ਕੇਂਦਰ ਵਲੋਂ ਓਡੀਸ਼ਾ , ਕਰਨਾਟਕ ਅਤੇ ਹਿਮਾਚਲ  ਲਈ 4432.10 ਕਰੋੜ  ਦੀ ਮਦਦ

Punjab REGIONAL
By Admin

ਕੇਂਦਰ ਵਲੋਂ ਪੰਜਾਬ ਨਾਲ ਇਕ ਵਾਰ ਫਿਰ ਵਿਤਕਰਾ ਕੀਤਾ ਗਿਆ ਹੈ ਕੇਂਦਰ ਵਲੋਂ ਟੀਨ ਰਾਜਾਂ ਨੂੰ ਵਾਧੂ ਕੇਂਦਰੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਨੂੰ ਛੱਡ ਕੇ ਕੇਂਦਰ ਆਈਐੱਮਸੀਟੀ ਦੀਆਂ ਟੀਮਾਂ  ਕਾਇਮ ਕਰਕੇ ਅਸਾਮ, ਮੇਘਾਲਿਆ, ਤ੍ਰਿਪੁਰਾ, ਬਿਹਾਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਦੇ ਤਾਜ਼ਾ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਭੇਜੇਗਾ। ਕੇਂਦਰੀ ਗ੍ਰਹਿ  ਮੰਤਰੀ ਦੀ ਅਗਵਾਈ ਹੇਠ ਉੱਚ ਪੱਧਰੀ ਕਮੇਟੀ ਦੀ ਨਵੀਂ ਦਿੱਲੀ ਵਿਚ ਹੋਈ ਮੀਟਿੰਗ ਨੇ ਓਡੀਸ਼ਾ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਲਈ 4432.10 ਕਰੋੜ ਰੁਪਏ ਦੀ ਅਤਿਰਿਕਤ ਕੇਂਦਰੀ ਮਦਦ ਪ੍ਰਵਾਨ ਕੀਤੀ
ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਦੀ 19 ਅਗਸਤ, 2019 ਨੂੰ ਨਵੀਂ ਦਿੱਲੀ ਵਿਖੇ ਮੀਟਿੰਗ ਹੋਈ  ਜਿਸ ਵਿਚ ਤਿੰਨ ਰਾਜਾਂ ਨੂੰ ਅਤਿਰਿਕਤ ਕੇਂਦਰੀ ਸਹਾਇਤਾ ਦੇਣ ਬਾਰੇ ਵਿਚਾਰ ਹੋਈ। ਇਹ ਰਾਜ   2018-19 ਦੇ ਸੋਕੇ (ਰਬੀ) ਅਤੇ 2019 ਵਿੱਚ ਬਰਫ ਦੇ ਤੋਦੇ ਡਿੱਗਣ, ਗੜ੍ਹੇਮਾਰ,  ਜ਼ਮੀਨ ਖਿਸਕਣ ਅਤੇ ਸਮੁੰਦਰੀ ਤੁਫਾਨ ‘ਫਨੀ’ ਤੋਂ ਪ੍ਰਭਾਵਿਤ ਹੋਏ ਸਨ।
ਐੱਚਐੱਲਸੀ ਨੇ ਇਨ੍ਹਾਂ ਤਿੰਨਾਂ ਰਾਜਾਂ ਨੂੰ ਰਾਸ਼ਟਰੀ ਆਪਦਾ ਰਿਸਪੌਂਸ ਫੰਡ (ਐੱਨਡੀਆਰਐੱਫ) ਵਿਚੋਂ 4432.10 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਪ੍ਰਵਾਨ ਕੀਤੀ। ਇਸ ਵਿਚੋਂ 3338.22 ਕਰੋੜ ਰੁਪਏ ਸਮੁੰਦਰ ਤੁਫਾਨ ਫਨੀ ਲਈ ਓਡੀਸ਼ਾ ਨੂੰ, 1029.39 ਕਰੋੜ ਰੁਪਏ ਸੋਕੇ ਲਈ ਕਰਨਾਟਕ ਨੂੰ ਅਤੇ 64.49 ਕਰੋੜ ਰੁਪਏ ਤੋਦੇ ਡਿੱਗਣ ਅਤੇ ਗੜ੍ਹੇਮਾਰ ਨਾਲ ਨਜਿੱਠਣ ਲਈ ਹਿਮਾਚਲ ਪ੍ਰਦੇਸ਼ ਨੂੰ ਦਿੱਤੇ ਗਏ।
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਨਿਰਮਲਾ ਸੀਤਾਰਮਣ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ  ਨਰੇਂਦਰ ਸਿੰਘ ਤੋਮਰ ਇਸ ਮੀਟਿੰਗ ਵਿੱਚ ਗ੍ਰਹਿ ਮੰਤਰਾਲਾ, ਵਿੱਤ ਮੰਤਰਾਲਾ, ਖੇਤੀ ਮੰਤਰਾਲਾ ਅਤੇ ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਹਾਜ਼ਰ ਸਨ।
ਇਹ ਅਤਿਰਿਕਤ ਸਹਾਇਤਾ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਰਾਜ ਆਪਦਾ ਰਿਸਪੌਂਸ ਫੰਡ (ਐੱਸਡੀਆਰਐੱਫ) ਵਿੱਚੋਂ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਮਦਦ ਤੋਂ ਵੱਖਰੀ ਹੋਵੇਗੀ। 2018-19 ਦੌਰਾਨ ਕੇਂਦਰ ਨੇ ਸਾਰੇ ਰਾਜਾਂ ਨੂੰ 9658 ਕਰੋੜ ਰੁਪਏ ਅਤੇ 2019-20 ਦੌਰਾਨ ਹੁਣ ਤੱਕ 6104 ਕਰੋੜ ਰੁਪਏ 24 ਰਾਜਾਂ ਨੂੰ ਐੱਸਡੀਆਰਐੱਫ ਵਿੱਚੋਂ ਜਾਰੀ ਕੀਤੇ ਗਏ ਹਨ।
ਓਡੀਸ਼ਾ ਦੇ ਮਾਮਲੇ ਵਿੱਚ ਸਮੁੰਦਰੀ ਤੁਫਾਨ ‘ਫਨੀ’ ਦੇ ਸ਼ੁਰੂ ਹੋਣ ਉੱਤੇ ਹੀ 340.87 ਕਰੋੜ ਰੁਪਏ ਪੇਸ਼ਗੀ ਰਕਮ ਦੇ ਰੂਪ ਵਿੱਚ ਐੱਸਡੀਆਰਐੱਫ ਵਿੱਚੋਂ 29 ਅਪ੍ਰੈਲ, 2019 ਨੂੰ ਜਾਰੀ ਕਰ ਦਿੱਤੇ ਗਏ ਸਨ।  ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 6.05.2019 ਨੂੰ ਓਡੀਸ਼ਾ ਦਾ ਦੌਰਾ ਕੀਤਾ ਅਤੇ ਜਿਵੇਂ ਕਿ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ, 1000 ਕਰੋੜ ਰੁਪਏ ਦੀ ਤੁਰੰਤ ਮਦਦ ਅਗੇਤੀ (ਅਡਵਾਂਸ) ਜਾਰੀ ਕਰ ਦਿੱਤੀ ਗਈ। ਇਸ ਤੋਂ ਇਲਾਵਾ ਹਰ ਮ੍ਰਿਤਕ ਦੇ ਆਸ਼ਰਿਤ ਨੂੰ 2 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਲਈ 50,000 ਰੁਪਏ ਪ੍ਰਧਾਨ ਮੰਤਰੀ ਦੇ ਤੁਫਾਨ ਪੀੜਤ ਫੰਡ ਵਿੱਚੋਂ ਜਾਰੀ ਕੀਤੇ ਗਏ।
ਤੁਫਾਨ ‘ਫਨੀ’ ਦੌਰਾਨ ਕੇਂਦਰ ਸਰਕਾਰ ਨੇ ਐੱਨਡੀਆਰਐੱਫ ਦੀਆਂ 71 ਟੀਮਾਂ, ਫੌਜ ਦੇ 19 ਦਸਤੇ, 9 ਇੰਜੀਨੀਅਰਿੰਗ ਟਾਸਕ ਫੋਰਸ (ਈਟੀਐੱਫ), 27 ਹਵਾਈ ਜਹਾਜ਼ /ਹੈਲੀਕਾਪਟਰ ਅਤੇ ਹਥਿਆਰਬੰਦ ਫੋਰਸਾਂ ਦੇ 16 ਸਮੁੰਦਰੀ ਜਹਾਜ਼ ਸਹਾਇਤਾ ਅਤੇ ਬਚਾਅ ਕਾਰਜਾਂ ਲਈ ਭੇਜੇ। ਪ੍ਰਭਾਵਿਤ ਸਥਾਨਾਂ ਨੂੰ ਖਾਲੀ ਕਰਵਾਉਣ ਦੀ ਵਿਸ਼ਾਲ ਮੁਹਿੰਮ ਦੌਰਾਨ 15.5 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ। ਕੇਂਦਰ ਸਰਕਾਰ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਿਜਲੀ ਸਪਲਾਈ ਅਤੇ ਸੰਚਾਰ ਨੂੰ ਬਹਾਲ ਕਰਨ ਲਈ ਹਰ ਸੰਭਵ ਮਦਦ ਕੀਤੀ। ਇਸ ਮਦਦ ਵਿੱਚ ਲੋੜੀਂਦਾ ਸਮਾਨ, , ਜੈਨਸੈੱਟਸ, ਸਟੀਲ ਪੋਲਜ਼ ਅਤੇ ਟ੍ਰੇਂਡ ਮਨੁੱਖੀ ਸ਼ਕਤੀ ਵਗੈਰਾ ਪ੍ਰਦਾਨ ਕੀਤੀ ਗਈ। ਦੂਜੇ ਰਾਜਾਂ ਦੇ ਵੀ ਪ੍ਰਭਾਵਤ ਹੋਣ ਦਾ ਡਰ ਸੀ ਇਸ ਲਈ ਪੇਸ਼ਗੀ ਵਜੋਂ ਹੀ ਐੱਸਡੀਆਰਐੱਫ ਵਿੱਚੋਂ ਆਂਧਰ ਪ੍ਰਦੇਸ਼, ਤਮਿਲਨਾਡੂ ਅਤੇ ਪੱਛਮ ਬੰਗਾਲ ਨੂੰ 688 ਕਰੋੜ ਰੁਪਏ ਜਾਰੀ ਕੀਤੇ ਗਏ।
ਐੱਚਐੱਲਸੀ ਨੇ ਨੁਕਸਾਨ ਦੇ ਜਾਇਜ਼ੇ ਲਈ ਕੇਂਦਰੀ ਟੀਮ ਭੇਜਣ ਦੇ ਰੁਝਾਨ ਦੇ ਚਲਦਿਆਂ ਇੱਕ ਅੰਤਰ-ਮੰਤਰਾਲਾ ਕੇਂਦਰੀ ਟੀਮ (ਆਈਐੱਮਸੀਟੀ) ਰਾਜ ਸਰਕਾਰ ਵੱਲੋਂ ਮੈਮੋਰੰਡਮ ਪ੍ਰਾਪਤ ਹੋਣ ਤੋਂ ਬਾਅਦ ਉੱਥੇ ਭੇਜੀ। ਕੇਂਦਰੀ ਗ੍ਰਿਹ ਮੰਤਰੀ ਵੱਲੋਂ ਲਏ ਗਏ ਇੱਕ ਅਹਿਮ ਫੈਸਲੇ ਅਨੁਸਾਰ ਆਈਐੱਮਸੀਟੀ ਹੁਣ ਕਿਸੇ ਵੀ ਥਾਂ ‘ਤੇ ਕੁਦਰਤੀ ਆਫ਼ਤ ਆਉਣ ਉੱਤੇ ਤੁਰੰਤ ਕਾਇਮ ਕੀਤੀ ਜਾਇਆ ਕਰੇਗੀ ਜੋ ਕਿ ਰਾਜ ਦੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ ਤਾਕਿ ਹੋਏ ਨੁਕਸਾਨ ਅਤੇ ਰਾਜ ਪ੍ਰਸ਼ਾਸਨ ਵੱਲੋਂ ਚਲਾਏ ਸਹਾਇਤਾ ਕਾਰਜਾਂ ਦਾ ਮੁਢਲੇ ਪੱਧਰ ‘ਤੇ ਜਾਇਜ਼ਾ ਲਿਆ ਜਾਵੇ। ਆਈਐੱਮਸੀਟੀ ਹੋਏ ਨੁਕਸਾਨ ਅਤੇ ਜਾਰੀ ਸਹਾਇਤਾ ਕਾਰਜਾਂ ਦਾ ਵਿਸਤ੍ਰਿਤ ਜਾਇਜ਼ਾ ਲੈਣ ਤੋਂ ਬਾਅਦ ਮੈਮੋਰੰਡਮ ਕੇਂਦਰ ਸਰਕਾਰ ਨੂੰ ਸੌਂਪੇਗੀ ਜਿਸ ਵਿੱਚ ਅਤਿਰਿਕਤ ਫੰਡ ਪ੍ਰਦਾਨ ਕਰਨ ਲਈ ਅੰਤਿਮ ਸਿਫਾਰਸ਼ਾਂ ਕੀਤੀਆਂ ਗਈਆਂ ਹੋਣਗੀਆਂ ਅਤੇ ਫਿਰ ਉਹ ਟੀਮ ਉਥੇ ਵਾਪਸ ਜਾਵੇਗੀ। ਇਸ ਵੇਲੇ ਆਈਐੱਮਸੀਟੀ ਪ੍ਰਭਾਵਤ ਰਾਜ ਵਿੱਚ ਮੈਮੋਰੰਡਮ ਮਿਲਣ ਤੋਂ ਬਾਅਦ ਸਿਰਫ ਇੱਕ ਵਾਰੀ ਹੀ ਜਾਂਦੀ ਹੈ।
ਇਸ ਫੈਸਲੇ ਦੀ ਲੀਹ ਉੱਤੇ ਚਲਦੇ ਹੋਏ,ਗ੍ਰਹਿ  ਮੰਤਰਾਲਾ ਤੁਰੰਤ ਆਈਐੱਮਸੀਟੀ ਦੀਆਂ ਟੀਮਾਂ  ਕਾਇਮ ਕਰਕੇ ਅਸਾਮ, ਮੇਘਾਲਿਆ, ਤ੍ਰਿਪੁਰਾ, ਬਿਹਾਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਦੇ ਤਾਜ਼ਾ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਭੇਜੇਗਾ।
ਐੱਚਐੱਲਸੀ ਨੇ ਦੇਸ਼ ਦੇ ਵੱਖ – ਵੱਖ ਹਿੱਸਿਆਂ ਵਿੱਚ ਆਏ ਹੜ੍ਹਾਂ ਦੀ ਸਥਿਤੀ ਅਤੇ ਕੇਂਦਰੀ ਏਜੰਸੀਆਂ ਵੱਲੋਂ ਪ੍ਰਦਾਨ ਕੀਤੀ ਲੌਜਿਸਟਿਕ ਮਦਦ ਦਾ ਵੀ ਜਾਇਜ਼ਾ ਲਿਆ। ਇਸ ਮਦਦ ਵਿੱਚ ਐੱਨਡੀਆਰਐੱਫ ਅਤੇ ਰੱਖਿਆ ਬਲਾਂ ਨੂੰ ਤਾਇਨਾਤ ਕਰਨਾ ਵੀ ਸ਼ਾਮਲ ਹੈ। ਹੜ੍ਹਾਂ, ਢਿੱਗਾਂ ਖਿਸਕਣ ਆਦਿ ਤੋਂ ਪ੍ਰਭਾਵਿਤ ਰਾਜਾਂ ਵਿੱਚ ਸਾਂਝੇ ਬਚਾਅ ਕਾਰਜਾਂ ਵਿੱਚ ਐੱਨਡੀਆਰਐੱਫ, ਫੌਜ, ਹਵਾਈ ਫੌਜ, ਜਲ ਸੈਨਾ ਅਤੇ ਕੋਸਟ ਗਾਰਡ ਨੇ 1,53,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਦੇਸ਼ ਵਿੱਚ ਹੜ੍ਹਾਂ ਦੀ ਸਥਿਤੀ ਉੱਤੇ ਕੇਂਦਰੀ ਗ੍ਰਿਹ ਮੰਤਰੀ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਸ਼੍ਰੀ ਸ਼ਾਹ ਨੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੱਖਣ-ਪੱਛਮ ਮੌਨਸੂਨ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਭਾਵਿਤ ਰਾਜਾਂ ਵਿੱਚ ਹਰ ਸੰਭਵ ਕਦਮ ਉਠਾਉਣਾ ਜਾਰੀ ਰੱਖਣ ਅਤੇ ਹੜ੍ਹ ਪ੍ਰਭਾਵਿਤ ਰਾਜਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ।

Leave a Reply