ਮੁਲਾਜਮਾਂ ਵੱਲੋ “ਪਟਿਆਲਾ ਆਓ ਸਰਕਾਰ ਜਗਾਓ” ਦੇ ਨਾਅਰੇ ਹੇਠ ਕੀਤੀ ਗਈ ਭਰਵੀ ਰੈਲੀ

Punjab
By Admin

 

ਮੁੱਖ ਮੰਤਰੀ ਦੇ ਓ ਐਸ ਡੀ ਰਾਜੇਸ਼ ਸ਼ਰਮਾ ਨੇ ਰੈਲੀ ਸਥਾਨ ਤੇ ਆ ਕੇ ਮੰਗ ਪੱਤਰ ਲਿਆ

 

ਕੈਬਿਨਟ ਸਬ ਕਮੇਟੀ 28 ਅਗਸਤ ਨੂੰ ਮੁਲਾਜਮਾਂ ਨਾਲ ਕਰੇਗੀ ਮੀਟਿੰਗ

 

ਪਟਿਆਲਾ 14 ਅਗਸਤ : ਅੱਜ ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਅਤੇ ਪੰਜਾਬ ਐਂਡ ਯੂ.ਟੀ. ਇੰਪਲਾਈਜ਼ ਅਤੇ ਪੈਨਸ਼ਨਰਜ਼ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਮੁਲਾਜਮ ਮੰਗਾਂ ਸਬੰਧੀ ਬਸ ਸਟੈਂਡ ਪਟਿਆਲਾ ਦੇ ਨੇੜੇ ਸਮੁੱਚੇ ਪੰਜਾਬ ਤੋਂ ਪੁੱਜੇ ਹਜਾਰਾਂ ਦੀ ਗਿਣਤੀ ਵਿੱਚ ਠਾਠਾਂ ਮਾਰਦੇ ਲਾਮਿਸਾਲ ਇਕੱਠ ਵੱਲੋਂ ਰੋਹ ਭਰਪੂਰ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਮੁਲਾਜਮਾਂ-ਮਜਦੂਰਾਂ ਦੇ ਪਰਖੇ ਹੋਏ ਪ੍ਰਤੀਬੱਧ ਆਗੂਆਂ ਸਰਵ ਸ੍ਰੀ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਣਬੀਰ ਸਿੰਘ ਢਿੱਲੋਂ, ਰਣਜੀਤ ਸਿੰਘ ਰਾਣਵਾ, ਅਸ਼ੀਸ਼ ਜੁਲਾਹਾ, ਹਰਭਜਨ ਸਿੰਘ ਪਿਲਖਣੀ, ਗੁਰਮੇਲ ਸਿੰਘ ਮੈਡਲੇ, ਬਲਕਾਰ ਸਿੰਘ ਵਲਟੋਹਾ ਅਤੇ ਜਸਵੰਤ ਸਿੰਘ ਜੱਸਾ ਨੇ ਕੀਤੀ। ਅੱਜ ਦੀ ਇਸ ਵਿਸ਼ਾਲ ਰੈਲੀ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਿਵਾਸ ਮੋਤੀ ਮਹਿਲ ਵੱਲ ਕੀਤਾ ਜਾਣ ਵਾਲਾ ਰੋਸ ਮਾਰਚ ਮੁਲਤਵੀ ਕਰ ਦਿੱਤਾ ਗਿਆ। ਕਿਉਂਕਿ ਕੱਲ ਮਿਤੀ 13-08-2019 ਨੂੰ ਦਿਨ ਭਰ ਪ੍ਰਸ਼ਾਸ਼ਨ ਅਤੇ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਨਾਲ ਆਗੂਆਂ ਦੀ ਹੁੰਦੀ ਰਹੀ ਗੱਲਬਾਤ ਦੇ ਨਤੀਜੇ ਵਜੋਂ ਇਹ ਰੋਸ ਮਾਰਚ ਮੁਲਤਵੀ ਕੀਤਾ ਗਿਆ। ਸ਼ਾਮ ਦੇ ਸਮੇਂ ਸੀ.ਐਮ. ਸਾਹਿਬ ਦੇ ਓ.ਐਸ.ਡੀ. ਵੱਲੋਂ ਸੂਚਿਤ ਕੀਤਾ ਗਿਆ ਕਿ 21 ਅਗਸਤ ਨੂੰ ਮੁੱਖ ਮੰਤਰੀ ਜੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਲੈਣਗੇ ਅਤੇ ਫਿਰ 28 ਅਗਸਤ ਨੂੰ ਮੁਲਾਜਮ ਆਗੂਆਂ ਨਾਲ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਨਿਰਧਾਰਤ ਕਰ ਦਿੱਤੀ ਗਈ, ਇਸੇ ਦੌਰਾਨ ਸਰਕਾਰ ਵਲੋਂ ਧਰਨੇ-ਮੁਜਾਹਰੇ ਨਾ ਕਰਨ ਦੀ ਇਸ ਸਭ ਕੁੱਝ ਦੀ ਰੋਸ਼ਨੀ ਵਿੱਚ ਸੁਖਾਵਾਂ ਔਲ ਸਿਰਜਣ ਲਈ ਅਤੇ ਮੀਟਿੰਗਾਂ ਦੇ ਸਮਰਥਕ ਨਤੀਜਿਆਂ ਦੀ ਉਮੀਦ ਨਾਲ ਸੰਘਰਸ਼ ਦੇ ਰੁੱਖ ਨੂੰ ਨਰਮ ਕੀਤਾ ਗਿਆ।

 

ਜਿਨ੍ਹਾਂ ਮੰਗਾਂ ਨੂੰ ਲੈ ਕੇ ਪਹਿਲੀ ਮਈ 2019 ਨੂੰ ਮੁਲਾਜਮਾਂ ਦੇ ਪ੍ਰਮੁੱਖ ਆਗੂ ਸੱਜਣ ਸਿੰਘ ਵਲੋਂ ਚੰਡੀਗੜ੍ਹ ਵਿਖੇ ਮਰਨ ਵਰਤ ਸ਼ੁਰੂ ਕਰਕੇ ਪੰਜਾਬ ਵਿੱਚ ਮੁਲਾਜਮਾਂ-ਮਜਦੂਰਾਂ ਦੀ ਲਹਿਰ ਨੂੰ ਜਬਰਦਸਤ ਹੁੰਗਾਰਾ ਪ੍ਰਦਾਨ ਕੀਤਾ ਅਤੇ ਲਗਾਤਾਰ ਸੰਘਰਸ਼ ਦਾ ਮੁੱਢ ਬੰਨਿਆ, ਉਨ੍ਹਾਂ ਮੰਗਾਂ ਵਿੱਚ ਹਰ ਕਿਸਮ ਦੇ ਅਡਹਾਕ, ਠੇਕਾ ਮੁਲਾਜਮ, ਟੈਂਪਰੇਰੀ, ਵਰਕਚਾਰਜ ਅਤੇ ਆਊਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਕਟ ਲਾਗੂ ਕਰਾਉਣਾ, ਮਹਿੰਗਾਈ ਭੱਤੇ ਦੀਆਂ ਸਾਰੀਆਂ ਕਿਸ਼ਤਾਂ ਜਾਰੀ ਕਰਾਉਣਾ, 22 ਮਹੀਨਿਆਂ ਦਾ ਪੁਰਾਣਾ ਬਕਾਇਆ ਦੀ ਅਦਾਇਗੀ, ਤਨਖਾਹ ਕਮਿਸ਼ਨ ਦੀ ਰਿਪੋਰਟ ਸਮਾਂ-ਬੱਧ ਕਰਦਿਆਂ 125% ਡੀ.ਏ.ਮਰਜ ਕਰਕੇ 25% ਵਾਧਾ ਕਰਕੇ 01-01-2016 ਤੋਂ ਤਨਖਾਹਾਂ ਅਤੇ ਪੈਨਸ਼ਨਾਂ 2.7 ਦੇ ਗੁਣਨਖੰਡ ਨਾਲ ਫਿਕਸ ਕਰਾਉਣਾ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣਾ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਵਾਉਣਾ, ਆਸ਼ਾ ਵਰਕਰ ਆਂਗਣਵਾੜੀ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਮੁਲਾਜਮਾਂ ਦਾ ਦਰਜਾ ਦੇ ਕੇ ਘੱਟੋ-ਘੱਟ ਉਜਰਤਾਂ ਦੇ ਦਾਇਰ ਵਿੱਚ ਲਿਆਉਣਾ, 200 ਰੁਪਏ ਪ੍ਰਤੀ ਮਹੀਨਾ ਲਾਇਆ ਵਿਕਾਸ ਟੈਕਸ ਵਾਪਸ ਕਰਾਉਣ, ਪੈਨਸ਼ਨਰਾਂ ਅਤੇ ਮੁਲਾਜਮਾਂ ਸਬੰਧੀ ਉੱਚ ਅਦਾਲਤਾਂ ਦੇ ਫੈਸਲੇ ਜਨਰਲਾਈਜ਼ ਕਰਨਾ, ਬਿਜਲੀ ਬੋਰਡ, ਪੀ.ਆਰ.ਟੀ.ਸੀ. ਅਤੇ ਹੋਰ ਪਬਲਿਕ ਸੈਕਟਰ ਅਦਾਰਿਆਂ ਦਾ ਵੱਖ-ਵੱਖ ਢੰਗਾਂ ਨਾਲ ਕੀਤਾ ਜਾ ਰਿਹਾ, ਨਿਜੀਕਰਨ ਰੋਕਣਾ ਆਦਿ ਸ਼ਾਮਲ ਸਨ।

ਮੁਲਾਜਮਾਂ-ਮਜਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਆਗੂਆਂ ਸਰਵ ਸ੍ਰੀ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਣਬੀਰ ਸਿੰਘ ਢਿੱਲੋਂ, ਰਣਜੀਤ ਸਿੰਘ ਰਾਣਵਾ ਅਤੇ ਗੁਰਮੇਲ ਸਿੰਘ ਮੈਡਲੇ ਨੇ ਕਿਹਾ ਕਿ ਪੰਜਾਬ ਦੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਤੋਂ ਧਾਰੀ ਚੁੱਪ ਅਤੇ ਬੇਰੁੱਖੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅੱਤ ਦੇ ਪੀੜਤ, ਸ਼ੋਸਿਤ, ਮਹਿੰਗਾਈ ਅਤੇ ਖੜੋਤ ਦਾ ਸਾਹਮਣਾ ਕਰ ਰਹੇ ਮੁਲਾਜਮਾਂ-ਮਜਦੂਰਾਂ ਪ੍ਰਤੀ ਸੁਹਿਰਦ ਅਤੇ ਸੰਵੇਦਨਸ਼ੀਲ ਨਹੀਂ ਹੈ। ਠੇਕਾ ਮੁਲਾਜਮਾਂ ਨੂੰ ਨਿਗੁਣੀਆਂ ਤਨਖਾਹਾਂ ਬਦਲੇ ਜਿਵੇਂ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਰਥਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਉਹ ਕਿਸੇ ਘਿਨਾਉਣੇ ਜੁਲਮ ਤੋਂ ਘੱਟ ਨਹੀਂ, ਡੀ.ਏ. ਦੀਆਂ ਕਿਸ਼ਤਾਂ ਜਿਹੜੀਆਂ ਦਿੱਤੀਆਂ ਹੀ ਮਹਿੰਗਾਈ ਤੋਂ ਕੁੱਝ ਰਾਹਤ ਦੇਣ ਲਈ ਜਾਂਦੀਆਂ ਹਨ ਉਹ ਵੀ ਨਾ ਦੇਣਾ ਕੇਂਦਰ ਵੱਲੋਂ ਚਿਰੋਕਣਾ 7ਵਾਂ ਪੇ ਕਮਿਸ਼ਨ ਵੀ ਦੇ ਦੇਣਾ, ਇਸਦੇ ਉਲਟ ਪੰਜਾਬ ਸਰਕਾਰ ਵੱਲੋਂ ਅਜੇ ਤੱਕ 6ਵੇਂ ਪੇ ਕਮਿਸ਼ਨ ਦੀ ਉੱਘ ਸੁੱਘ ਵੀ ਨਾ ਦੇਣਾ, ਇਹ ਮੁਲਾਜਮਾਂ ਪ੍ਰਤੀ ਬੇਰੁੱਖੀ ਦੀ ਇੱਕ ਨਿਵੇਕਲੀ ਮਿਸ਼ਾਲ ਹੈ। ਪੁਰਾਣੀ ਪੈਨਸ਼ਨ ਸਕੀਮ ਖਤਮ ਕਰਨਾ, ਬੁਢਾਪੇ ਨੂੰ ਰੋਲਣ ਦਾ ਸਪਸ਼ਟ ਸਨੇਹਾ ਹੈ, ਮੁਲਾਜਮਾਂ ਉਪਰ ਕੰਮ ਬੋਝ ਵਧਾਕੇ ਮਾਨਸਿਕ ਤੌਰ ਤੇ ਰੋਗੀ ਬਣਾਇਆ ਜਾ ਰਿਹਾ ਹੈ। ਪੱਕੀਆਂ ਨੌਕਰੀਆਂ ਦੇ ਐਲਾਨ ਸੁਪਨੇ ਬਣਕੇ ਰਹਿ ਗਏ ਹਨ। ਇਸ ਤੋਂ ਇਲਾਵਾ ਅਨੇਕਾਂ ਕਿਸਮ ਦੀਆਂ ਸਕੀਮ ਵਰਕਰ ਔਰਤਾਂ ਦੀ ਵੱਡੀ ਗਿਣਤੀ ਨੂੰ ਘੱਟੋ-ਘੱਟ ਉਜਰਤਾਂ ਦੇ ਦਾਇਰੇ ਵਿੱਚ ਵੀ ਨਾ ਲੈ ਕੇ ਆਉਣਾ, ਔਰਤ ਕਿਰਤ ਸ਼ਕਤੀ ਦਾ ਘੋਰ ਅਪਮਾਨ ਹੈ। ਅਦਾਲਤੀ ਫੈਸਲੇ ਲਾਗੂ ਨਾ ਕਰਨਾ ਜੁਡੀਸ਼ੀਅਰਲ ਤੋਂ ਨਾਬਰ ਹੋਣ ਦਾ ਪ੍ਰਗਟਾਵੇ ਤੋਂ ਘੱਟ ਨਹੀਂ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 21 ਅਗਸਤ ਨੂੰ ਮੁੱਖ ਮੰਤਰੀ ਵਲੋਂ ਕੈਬਨਿਟ ਸਬ ਕਮੇਟੀ ਨੂੰ ਮੁਲਾਜਮ ਮੰਗਾਂ ਮੰਨਣ ਦੇ ਸਪਸ਼ਟ ਆਦੇਸ਼ ਦੇ ਕੇ 28 ਅਗਸਤ ਦੀ ਮੁਲਾਜਮ ਆਗੂਆਂ ਨਾਲ ਹੋਣ ਵਾਲੀ ਕੈਬਨਿਟ ਸਬ ਕਮੇਟੀ ਰਾਹੀਂ ਨਿਪਟਾਰਾ ਨਾ ਕੀਤਾ ਗਿਆ ਤਾਂ ਸਤੰਬਰ ਦੇ ਪਹਿਲੇ ਹਫਤੇ ਤੋਂ ਹੀ ਕਮੇਟੀ ਰਾਹੀਂ ਨਿਪਟਾਰਾ ਨਾ ਕੀਤਾ ਗਿਆ ਤਾਂ ਸਤੰਬਰ ਦੇ ਪਹਿਲੇ ਹਫਤੇ ਤੋਂ ਹੀ ਵੱਖ-ਵੱਖ ਰੂਪਾਂ ਵਿੱਚ ਕਨਵੈਨਸ਼ਨਾਂ ਰਾਹੀਂ ਸੰਘਰਸ਼ ਤੇਜ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਵਿੱਚ ਹੋਣ ਜਾ ਰਹੀਆਂ ਤਿੰਨ ਅਸੰਬਲੀ ਜਿਮਨੀ ਚੋਣਾਂ ਦੌਰਾਨ ਉਨ੍ਹਾਂ ਹਲਕਿਆਂ ਵਿੱਜ ਜੋਰਦਾਰ ਪ੍ਰਦਰਸ਼ਨ ਕੀਤੇ ਜਾਣਗੇ।

 

ਇਸ ਦੌਰਾਨ ਚਲਦੀ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਜੇਸ਼ ਕੁਮਾਰ ਪੀ.ਪੀ.ਐਸ. ਨੇ ਮੁਲਾਜਮ ਆਗੂਆਂ ਤੋਂ ਮੰਗ ਪੱਤਰ ਵਸੂਲ ਕੀਤਾ ਅਤੇ ਸਰਕਾਰ ਵੱਲੋਂ ਜਲਦੀ ਹੀ ਹੋਣ ਵਾਲੀਆਂ ਮੀਟਿੰਗਾ ਵਿੱਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ।

 

ਜਿਨ੍ਹਾਂ ਹੋਰ ਆਗੂਆਂ ਨੇ ਅੱਜ ਦੀ ਰੈਲੀ ਨੂੰ ਸੰਬੋਧਨ ਕੀਤਾ ਉਨ੍ਹਾਂ ਵਿੱਚ ਸਰਵ ਸ੍ਰੀ ਹਰਭਜਨ ਸਿੰਘ ਪਿਲਖਣੀ, ਬਲਕਾਰ ਸਿੰਘ ਵਲਟੋਰਾ, ਜਸਵੰਤ ਸਿੰਘ ਜੱਸਾ, ਕਰਤਾਰ ਸਿੰਘ ਪਾਲ, ਉਤਮ ਸਿੰਘ ਬਾਗੜੀ, ਗੁਰਦੇਵ ਸਿੰਘ, ਜੀਤ ਕੌਰ, ਸਰੋਜ ਛੱਪੜੀਵਾਲਾ, ਅੰਮਿ੍ਰਤਪਾਲ, ਗੁਰਪ੍ਰੀਤ ਸਿੰਘ, ਜਗਮੋਹਨ ਨੋਲੱਖਾ, ਜਸਵਿੰਦਰ ਪਾਲ ਉੱਗੀ, ਸਤਿਆਪਾਲ ਗੁਪਤਾ, ਸੁਰਜ ਪਾਲ ਯਾਦਵ, ਦੀਪ ਚੰਦ ਹੰਸ, ਰਾਮ ਲਾਲ ਰਾਮਾ ਅਤੇ ਰਜਿੰਦਰ ਸੰਧਾ ਆਦਿ ਨੇ ਵੀ ਸੰਬੋਧਨ ਕੀਤਾ।

Leave a Reply