ਚੁਣਿਆ ਗਿਆ
ਝੁਨਝੁਨੂੰ ਰਾਜਸਥਾਨ ਵਿਖੇ ਨੈਸਨਲ ਸਕੂਲ ਖੇਡਾਂ ‘ਚ ਵੱਡੀ ਪ੍ਰਾਪਤੀ
ਮਨੀਪੁਰ ਵਿਖੇ ਫੈਨਸਿੰਗ ‘ਚ ਵੀ ਚਾਰ ਸੋਨ, ਦੋ-ਦੋ ਚਾਂਦੀ ਤੇ ਕਾਂਸੇ ਦੇ ਤਗਮੇ ਜਿੱਤ ਕੇ ਓਵਰਆਲ ਚੈਂਪੀਅਨ
ਪ੍ਰਾਇਮਰੀ ਖੇਡਾਂ ‘ਚ ਵੀ ਬੱਚਿਆਂ ਨੇ ਰੰਗ-ਬਰੰਗੇ ਟਰੈਕ ਸੂਟਾਂ ‘ਚ ਉਤਸ਼ਾਹ ਤੇ ਜੋਸ਼ ਨਾਲ ਲਿਆ ਵਧ ਚੜ੍ਹ ਕੇ ਹਿੱਸਾ
 ਐੱਸ.ਏ.ਐੱਸ. ਨਗਰ 20 ਨਵੰਬਰ (  ) ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਖੇਡ ਨੀਤੀ ਲਾਗੂ ਕਰਨ ਉਪਰੰਤ ‘ਪੜ੍ਹੋ ਪੰਜਾਬ, ਖੇਡੋ ਪੰਜਾਬ’ ਤਹਿਤ ਸਕੂਲਾਂ ਨੇ ਸਿੱਖਿਆ ਪੱਧਰ ਵਿੱਚ ਗੁਣਾਤਮਿਕ ਸੁਧਾਰ ਦੇ ਨਾਲ਼ ਖੇਡਾਂ ‘ਚ ਵੀ ਪ੍ਰਾਪਤੀਆਂ ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ|
ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਿੱਖਿਆ ਮੰਤਰੀ ਓ ਪੀ ਸੋਨੀ ਦੀ ਅਗਵਾਈ ‘ਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਦੇਖ-ਰੇਖ ਹੇਠ ‘ਪੜ੍ਹੋ ਪੰਜਾਬ, ਖੇਡੋ ਪੰਜਾਬ’ ਤਹਿਤ ਸਕੂਲ ਖੇਡ ਨੀਤੀ ਤਿਆਰ ਕਰਕੇ ਸਕੂਲਾਂ ‘ਚ ਜਿੱਥੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ‘ਇੱਕ ਵਿਦਿਆਰਥੀ-ਇੱਕ ਖੇਡ’ ਦੀ ਗੱਲ ਸ਼ੁਰੂ ਕੀਤੀ ਗਈ ਉੱਥੇ ਨਾਲ ਹੀ ਸਕੂਲਾਂ ‘ਚ ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਲਈ ਰਾਜ ਪੱਧਰੀ ਖੇਡਾਂ ਦਾ ਸਫਲ ਆਯੋਜਨ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ|
ਪਿਛਲੇ ਲਗਾਤਾਰ ਦੋ ਸਾਲਾਂ ਤੋਂ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਤੇ ਸਿੱਖਿਆ ਵਿਭਾਗ ਦੇ ਖੇਡ ਵਿੰਗ ਵੱਲੋਂ ਸਫਲਤਾ ਪੂਰਵਕ ਪ੍ਰਾਇਮਰੀ ਦੀਆਂ ਰਾਜ ਪੱਧਰੀ ਖੇਡਾਂ ਕਰਵਾਈਆਂ ਗਈਆਂ ਜਿਸ ਲਈ ਵਿਭਾਗ ਵੱਲੋਂ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਲਈ ਫੰਡ ਜਾਰੀ ਕੀਤੇ ਗਏ ਅਤੇ ਬੱਚਿਆਂ ਨੇ ਰੰਗ-ਬਰੰਗੇ ਟਰੈਕ-ਸੂਟ ਪਾਕੇ ਮਾਰਚ ਪਾਸਟ ਵੀ ਕੀਤਾ| ਇਹਨਾਂ ਖੇਡਾਂ ‘ਚ ਬੱਚਿਆਂ ਦੀ ਜਿੱਥੇ ਖੇਡਾਂ ਪ੍ਰਤੀ ਮੁਕਾਬਲੇ ਦੀ ਭਾਵਨਾ ਵਧਣ ਦੇ ਨਾਲ-ਨਾਲ ਪੰਜਾਬ ਦੇ ਅਪਰ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਲਈ ਵਧੀਆ ਖਿਡਾਰੀਆਂ ਦੀ ਪਨੀਰੀ ਵੀ ਸਾਹਮਣੇ ਆਈ|
ਇਸਦੇ ਨਾਲ ਹੀ ਸਕੂਲਾਂ ‘ਚ ਬੱਚਿਆਂ ਦੀ ਸਿਹਤ ਨੁੰ ਤੰਦਰੁਸਤ ਰੱਖਣ ਲਈ ਖੇਡ ਨੀਤੀ ਤਹਿਤ ਮੈਰਾਥਨ ਦੌੜ ਕਰਵਾਉਣ ਦਾ ਕਾਰਜ ਵੀ ਕੀਤਾ ਗਿਆ ਜਿਸ ‘ਚ ਸਕੂਲਾਂ ਦੇ ਬੱਚਿਆਂ ਤੇ ਅਧਿਆਪਕਾਂ ਦੇ ਨਾਲ਼-ਨਾਲ਼ ਪਤਵੰਤੇ ਸੱਜਣਾਂ ਨੇ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਹੈ| ਇਸ ਨਾਲ ਬੱਚਿਆਂ ਨੂੰ ਜਿੱਥੇ ਖੇਡਾਂ ਨਾਲ ਜੋੜਿਆ ਜਾਦਾ ਹੈ ਉੱਥੇ ਬੱਚਿਆਂ ਦਾ ਖੁਦ ਦਾ ਸਟੈਮਿਨਾ ਵੀ ਪਤਾ ਚਲ ਜਾਂਦਾ ਹੈ|
ਸਿੱਖਿਆ ਵਿਭਾਗ ਦੀ ਸਕੂਲ ਖੇਡ ਨੀਤੀ ਦਾ ਰੰਗ ਰਾਸ਼ਟਰੀ ਖੇਡਾਂ ‘ਚ ਵੀ ਬਾਖੂਬੀ ਨਜ਼ਰ ਆ ਰਿਹਾ ਹੈ ਜਿਸ ‘ਚ ਡੀਪੀਆਈ ਸੈਕੰਡਰੀ ਸਿੱਖਿਆ ਦੀ ਅਗਵਾਈ ‘ਚ ਪੰਜਾਬ ਦੇ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਵੱਖ-ਵੱਖ ਖੇਡਾਂ ਵਿੱਚ ਰਾਸ਼ਟਰੀ ਪੱਧਰ ‘ਤੇ ਵੀ ਪ੍ਰਾਪਤੀਆਂ ਦਰਜ ਕਰ ਰਹੀਆਂ ਹਨ| ਇਸ ਲਈ ਸਿੱਖਿਆ ਵਿਭਾਗ ਦੇ ਖੇਡ ਵਿੰਗ ਅਤੇ ਸਕੂਲਾਂ ਦੇ ਖੇਡ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸਬੰਧਿਤ ਖੇਡ ਦੀ ਯੋਗ ਅਗਵਾਈ ਦੇ ਕੇ ਸਖਤ ਮਿਹਨਤ ਕਰਵਾਈ ਜਾ ਰਹੀ ਹੈ|
ਸਿੱਖਿਆ ਵਿਭਾਗ ਵੱਲੋਂ ਰਾਸ਼ਟਰ ਪੱਧਰ ਦੇ ਸਕੂਲਾਂ ਖੇਡਾਂ ਦੇ ਅੰਡਰ 19 ਵਰਗ ਵਿੱਚ ਮੁੰਡਿਆਂ ਦੀ ਟੀਮ ਨੇ ਚੈਂਪਅੀਨ ਬਣਨ ਦਾ ਮਾਣ ਹਾਸਲ ਕੀਤਾ ਹੈ| ਰਾਜਸਥਾਨ ‘ਚ ਝੂਨਝੂਨੂੰ ਵਿਖੇ ਹੋਈਆ ਰਾਸ਼ਟਰੀ ਸਕੂਲ ਖੇਡਾਂ ‘ਚ ਫੁੱਟਬਾਲ ਦਾ ਗੜ੍ਹ ਮੰਨੇ ਜਾਂਦੇ ਪੱਛਮੀ ਬੰਗਾਲ ਨੂੰ ਪੰਜਾਬ ਦੇ ਸਕੂਲੀ ਗੱਭਰੂਆਂ ਨੇ 3-0 ਦੇ ਫ਼ਰਕ ਨਾਲ ਹਰਾਇਆ| ਇਸਹਨਾਂ ਰਾਸ਼ਟਰੀ ਖੇਡਾਂ ‘ਚ ਕੁੱਲ 36 ਟੀਮਾਂ ਭਾਗ ਲੈ ਰਹੀਆਂ ਸਨ| ਇਸ ਮੌਕੇ ਪੰਜਾਬ ਦੀ ਟੀਮ ਦੇ ਕੋਚ ਗੁਰਦੀਪ ਸਿੰਘ ਤੇ ਸੋਹਨ ਲਾਲ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਵਿਦਿਆਰਥੀ ਵਿਕਰਾਂਤ ਸਿੰਘ ਨੂੰ ਸਰਵੋਤਮ ਖਿਡਾਰੀ ਵੱਜੋਂ ਚੁਣਿਆ ਗਿਆ ਹੈ|
ਇਸ ਤੋਂ ਇਲਾਵਾ ਮਨੀਪੁਰ ਵਿਖੇ ਆਯੋਜਿਤ ਫੈਂਸਿੰਗ ਦੀ ਖੇਡ ਵਿੱਚ ਵੀ ਵੱਖ-ਵੱਖ ਵਰਗਾਂ ‘ਚ ਪੰਜਾਬ ਨੇ ਸੋਨ ਤੇ ਚਾਂਦੀ ਦੇ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ| ਪੰਜਾਬ ਦੀ ਟੀਮ ਨੇ ਇੱਥੇ ਵੀ ਓਵਰਆਲ ਚੈਂਪਿਅਨ ਬਣ ਕੇ ਰਾਸ਼ਟਰੀ ਪੱਧਰ ‘ਤੇ ਸਕੂਲਾਂ ਦੀ ਖੇਡਾਂ ‘ਚ ਪ੍ਰਾਪਤੀਆਂ ਦਾ ਡੰਕਾ ਬਜਾਇਆ ਹੈ| ਪੂਨੀਤ ਚੋਪੜਾ ਪੰਜੋਲਾ (ਪਟਿਆਲਾ) ਤੇ ਨਵਦੀਪ ਕੌਰ ਅਜਰਾਵਰ (ਪਟਿਆਲਾ) ਨਾਲ ਗਏ ਫੈਂਸਿੰਗ ਖੇਡ ਦੇ ਕੋਚਾਂ ਨੇ ਜਾਣਕਾਰੀ ਦਿੱਤੀ ਕਿ ਵੱਖ-ਵੱਖ ਈਵੈਂਟਾਂ ਵਿੱਚ ਪੰਜਾਬ ਦੀ ਟੀਮ ਨੇ ਚਾਰ ਸੋਨੇ ਦੇ, ਦੋ ਚਾਂਦੀ ਤੇ ਤੇ ਦੋ ਕਾਂਸੀ ਦੇ ਤਗਮੇ ਜਿੱਤ ਕੇ ਸਕੂਲੀ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਤੇ ਖੇਡਾਂ ‘ਚ ਧਾਕ ਜਮਾ ਦਿੱਤੀ ਹੈ|
ਇਹਨਾਂ ਪ੍ਰਾਪਤੀਆਂ ਲਈ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ| ਇਸ ਮੌਕੇ ਪ੍ਰਸ਼ਾਤ ਗੋਇਲ ਡੀਜੀਐੱਸਈ ਪੰਜਾਬ, ਸੁਖਜੀਤਪਾਲ ਸਿੰਘ ਡੀਪੀਆਈ ਸੈਕੰਡਰੀ ਸਿੱਖਿਆ, ਇੰਦਰਜੀਤ ਸਿੰਘ ਡੀਪੀਆਈ ਐਲੀਮੈਂਟਰੀ ਸਿੱਖਿਆ, ਰੁਪਿੰਦਰ ਸਿੰਘ ਰਵੀ ਸਟੇਟ ਕੋਆਰਡੀਨੇਟਰ ਖੇਡਾਂ ਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਹਾਜ਼ਰ ਸਨ|
ਫੋਟੋ: ਰਾਸ਼ਟਰੀ ਪੱਧਰ ‘ਤੇ ਫੂੱਟਬਾਲ ਦੀ ਜੇਤੂ ਟੀਮ ਟਰਾਫੀ ਨਾਲ ਖੁਸ਼ੀ ਦੇ ਰੌਂਅ ਵਿੱਚ

Leave a Reply