Punjab

ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਲਈ 10 ਮੈਂਬਰੀ ਰਣਨੀਤਿਕ ਨੀਤੀ ਸਮੂਹ ਕਾਇਮ ਕਰਨ ’ਤੇ ਸਹਿਮਤੀ

 

ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਲਈ 10 ਮੈਂਬਰੀ ਰਣਨੀਤਿਕ ਨੀਤੀ ਸਮੂਹ ਕਾਇਮ ਕਰਨ ’ਤੇ ਸਹਿਮਤੀ

-ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੇ ਸਮੂਹ ਦੀ ਹਫਤਾਵਾਰੀ ਹੋਵੇਗੀ ਮੀਟਿੰਗ, ਸਰਕਾਰ ਦੀਆਂ ਪਹਿਲਕਦਮੀਆਂ ਤੇ ਪ੍ਰੋਗਰਾਮਾਂ ਵਿੱਚ ਤੇਜ਼ੀ ਲਿਆਉਣ ’ਚ ਕਰੇਗਾ ਮਦਦ

-ਮੁੱਖ ਮੰਤਰੀ ਨੇ ਪ੍ਰਤੀਦਿਨ ਕਾਂਗਰਸੀ ਵਿਧਾਇਕਾਂ ਤੇ ਅਹੁਦੇਦਾਰਾਂ ਨੂੰ ਮਿਲਣ ਲਈ ਕੈਬਨਿਟ ਮੰਤਰੀਆਂ ਨੂੰ ਜ਼ਿੰਮੇਵਾਰੀ ਸੌਂਪੀ

ਚੰਡੀਗੜ, 20 ਅਗਸਤ:

ਸੱਤਾਧਾਰੀ ਧਿਰ ਅਤੇ ਸੂਬਾ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣਾਉਣ ਤੇ ਵੱਖੋ-ਵੱਖ ਸਰਕਾਰੀ ਪਹਿਲਕਦਮੀਆਂ, ਪ੍ਰੋਗਰਾਮਾਂ ਅਤੇ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਇਕ 10-ਮੈਂਬਰੀ ‘ਰਣਨੀਤਿਕ ਨੀਤੀ ਸਮੂਹ’ ਕਾਇਮ ਕਰਨ ’ਤੇ ਸਹਿਮਤੀ ਜਤਾਈ ਹੈ।

ਇਸ ਸਮੂਹ ਦੀ ਪ੍ਰਧਾਨਗੀ ਮੁੱਖ ਮੰਤਰੀ ਕਰਨਗੇ ਅਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮੋਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ, ਨਵਜੋਤ ਸਿੰਘ ਸਿੱਧੂ ਅਤੇ ਪਾਰਟੀ ਦੇ ਚਾਰ ਵਰਕਿੰਗ ਪ੍ਰਧਾਨਾਂ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜੀਆਂ ਅਤੇ ਪਵਨ ਗੋਇਲ ਤੇ ਪਰਗਟ ਸਿੰਘ ਤੋਂ ਇਲਾਵਾ ਇਸ ਸਮੂਹ ਦੇ ਮੈਂਬਰ ਹੋਣਗੇ।

ਇਹ ਫੈਸਲਾ ਅੱਜ ਸਵੇਰੇ ਉਦੋਂ ਲਿਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ, ਕੁਲਜੀਤ ਸਿੰਘ ਨਾਗਰਾ ਅਤੇ ਪਰਗਟ ਸਿੰਘ ਸਮੇਤ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਤਾਂ ਜੋ ਪੰਜਾਬ ਨਾਲ ਜੁੜੇ ਮੁੱਦਿਆਂ ਅਤੇ ਪਾਰਟੀ ਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਲਈ ਕਦਮ ਚੁੱਕਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।

ਇਸ ਸਮੂਹ ਵੱਲੋਂ ਹੋਰ ਮੰਤਰੀਆਂ ਅਤੇ ਮਾਹਰਾਂ ਦੇ ਲੋੜ ਅਨੁਸਾਰ ਸਲਾਹ ਮਸ਼ਵਰੇ ਨਾਲ ਹਫਤਾਵਾਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨਾਂ ਮੀਟਿੰਗਾਂ ਵਿੱਚ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਰਹੀਆਂ ਵੱਖੋ-ਵੱਖ ਪਹਿਲਕਦਮੀਆਂ ਬਾਰੇ ਵਿਚਾਰ ਚਰਚਾ ਅਤੇ ਸਮੀਖਿਆ ਹੋਵੇਗੀ ਅਤੇ ਇਸ ਤੋਂ ਇਲਾਵਾ ਇਨਾਂ ਵਿੱਚ ਤੇਜ਼ੀ ਲਿਆਉਣ ਸਬੰਧੀ ਸੁਝਾਅ ਵੀ ਦਿੱਤੇ ਜਾਣਗੇ।

ਇਕ ਹੋਰ ਫੈਸਲੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ ਦੇ ਸਹਿਯੋਗੀਆਂ ਨੂੰ ਪ੍ਰਤੀ ਦਿਨ ਪੰਜਾਬ ਕਾਂਗਰਸ ਭਵਨ ਵਿੱਚ ਵਾਰੋ-ਵਾਰ ਮੌਜੂਦ ਰਹਿਣ ਲਈ ਕਿਹਾ ਹੈ ਤਾਂ ਜੋ ਵਿਧਾਇਕਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨਾਲ ਉਨਾਂ ਦੇ ਹਲਕਿਆਂ/ਇਲਾਕਿਆਂ ਨਾਲ ਸਬੰਧਿਤ ਮੁੱਦਿਆਂ ਬਾਰੇ ਵਿਚਾਰ-ਚਰਚਾ ਕਰ ਕੇ ਕਿਸੇ ਵੀ ਸ਼ਿਕਾਇਤ ਨੂੰ ਦੂਰ ਕੀਤਾ ਜਾ ਸਕੇ।

ਇਕ ਮੰਤਰੀ ਕਾਂਗਰਸ ਭਵਨ ਵਿਖੇ ਸੋਮਵਾਰ ਤੋਂ ਤਿੰਨ ਘੰਟਿਆਂ (ਸਵੇਰੇ 11:00 ਤੋਂ ਦੁਪਹਿਰ 02:00) ਵਜੇ ਤੱਕ ਮੌਜੂਦ ਰਹੇਗਾ ਅਤੇ ਜੇਕਰ ਕਿਸੇ ਖਾਸ ਦਿਨ ਲਈ ਤਾਇਨਾਤ ਮੰਤਰੀ ਕਿਸੇ ਕਾਰਨ ਉੱਥੇ ਮੌਜੂਦ ਰਹਿਣ ’ਚ ਅਸਮਰੱਥ ਰਹਿੰਦੇ ਹਨ, ਤਾਂ ਉਹ ਕਿਸੇ ਹੋਰ ਮੰਤਰੀ ਨਾਲ ਸਲਾਹ ਕਰ ਕੇ ਆਪਣਾ ਬਦਲ ਮੁਹੱਈਆ ਕਰਵਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਬੰਧ ਹਫਤੇ ਵਿੱਚ ਪੰਜ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਗੂ ਹੋਵੇਗਾ। ਉਨਾਂ ਅੱਗੇ ਕਿਹਾ ਕਿ ਇਸ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨਾਂ ਦੀ ਸਰਕਾਰ ਅਤੇ ਪਾਰਟੀ ਦੇ ਅਹੁਦੇਦਾਰਾਂ ਦਰਮਿਆਨ ਬਿਹਤਰ ਤਾਲਮੇਲ ਬਣੇਗਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!