71ਵਾਂ ਗਣਤੰਤਰ ਦਿਵਸ: ਮਾਨਸਾ ਵਿਖੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਤਿਰੰਗਾ ਝੰਡਾ ਲਹਿਰਾਇਆ

Punjab
By Admin


-6 ਲੱਖ ਕਿਸਾਨਾਂ ਦਾ 4736 ਕਰੋੜ ਰੁਪਏ ਕਰਜ਼ਾ ਮੁਆਫ਼ ਕੀਤਾ ਗਿਆ : ਮੰਤਰੀ ਆਸ਼ੂ
-ਪੰਜਾਬ ’ਚ ਰਾਸ਼ਨ ਵੰਡ ਪ੍ਰਣਾਲੀ ਪੂਰਨ ਰੂਪ ਵਿੱਚ ਪਾਰਦਰਸ਼ੀ ਹੋਈ : ਖੁਰਾਕ ਤੇ ਸਿਵਲ ਸਪਲਾਈ ਮੰਤਰੀ
ਮਾਨਸਾ, 26 ਜਨਵਰੀ (                  ) : ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਮਾਨਸਾ ’ਚ ਸ੍ਰੀ ਭਾਰਤ ਭੂਸ਼ਣ ਆਸ਼ੂ, ਮੰਤਰੀ ਖੁਰਾਕ ਅਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਨੇ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਤਿਰੰਗਾ ਝੰਡਾ ਲਹਿਰਾਇਆ। 
    ਇਸ ਮੌਕੇ ਮਾਨਸਾ ਵਾਸੀਆਂ ਦੇ ਨਾਮ ਆਪਣੇ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦਿੰਦਿਆਂ ਅਤੇ ਰਾਸ਼ਨ ਵੰਡ ਪ੍ਰਣਾਲੀ ’ਚ ਹੋਰ ਵਧੇਰੇ ਪਾਰਦਰਸ਼ਤਾ ਲਿਆਉਂਦਿਆਂ ਇਸਨੂੰ ਬਾਇਓਮੈਟਰਿਕ ਸਿਸਟਮ ਨਾਲ ਜੋੜ ਕੇ ਸਮਾਰਟ ਰਾਸ਼ਨ ਕਾਰਡ ਬਣਾਏ ਗਏ ਹਨ। ਜਿਹੜੇ ਲਾਭਪਾਤਰੀ ਸਮਾਰਟ ਕਾਰਡ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਵੀ ਜਲਦ ਹੀ ਸਮਾਰਟ ਕਾਰਡ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 399 ਵਾਂ ਪ੍ਰਕਾਸ਼ ਪੂਰਬ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 350ਵੀਂ ਜਨਮ ਸ਼ਤਾਬਦੀ ਅਤੇ ਜੈਨ ਧਰਮ ਦੇ 10ਵੇਂ ਮੁਖੀ ਅਚਾਰੀਆ ਸ੍ਰੀ ਮਹਾਂ ਪ੍ਰਾਗਿਆ ਦੀ ਜਨਮ ਸ਼ਤਾਬਦੀ ਵੀ ਸਤਿਕਾਰਤ ਢੰਗ ਨਾਲ ਮਨਾਉਣ ਦੀ ਤਜਵੀਜ਼ ਹੈ।
    ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਸਕੀਮ ਅਧੀਨ ਸਹਿਕਾਰੀ ਅਤੇ ਵਪਾਰਕ ਬੈਂਕਾਂ ਦੇ ਦਰਜ਼ਾ ਪ੍ਰਾਪਤ ਛੋਟੇ ਅਤੇ ਦਰਮਿਆਨੇ 6 ਲੱਖ ਦੇ ਕਰੀਬ ਕਿਸਾਨਾਂ ਦਾ ਰੁਪਏ 4736 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਗਿਆ ਅਤੇ ਅੱਗੇ ਵੀ ਇਹ ਸਕੀਮ ਜਾਰੀ ਰਹੇਗੀ। ਫਸਲ ਦੀ ਖਰੀਦ 48 ਘੰਟਿਆਂ ਅੰਦਰ ਕਰਦਿਆਂ ਕਿਸਾਨਾਂ ਨੂੰ ਉਨ੍ਹਾਂ ਦੀ ਬਣਦੀ ਰਕਮ ਸਮੇਂ ਸਿਰ ਅਦਾ ਕੀਤੀ ਜਾ ਰਹੀ ਹੈ। 
    ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਲੜੀ ਜਾ ਰਹੀ ਲੜਾਈ ’ਚ ਵੱਡੀ ਜਿੱਤ ਹਾਸਲ ਕਰਦਿਆਂ ਸਪਲਾਈ ਲਾਈਨ ਤੋੜ ਦਿੱਤੀ ਗਈ ਜਿਸ ਦੇ ਸਿੱਟੇ ਵਜੋਂ ਹੈਰੋਇਨ ਦੀ ਬਰਾਮਦਗੀ ਸੰਨ 2017 ਵਿੱਚ 119 ਕਿਲੋ ਤੋਂ ਵੱਧ ਕੇ 2019 ’ਚ 432 ਕਿਲੋ ਹੋ ਗਈ ਹੈ। ਨਸ਼ਾ ਪੀੜਤ ਵਿਅਕਤੀਆਂ ਨੂੰ ਰਾਹਤ ਦਿੰਦਿਆਂ ਸੂਬੇ ਭਰ ਵਿੱਚ 35 ਨਸ਼ਾ ਛੁਡਾਉ ਕੇਂਦਰ ਅਤੇ 193 ਸਰਕਾਰੀ ਓਟ ਕਲੀਨਿਕ ਸਥਾਪਤ ਕੀਤੇ ਗਏ।


    ਅੱਜ ਦੇ ਗਣਤੰਤਰਤਾ ਦਿਹਾੜੇ ਸਮਾਗਮ ਦੀ ਸ਼ੁਰੂਆਤ ਵਿੱਚ ਪੰਜਾਬ ਪੁਲਿਸ, ਹੋਮਗਾਰਡਜ਼, ਐਨ.ਸੀ.ਸੀ. ਅਤੇ ਸਕਾਊਟਸ ਦੀਆਂ ਟੁਕੜੀਆਂ ਵੱਲੋਂ ਕੌਮੀ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ਅਤੇ ਸਭਿਆਚਾਰ ਨਾਲ ਰੰਗੀਆਂ ਕੋਰਿਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਸਾਰੇ ਮਾਹੌਲ ਨੂੰ ਤਿਰੰਗੇ ਝੰਡੇ ਵਾਂਗ ਰੰਗਮਈ ਕਰ ਦਿੱਤਾ। ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਵੱਲੋਂ ਸੁਤੰਤਰਤਾ ਸੰਗਰਾਮੀਆਂ, ਵੀਰ ਨਾਰੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਭੂਮਿਕਾ ਅਦਾ ਕਰਨ ਵਾਲੀਆਂ 75 ਸਖ਼ਸ਼ੀਅਤਾਂ, ਸਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਸਕੂਲੀ ਟੀਮਾਂ ਅਤੇ ਸਲਾਮੀ ਦੇਣ ਵਾਲੀਆਂ ਟੁਕੜੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਤਰੀ ਜੀ ਵੱਲੋਂ ਆਰਮੀ ਬੈਂਡ ਦੀ ਟੀਮ ਨੂੰ ਟਰਾਫ਼ੀ ਦੇ ਨਾਲ 21000/- ਰੁਪਏ ਦਾ ਨਗਦ ਪੁਰਸਕਾਰ ਵੀ ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਕਰਵਾਏ ਗਏ ‘ਮੇਰਾ ਪਿੰਡ ਮੇਰਾ ਮਾਣ’ ਮੁਕਾਬਲਿਆਂ’ ਤਹਿਤ ਨੌਜਵਾਨ ਏਕਤਾ ਕਲੱਬ ਭਾਈ ਦੇਸਾ ਅਤੇ ਭਾਈ ਘੱਨਈਆ ਕਲੱਬ ਬੁਰਜ ਢਿੱਲਵਾਂ ਨੂੰ ਸਨਮਾਨਿਤ ਕੀਤਾ ਗਿਆ। ਮੌਕੇ ’ਤੇ ਮੁੱਖ ਮਹਿਮਾਨ ਵੱਲੋਂ ਇਨ੍ਹਾਂ ਕਲੱਬਾਂ ਨੂੰ ਢਾਈ-ਢਾਈ ਲੱਖ ਦਾ ਨਗਦ ਇਨਾਮ ਦੇਣ ਦੀ ਵੀ ਘੋਸ਼ਣਾ ਕੀਤੀ ਗਈ। 
    ਅੱਜ ਦੇ ਸਮਾਗਮ ’ਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ 14 ਵਿਭਾਗਾਂ ਵੱਲੋਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਬੇਟੀ ਪੜਾਓ, ਬੇਟੀ ਬਚਾਓ ਦੀ ਝਾਕੀ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਵਿਨਾਸ਼ ਵਾਲੀਆ ਨੂੰ ਪਹਿਲਾਂ ਇਨਾਮ ਅਤੇ ਮਗਨਰੇਗਾ ਸਕੀਮ ਦੀ ਝਾਕੀ ਲਈ ਜ਼ਿਲ੍ਹਾ ਕੋਆਰਡੀ ਨੇਟਰ ਸ਼੍ਰੀ ਮਨਦੀਪ ਸਿੰਘ ਸਿੱਧੂ ਨੂੰ ਦੂਜਾ ਇਨਾਮ ਦਿੱਤਾ ਗਿਆ। ਵੱਖ-ਵੱਖ ਵਿਭਾਗਾਂ ਵੱਲੋਂ ਇਹ ਸਾਰੀਆਂ ਝਾਕੀਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕੱਢੀਆਂ ਗਈਆਂ।
    ਸਮਾਗਮ ਦੌਰਾਨ ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ ਮਾਨਸਾਹੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਪ੍ਰੇਮ ਮਿੱਤਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਬਿਕਰਮ ਸਿੰਘ ਮੋਫ਼ਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ, ਐਸ.ਐਸ. ਪੀ ਮਾਨਸਾ ਡਾ. ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮਤੀ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਮਨਦੀਪ ਪੰਨੂ, ਸਾਬਕਾ ਵਿਧਾਇਕ ਸ਼੍ਰੀ ਅਜੀਤ ਇੰਦਰ ਸਿੰਘ ਮੋਫ਼ਰ, ਜ਼ਿਲ੍ਹਾ ਪ੍ਰਧਾਨ ਡਾ. ਮੰਜੂ ਬਾਂਸਲ, ਚੇਅਰਮੈਨ ਸਫਾਈ ਕਰਮਚਾਰੀ ਯੂਨੀਅਨ ਸ਼੍ਰੀ ਰਾਮ ਸਿੰਘ ਸਰਦੂਲਗੜ੍ਹ ਤੋਂ ਇਲਾਵਾ ਆਮ ਲੋਕ ਹਾਜਰੀਨ ਸਨ।
    ਸਮਾਗਮ ਵਿਚ ਭਾਲ ਲੈਣ ਵਾਲੇ ਸਾਰੇ ਵਿੱਦਿਅਕ ਅਦਾਰਿਆਂ ਵਿਚ 27 ਜਨਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

Leave a Reply