ਮਿਡ ਡੇ ਮੀਲ ਕੁੱਕ ਵਰਕਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 1 ਜੂਨ ਨੂੰ ਪਟਿਆਲਾ ਵਿਖੇ ਜੋਨਲ ਰੋਸ ਰੈਲੀ ਕਰਨ ਦਾ ਐਲਾਨ

re
By Admin

ਕੁੱਕ ਵਰਕਰਾਂ ਦੀਆਂ ਤਨਖਾਹਾਂ ਘੱਟੋ ਘੱਟ ਉਜਰਤਾਂ ਕਾਨੂੰਨ ਤਹਿਤ ਵਧਾਉਣ ਦੀ ਮੰਗ

14 ਮਈ, ਪਟਿਆਲਾ :ਮਿਡ ਡੇ ਮੀਲ ਵਰਕਰ ਯੂਨੀਅਨ ਪਟਿਆਲਾ(ਸਬੰਧਿਤ ਡੀ.ਐਮ.ਐਫ) ਦੀ ਜਿਲੵਾ ਕਮੇਟੀ ਦੀ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਹੋਈ। ਮੀਟਿੰਗ ਦੌਰਾਨ ਕੀਤੇ ਫੈਸਲੇ ਅਨੁਸਾਰ ਫਤਿਹਗੜੵ ਸਾਹਿਬ, ਸੰਗਰੂਰ ਅਤੇ ਮੋਹਾਲੀ ਜਿਲੵਿਆਂ ਨੂੰ ਨਾਲ ਲੈਂਦਿਆਂ 1 ਜੂਨ ਨੂੰ ਨਹਿਰੂ ਪਾਰਕ ਪਟਿਆਲਾ ਵਿਖੇ ਜੋਨਲ ਰੋਸ ਪਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ।
ਸੂਬਾਈ ਆਗੂ ਪਰਵੀਨ ਸ਼ਰਮਾ ਤੋਂ ਇਲਾਵਾ ਸੁਦੇਸ਼ ਕੁਮਾਰੀ ਸਨੌਰ, ਊਸ਼ਾ ਰਾਣੀ, ਕਰਮਜੀਤ ਕੌਰ ਬੁਜਰਕ ਅਤੇ ਚਰਨਜੀਤ ਕੌਰ
ਨੇ ਦੱਸਿਆ ਕਿ ਕੁੱਕ ਵਰਕਰਾਂ ਦਾ ਘੱਟੋ ਘੱਟ ਉਜਰਤਾਂ ਕਾਨੂੰਨ ਤਹਿਤ ਮਾਣਭੱਤਾ ਵਧਾਉਣ, 10 ਦੀ ਬਜਾਏ 12 ਮਹੀਨੇ ਮਾਣਭੱਤਾ ਲੈਣ, ਕੁੱਕ ਵਰਕਰਾਂ ਦੀਆਂ ਸੇਵਾਵਾਂ ਐਸ.ਐਮ.ਸੀ ਦੀ ਥਾਂ ਵਿਭਾਗ ਅਧੀਨ ਲਿਆਉਣ, ਮੁਫਤ ਦੁਰਘਟਨਾ ਅਤੇ ਸਿਹਤ ਬੀਮਾ ਲਾਗੂ ਕਰਵਾਉਣ, ਛੁੱਟੀਆਂ ਦੇ ਨਿਯਮ ਲਾਗੂ ਕਰਵਾਉਣ, ਜਬਰੀ ਹਟਾਈਆਂ ਵਰਕਰਾਂ ਬਹਾਲ ਕਰਵਾਉਣ ਅਤੇ ਵਧੇ ਮਾਣਭੱਤੇ ਦੇ ਬਕਾਏ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਕੁੱਕ ਵਰਕਰਾਂ ਸੰਘਰਸ਼ ਕਰਨ ਲਈ ਮਜਬੂਰ ਹਨ।ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ( ਡੀ.ਐਮ.ਐਫ) ਦੇ ਆਗੂਆਂ ਦਵਿੰਦਰ ਸਿੰਘ ਪੂਨੀਆ, ਵਿਕਰਮ ਦੇਵ ਸਿੰਘ, ਅਤਿੰਦਰਪਾਲ ਘੱਗਾ ਅਤੇ ਗੁਰਜੀਤ ਸਿੰਘ ਸਮਾਣਾ ਨੇ ਦੱਸਿਆ ਕੇ ਵਿਭਾਗੀ ਸੇਵਾ ਨਿਯਮਾਂ ਤਹਿਤ ਭਰਤੀ ਮਿਡ ਡੇ ਮੀਲ ਦਫਤਰੀ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਅਧੀਨ ਪੂਰੇ ਤਨਖਾਹ ਸਕੇਲ ‘ਤੇ ਰੈਗੂਲਰ ਕਰਵਾਉਣ ਅਤੇ ਤਨਖਾਹਾਂ ਵਿੱਚ ਵਾਧਾ ਕਰਵਾੳੁਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਜੋਨਲ ਧਰਨੇ ਦੀ ਤਿਆਰੀ ਵਜੋਂ 20 ਤੋਂ 27 ਮਈ ਤੱਕ ਬਲਾਕ ਪੱਧਰੀ ਮੀਟਿੰਗਾਂ ਕਰਨ ਵੀ ਤੈਅ ਹੋਇਆ।
ਇਸ ਮੌਕੇ ਸਤਾਰ ਮੁਹੰਮਦ ਰਾਜਪੁਰਾ, ਪਰਮਜੀਤ ਕੌਰ ਸੈਫਦੀਪੁਰ, ਕਮਲੇਸ਼ ਕੁਮਾਰੀ, ਪਿੰਕੀ ਦੇਵੀ, ਅਮਰਜੀਤ ਕੌਰ, ਬਲਵੰਤ ਸਿੰਘ ਅਤੇ ਐਸ.ਐਸ.ਏ ਰਮਸਾ ਯੂਨੀਅਨ ਤੋਂ ਹਰਦੀਪ ਟੋਡਰਪੁਰ, ਹਰਵਿੰਦਰ ਰੱਖੜਾ ਅਤੇ ਅਧਿਆਪਕ ਆਗੂ ਕੁਲਦੀਪ ਸਿੰਘ ਗੋਬਿੰਦਪੁਰਾ, ਰਾਮਸ਼ਰਨ ਅਲੋਹਰਾ ਅਤੇ ਅਮਿਤਇੰਦਰ ਸਿੰਘ ਵੀ ਮੋਜੂਦ ਰਹੇ।