ਕਰਤਾਰਪੁਰ ਲਾਂਘੇ ਬਾਰੇ ਭਾਰਤ ਦੀ ਮੰਗ ਪ੍ਰਤੀ ਪਕਿਸਤਾਨ ਦਾ ਹੁੰਗਾਰਾ ਨਾਕਾਫ਼ੀ: ਕੈਪਟਨ ਅਮਰਿੰਦਰ ਸਿੰਘ 

Punjab REGIONAL
By Admin
ਭਾਰਤੀ ਸ਼ਰਧਾਲੂਆਂ ਲਈ ਹਫ਼ਤੇ ਦੇ ਸੱਤੇ ਦਿਨ ਵੀਜ਼ਾ ਮੁਕਤ ‘ਖੁੱਲੇ ਦਰਸ਼ਨ-ਦੀਦਾਰੇ’ ਦੀ ਆਗਿਆ ਦੇਣ ਦੀ ਅਪੀਲ
ਚੰਡੀਗੜ, 15 ਮਾਰਚ:
ਕਰਤਾਰਪੁਰ ਲਾਂਘੇ ਬਾਰੇ ਪਹਿਲੀ ਮੀਟਿੰਗ ਵਿੱਚ ਭਾਰਤ ਵੱਲੋਂ ਉਠਾਏ ਵੱਖ-ਵੱਖ ਮੁੱਦਿਆਂ ਦੇ ਸਬੰਧ ਵਿੱਚ ਪਾਕਿਸਤਾਨ ਦੇ ਹੁੰਗਾਰੇ ਪ੍ਰਤੀ ਨਿਰਾਸ਼ਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੋਂ ਪਾਰ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਸ਼ਰਧਾਲੂਆਂ ਦੇ ਹਿੱਤਾਂ ਦੇ ਮੱਦੇਨਜ਼ਰ ਭਾਰਤੀ ਮੰਗ ਪ੍ਰਤੀ ਵਧੇਰੇ ਜਵਾਬਦੇਹ ਹੋਣ ਲਈ ਪਾਕਿਸਤਾਨ ਨੂੰ ਅਪੀਲ ਕੀਤੀ ਹੈ।
ਅੱਜ ਇੱਥੇ ਜਾਰੀ ਇਕ ਅਪੀਲ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਮੰਗ ਪ੍ਰਤੀ ਇਸਲਾਮਾਬਾਦ ਦਾ ਹੁੰਗਾਰਾ ਪੂਰੀ ਤਰਾਂ ਨਾਕਾਫੀ ਹੈ ਅਤੇ ਇਸ ਲਾਂਘੇ ਦੇ ਉਦੇਸ਼ਾਂ ਨੂੰ ਅਮਨ ਭਾਵਨਾ ਅਨੁਸਾਰ ਅਮਲ ਲਿਆਉਣ ਲਈ ਗੁਆਂਢੀ ਦੇਸ਼ ਨੂੰ ਆਪਣੇ ਰੁਖ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਾਲ ਨਵੰਬਰ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲਾਂਘਾ ਖੋਲਣ ਵਾਸਤੇ ਦੋਵਾਂ ਦੇਸ਼ਾਂ ਵੱਲੋਂ ਇਤਿਹਾਸਕ ਫੈਸਲਾ ਲਿਆ ਗਿਆ ਹੈ। ਇਸ ਪ੍ਰਾਜੈਕਟ ਨੂੰ ਅੱਗੇ ਲਿਜਾਣ ਵਿੱਚ ਦੋਵਾਂ ਦੇਸ਼ਾਂ ਵੱਲੋਂ ਗੱਲਬਾਤ ’ਚ ਪੁਲਵਾਮਾ ਹਮਲਾ ਅਤੇ ਉਸ ਤੋਂ ਬਾਅਤ ਭਾਰਤੀ ਹਵਾਈ ਫੌਜ ਦੇ ਹਮਲਿਆਂ ਨੂੰ ਅੜਿੱਕਾ ਬਣਨ ਦੇਣ ਦੀ ਆਗਿਆ ਨਾ ਦੇਣ ਦੀ ਸਰਾਹਨਾ ਕੀਤੀ ਹੈ । ਉਨਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਦੋਵਾਂ ਦੇਸ਼ਾਂ ਵੱਲੋਂ ਲੀਹ ’ਤੇ ਰੱਖਣਾ ਚੰਗੀ ਗੱਲ ਹੈ ਅਤੇ ਇਸ ਨੂੰ ਸ਼ਰਧਾਲੂਆਂ ਲਈ ਵਧੇਰੇ ਅਸਰਦਾਇਕ ਬਣਾਉਣ ਲਈ ਪਾਕਿਸਤਾਨ ਵੱਲੋਂ ਅੱਗੇ ਹੋਰ ਪਹਿਲਕਦਮੀਆਂ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਿਛਲੇ 70 ਸਾਲਾਂ ਤੋਂ ਖਾਸ ਤੌਰ ’ਤੇ ਸਿੱਖ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝੇ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਰੋਜ਼ਾਨਾ 500 ਸ਼ਰਧਾਲੂਆਂ ਨੂੰ ਆਗਿਆ ਦੇਣ ਦਾ ਪ੍ਰਸਤਾਵ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਚਾਹਤ ਰੱਖਣ ਵਾਲੇ ਵੱਡੀ ਗਿਣਤੀ ਸ਼ਰਧਾਲੂਆਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਪੂਰੀ ਤਰਾਂ ਢੁਕਵਾਂ ਨਹੀਂ ਹੈ। ਉਨਾਂ ਕਿਹਾ ਕਿ ਦਰਸ਼ਨ ਲਈ ਜਾਣ ਵਾਸਤੇ ਹਫਤੇ ਵਿੱਚ ਦਿਨਾਂ ਨੂੰ ਸੀਮਤ ਕਰਨਾ ਇਸ ਦੇ ਮਕਸਦ ਨੂੰ ਅਸਫ਼ਲ ਬਣਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਵਾਸਤੇ ਭਾਰਤ ਦੀ ਮੰਗ ਪ੍ਰਤੀ ਪਾਕਿਸਤਾਨ ਦਾ ਹੁੰਗਾਰਾ ਨਾਕਾਫੀ ਹੈ। ਉਨਾਂ ਕਿਹਾ ਕਿ ਅਜਿਹੀਆਂ ਰੋਕਾਂ ਅਸਲੀ ਮਕਸਦ ਪੂਰੇ ਨਹੀਂ ਹੋਣ ਦੇਣਗੀਆਂ। ਉਨਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਕਾਂ ਤੋਂ ਵਾਂਝੇ ਰੱਖਿਆ ਗਿਆ ਹੈ ਅਤੇ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਸਣੇ ਸਾਰੀ ਸੰਗਤ ਨੂੰ ਰੋਜ਼ਾਨਾ ਦਰਸ਼ਨ ਕਰਨ ਦੀ ਆਗਿਆ ਦਿੱਤੇ ਜਾਣ ਦੀ ਜ਼ਰੂਰਤ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਸਾਰੇ ਵਿਸ਼ਵਾਸਾਂ ਵਾਲੇ ਸ਼ਰਧਾਲੂਆਂ ਨੂੰ ਗੁਰਦੁਆਰੇ ਦੇ ਵੀਜ਼ਾ ਮੁਕਤ ਖੁੱਲੇ ਦਰਸ਼ਨ ਕਰਨ ਦੇਣ ਦੀ ਮੁੜ ਮੰਗ ਦੁਹਰਾਈ ਹੈ। ਉਨਾਂ ਕਿਹਾ ਕਿ ਇਹ ਦਰਸ਼ਨ ਹਫਤੇ ਦੇ ਸੱਤੇ ਦਿਨ ਹੋਣੇ ਚਾਹੀਦੇ ਹਨ ਅਤੇ ਸ਼ਨਾਖਤ ਲਈ ਵਿਸ਼ੇਸ਼ ਪਰਮਿਟ ਕਾਫ਼ੀ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਵੀਜ਼ਾ ਜ਼ਰੂਰਤਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸ ਮੁੱਦੇ ਦੇ ਸਬੰਧ ਵਿੱਚ ਪਾਕਿਸਤਾਨ ਨੂੰ ਹੋਰ ਉਤਰਦਾਈ ਹੋਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਸਿੱਖ ਗੁਰੂ ਦੇ ਜੀਵਨ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੌਕਾ ਪਾਕਿਸਤਾਨ ਤੋਂ ਇਸ ਮੁੱਦੇ ਬਾਰੇ ਵਧੇਰੇ ਵਿਆਪਕ ਪਹੁੰਚ ਅਪਣਾਏ ਜਾਣ ਦੀ ਮੰਗ ਕਰਦਾ ਹੈ। ਉਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਸਬੰਧ ਵਿੱਚ ਵਾਸਤਵਿਕਤਾ ਅਪਨਾਉਣ ਲਈ ਕਿਹਾ ਹੈ ਤਾਂ ਜੋ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਰੱਖਣ ਵਾਲੇ ਕਿਸੇ ਸ਼ਰਧਾਲੂ ਨੂੰ ਇਸ ਤੋਂ ਵਾਂਝਾ ਨਾ ਰਹਿਣਾ ਪਵੇ। ਉਨਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਸਨਮਾਨ ਵਜੋਂ ਪਾਕਿਸਤਾਨ ਨੂੰ ਇਸ ਸਬੰਧ ਵਿੱਚ ਹੋਰ ਲਚਕਤਾ ਦਿਖਾਉਣ ਦੀ ਜ਼ਰੂਰਤ ਹੈ।

Leave a Reply