“ਪਟਿਆਲਾ ਆਓ ਸਰਕਾਰ ਜਗਾਓ” ਰੈਲੀ ਰਾਹੀ ਪੰਜਾਬ ਦੇ ਸਮੁੱਚੇ ਮੁਲਾਜ਼ਮ ਤੇ ਪੈਨਸ਼ਨਰ 25 ਜੁਲਾਈ ਨੂੰ ਪਟਿਆਲਾ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣਗੇ

Punjab
By Admin

 

 

ਵਾਅਦਿਆ ਤੋਂ ਮੁਕੱਰੀ ਸਰਕਾਰ ਨਾਲ ਮੁੜ ਅੱਡਾ ਲਾਉਣਗੇ ਮੁਲਾਜ਼ਮ

 

 

 

 

ਪਟਿਆਲਾ ਰੈਲੀ ਦੀਆ ਤਿਆਰੀਆ ਜ਼ੋਰਾਂ ਤੇ, ਜ਼ਿਲ੍ਹਾ ਪੱਧਰੀ ਮੀਟਿੰਗਾਂ ਤੋਂ ਬਾਅਦ 17 ਜੁਲਾਈ ਨੂੰ ਪਟਿਆਲਾ, 18 ਜੁਲਾਈ ਨੂੰ ਜਲੰਧਰ ਤੇ 19 ਜੁਲਾਈ ਨੂੰ ਬਠਿੰਡਾ ਵਿਖੇ ਕੀਤੀਆ ਜਾਣਗੀਆ ਤਿਆਰੀ ਕੰਨਵੈਨਸ਼ਨਾਂ

 

12 ਜੁਲਾਈ 2019(ਚੰਡੀਗੜ੍ਹ) ਆਪਣੇ ਹੀ ਕੀਤੇ ਵਾਅਦਿਆ ਤੋਂ ਵਾਰ ਵਾਰ ਮੁਕਰਨ ਅਤੇ ਮੋਜੂਦਾ ਸਮੇਂ ਕੁੰਭਕਰਨੀ ਨੀਂਦ ਵਿਚ ਸੁੱਤੀ ਸੂਬੇ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ “ਪਟਿਆਲਾ ਆਓ ਸਰਕਾਰ ਜਗਾਓ” ਦੇ ਨਵੇ ਨਾਅਰੇ ਹੇਠ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।ਸਰਕਾਰ ਵੱਲੋਂ ਲਗਾਤਾਰ ਸਮੇਂ ਸਮੇਂ ਤੇ  ਮੁਲਾਜ਼ਮਾਂ ਨਾਲ ਮੰਗਾਂ ਮੰਨਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਹਰ ਵਾਰ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 30 ਅਪ੍ਰੈਲ ਤੇ 5 ਮਈ ਨੂੰ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਇਹ ਕਿਹਾ ਸੀ ਕਿ ਹੁਣ ਤੁਹਾਡੇ ਨਾਲ ਮੇਰਾ ਨਿੱਜੀ ਵਾਅਦਾ ਹੈ ਅਤੇ 101% ਤੁਹਾਡੀਆ ਮੰਗਾਂ ਚੋਣ ਜ਼ਾਬਤੇ ਤੋਂ ਤੁਰੰਤ ਬਾਅਦ ਹੱਲ ਕਰ ਦਿੱਤੀਆ ਜਾਣਗੀਆ ਅਤੇ ਲਿਖਤੀ ਭਰੋਸਾ ਦਿੱਤਾ ਸੀ ਕਿ 27 ਮਈ ਨੂੰ ਕੈਬਿਨਟ ਸਬ ਕਮੇਟੀ ਮੁਲਾਜ਼ਮਾਂ ਨਾਲ ਮੀਟਿੰਗ ਕਰੇਗੀ।ਇਸ ਸਬੰਧੀ ਮੁੱਖ ਮੰਤਰੀ ਦੇ ਹੁਕਮਾਂ ਦਾ ਬਕਾਇਦਾ ਪੱਤਰ ਸੂਬੇ ਦੇ ਮੁੱਖ ਸਕੱਤਰ ਵੱਲੋਂ  ਕੈਬਿਨਟ ਸਬ ਕਮੇਟੀ ਨੂੰ ਜ਼ਾਰੀ ਕੀਤਾ ਗਿਆ ਸੀ ਪਰ ਤਕਰੀਬਨ ਢਾਈ ਮਹੀਨੇ ਬੀਤਣ ਦੇ ਬਾਵਜੂਦ ਨਾ ਤਾਂ ਕੈਬਿਨਟ ਸਬ ਕਮੇਟੀ ਨੇ ਮੁਲਾਜ਼ਮਾਂ ਦੀ ਸਰ ਲਈ ਅਤੇ ਨਾ ਹੀ ਮੁੱਖ ਮੰਤਰੀ ਵੱਲੋਂ ਦੁਬਾਰਾ ਮੁਲਾਜ਼ਮਾਂ ਦਾ ਦੁੱਖ ਸੁਣਿਆ ਗਿਆ ਜਿਸ ਦੇ ਰੋਸ ਵਿਚ ਆਏ ਮੁਲਾਜ਼ਮਾਂ ਵੱਲੋਂ ਮੁੜ ਸਰਕਾਰ ਨਾਲ ਅੱਡਾ ਲਾਉਣ ਦਾ ਐਲਾਨ ਕਰ ਦਿੱਤਾ ਤੇ 25 ਜੁਲਾਈ ਨੂੰ ਪਟਿਆਲਾ ਵਿਖੇ ਵੱਡਾ ਇਕੱਠ ਕਰਕੇ ਬਜ਼ਾਰਾਂ ਵਿਚੋਂ ਹੁੰਦੇ ਹੋਏ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣਗੇ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸੱਜਨ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਣਬੀਰ ਢਿੱਲੋਂ, ਜਗਦੀਸ਼ ਚਾਹਲ, ਜਸਵੰਤ ਸਿੰਘ ਜੱਸਾ, ਹਰਭਜਨ ਸਿੰਘ ਪਿਲਖਣੀ, ਰਣਜੀਤ ਸਿੰਘ ਰਾਣਵਾਂ, ਅਸ਼ੀਸ਼ ਜੁਲਾਹਾ, ਗੁਰਮੇਲ ਮੈਡਲੇ, ਮੋਹਨ ਸਿੰਘ, ਜੀਤ ਕੋਰ, ਸਰੋਜ਼ ਰਾਣੀ ਛੱਪੜੀ ਵਾਲਾ,ਕਰਤਾਰਪਾਲ ਸਿੰਘ, ਪਵਨ ਗਡਿਆਲ ਅਮ੍ਰਿੰਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਸਰਕਾਰ ਨੂੰ ਸੂਬੇ ਦੇ ਨੋਜਵਾਨਾਂ, ਬਜੁਰਗਾਂ ਅਤੇ ਮੁਲਾਜ਼ਮਾਂ ਦਾ ਕੋਈ ਫਿਕਰ ਨਹੀ ਹੈ ਅਤੇ ਮੁਲਾਜ਼ਮਾਂ ਨਾਲ ਹਰ ਵਾਰ ਲਾਰਾ ਲਾਓ ਨੀਤੀ ਅਪਣਾਈ ਜਾ ਰਹੀ ਹੈ ਪਰ ਹੁਣ ਮੁਲਾਜ਼ਮ ਸਰਕਾਰ ਦੇ ਝੂਠੇ ਲਾਰਿਆ ਨੂੰ ਆਮ ਜਨਤਾ ਵਿਚ ਰੱਖਣ ਅਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਪਟਿਆਲਾ ਵਿਖੇ ਹੱਲਾ ਬੋਲ ਰਹੇ ਹਨ ਤੇ 25 ਜੁਲਾਈ ਨੂੰ ਮੋਤੀ ਮਹਿਲ ਦੇ ਦਰਵਾਜ਼ੇ ਖੜਕਾ ਕੇ ਸਰਕਾਰ ਨੂੰ ਜਗਾਇਆ ਜਾਵੇਗਾ। ਆਗੂਆ ਨੇ ਕਿਹਾ ਕਿ 25 ਜੁਲਾਈ ਦੀ ਰੈਲੀ ਦੀਆ ਤਿਆਰੀਆ ਲਈ ਜ਼ਿਲ੍ਹਾ ਪਧਰ ਤੇ ਮੀਟਿੰਗਾਂ ਕੀਤੀਆ ਜਾ ਰਹੀਆ ਹਨ ਤੇ 17 ਜੁਲਾਈ ਨੂੰ ਪਟਿਆਲਾ ਜਥੇਬੰਦੀ ਦੇ ਦਫਤਰ ਰਾਜਪੁਰਾ ਕਲੋਨੀ ਵਿਖੇ,18 ਜੁਲਾਈ ਨੂੰ ਜਲੰਧਰ ਕਾਮਰੇਡ ਜਸਵੰਤ ਸਿੰਘ ਸਮਰਾ ਹਾਲ ਵਿਖੇ ਅਤੇ 19 ਜੁਲਈ ਨੂੰ ਬਠਿੰਡਾ ਟੀਚਰ ਹੋਮ ਵਿਖੇ ਕੰਨਵੈਨਸਨਾਂ ਕਰਕੇ ਤਿਆਰੀਆ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ 25 ਜੁਲਾਈ ਨੂੰ ਮੁਲਾਜ਼ਮ ਪਟਿਆਲਾ ਤੋਂ ਆਪਣੇ ਹੱਕ ਲੈ ਕੇ ਹੀ ਮੁੜਣਗੇ।ਮੁਲਾਜ਼ਮ ਆਗੂਆ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਟਕ ਰਹੀਆ ਮੁਲਾਜ਼ਮ ਮੰਗਾਂ ਜਿਵੇਂ ਕਿ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਬਣਾਇਆ ਐਕਟ ਲਾਗੂ ਕਰਕੇ ਇੰਨਾ ਕਰਮਚਾਰੀਆ ਨੂੰ ਰੈਗੂਲਰ ਕਰਨਾ ਤੇ ਆਉਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲੈਣਾ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜ਼ਾਰੀ ਕਰਕੇ ਮੁਲਾਜ਼ਮਾਂ ਦੇ ਸਕੇਲ ਸੋਧਣੇ, ਅਤੇ ਰਿਪੋਰਟ ਆਉਣ ਵਿਚ ਹੋ ਰਹੀ ਦੇਰੀ ਦੀ ਭਰਪਾਈ ਕਰਨ ਲਈ 125% ਮਹਿੰਗਾਈ ਭੱਤਾ ਬੇਸਿਕ ਤਨਖਾਹ ਵਿਚ ਮਰਜ਼ ਕਰਨਾ, ਅੰਤਰਿਮ ਸਹਾਇਤਾ ਦੇਣਾ, ਡੀ.ਏ ਦੀਆ ਕਿਸ਼ਤਾ ਜ਼ਾਰੀ ਕਰਨਾ, ਅਤੇ ਡੀ.ਏ ਦੇ ਰਹਿੰਦੇ ਬਕਾਏ ਅਦਾ ਕਰਨਾ, ਆਗਣਵਾੜੀ, ਆਸ਼ਾਂ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ ਘੱਟ ਉਜ਼ਰਤ ਕਾਨੂੰਨ ਦੇ ਦਾਇਰੇ ਵਿਚ ਲੈ ਕੇ ਆਉਣਾ, ਮਾਨਯੋਗ ਸੁਪਰੀਮ ਕੋਰਟ ਦਾ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕਰਨਾ, ਸਾਲ 2004 ਤੋਂ ਲਾਗੂ ਕੀਤੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਵੱਖ ਵੱਖ ਵਿਭਾਗਾਂ ਵਿਚ ਖਾਲੀ ਪਈਆ ਅਸਾਮੀਆ ਦੀ ਪੱਕੀ ਭਰਤੀ ਕਰਨਾ, ਟਰਾਸਪੋਰਟ ਮਾਫੀਆ ਵਿਰੁੱਧ ਅਦਾਲਤੀ ਫੈਸਲੇ ਅਨੁਸਾਰ ਅਮਲ ਕਰਨਾ, ਬਿਜਲੀ ਬੋਰਡ ਦੇ ਬੰਦ ਕੀਤੇ ਥਰਮਲ ਪਲਾਟਾਂ ਦੇ ਯੂਨਿਟ ਚਾਲੂ ਕਰਵਾਉਣ ਅਤੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਖਤਮ ਕਰਨਾ ਆਦਿ ਨੂੰ ਮੰਨਣ ਤੋਂ ਪੰਜਾਬ ਸਰਕਾਰ ਪਿਛਲੇ ਢਾਈ ਸਾਲਾਂ ਤੋਂ ਆਨਾ ਕਾਨੀ ਕਰਦੀ ਆ ਰਹੀ ਹੈ।

ਆਗੂਆ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤਾਂ ਮੁੱਖ ਮੰਤਰੀ ਦੇ ਭਰੋਸੇ ਤੇ ਮੁਲਤਵੀ ਕੀਤਾ ਮਰਨ ਵਰਤ ਵਰਗਾਂ ਕਰੜਾ ਸਘੰਰਸ਼ ਕਰਨ ਨੂੰ ਮੁੜ ਮਜ਼ਬੂਰ ਹੋਣਗੇ।

Leave a Reply