ਪਿਛਲੇ 7 ਸਾਲ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਮਾਨਸਾ ਦੇ ਕਿਸਾਨ ਨੂੰ ਮਿਲਿਆ ਕੌਮੀ ਅਵਾਰਡ

Web Location
By Admin

ਪਰਾਲੀ ਨਾ ਸਾੜਨ ਲਈ ਸਨਮਾਨੇ ਗਏ ਪੰਜਾਬ ਦੇ 10 ਕਿਸਾਨਾਂ ਵਿਚ ਮਾਨਸਾ ਦਾ ਕਿਸਾਨ ਵੀ ਸ਼ਾਮਲ
-ਪਰਾਲੀ ਨਾ ਸਾੜ ਕੇ ਕਿਸਾਨ ਪੈਸੇ ਦੀ ਬੱਚਤ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਕਰ ਸਕਦੇ ਨੇ ਵਾਧਾ
ਮਾਨਸਾ, 11 ਸਤੰਬਰ (ਅਪਡੇਟ ਪੰਜਾਬ ਡਾਟ ਕੌਮ ): ਮਾਨਸਾ ਦੇ ਪਿੰਡ ਘਰਾਂਗਣਾ ਦੇ ਕਿਸਾਨ ਸ੍ਰੀ ਬਲਵਿੰਦਰ ਸਿੰਘ ਸਿੱਧੂ ਨੂੰ ਪਿਛਲੇ 6-7 ਸਾਲਾਂ ਤੋਂ ਵਾਤਾਵਰਣ ਪੱਖੀ ਤਰੀਕੇ ਨਾਲ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਅਤੇ ਪਰਾਲੀ ਨਾ ਸਾੜਨ ਲਈ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੇਵਾਮੁਕਤ ਪਟਵਾਰੀ ਬਲਵਿੰਦਰ ਸਿੰਘ ਪੰਜਾਬ ਦੇ ਉਨ੍ਹਾਂ 10 ਕਿਸਾਨਾਂ ਵਿਚ ਸ਼ਾਮਿਲ ਹੈ ਜਿੰਨ੍ਹਾਂ ਨੂੰ ਖੇਤੀਬਾੜੀ ਖੋਜ ਅਤੇ ਖੇਤੀਬਾੜੀ ਵਿਭਾਗ ਦੀ ਭਾਰਤੀ ਸਭਾ ਅਤੇ ਕਿਸਾਨ ਭਲਾਈ ਦੁਆਰਾ ਐਨ.ਏ.ਐਸ.ਸੀ. ਕੰਪਲੈਕਸ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਹੈ।
ਕਾਨਫਰੰਸ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਨਵੀਂ ਦਿੱਲੀ ਦੇ 1500 ਕਿਸਾਨਾਂ ਨੇ ਭਾਗ ਲਿਆ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਪ੍ਰਸ਼ੋਤਮ ਰੁਪਾਲਾ ਅਤੇ ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਤਿਰਲੋਚਨ ਮੋਹਾਪਤਰਾ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿਚ ਪਾਏ ਯੋਗਦਾਨ ਲਈ ਪੰਜਾਬ ਦੇ 10 ਕਿਸਾਨਾਂ ਨੂੰ ਸਨਮਾਨਿਤ ਕੀਤਾ। ਜਰੂਰੀ ਕਾਰਨਾਂ ਕਰਕੇ ਖ਼ੁਦ ਅਵਾਰਡ ਲੈਣ ਜਾਣ ਲਈ ਅਸਮਰਥ ਮਾਨਸਾ ਦੇ ਕਿਸਾਨ ਸ੍ਰੀ ਬਲਵਿੰਦਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਨੂੰ ਸਨਮਾਨ ਲੈਣ ਲਈ ਭੇਜਿਆ।
23 ਏਕੜ ਜ਼ਮੀਨ ਦਾ ਮਾਲਕ ਬਲਵਿੰਦਰ ਸਿੰਘ ਪਿਛਲੇ 6-7 ਸਾਲ ਤੋਂ ਪਰਾਲੀ ਨਹੀਂ ਸਾੜ ਰਿਹਾ। ਇਸ ਦੀ ਬਜਾਏ ਉਹ ਇਸ ਨੂੰ ਮਿੱਟੀ ਵਿਚ ਵਾਹ ਦਿੰਦਾ ਹੈ ਅਤੇ ਇਸ ਨੂੰ ਖਾਦ ਦੇ ਤੌਰ ਤੇ ਵਰਤ ਕੇ ਘੱਟ ਪਾਣੀ ਅਤੇ ਘੱਟ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦਿਆਂ ਆਪਣੀ ਫਸਲ ਉਘਾਉਂਦਾ ਹੈ। ਮਾਨਸਾ ਜਿਹੇ ਖੇਤਰ ਵਿਚ ਝੋਨੇ ਦੀ ਪਰਾਲੀ ਮਿੱਟੀ ਵਿਚਲੇ ਤੇਜ਼ਾਬੀਪਣ ਅਤੇ ਖਾਰੇਪਣ ਨੂੰ ਘਟਾਉਣ ਵਿਚ ਸਹਾਇਤਾ ਕਰਦੀ ਹੈ। ਜਿਵੇਂ ਕਿ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਸਿੰਚਾਈ ਦੇ ਯੋਗ ਨਹੀਂ ਹੈ, ਪਰਾਲੀ ਪੋਟਾਸ਼, ਫਾਸਫੋਰਸ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਜ਼ਮੀਨ ਲਈ ਫ਼ਾਇਦੇਮੰਦ ਹੁੰਦੀ ਹੈ।
ਉਸ ਨੇ ਸੀ.ਆਰ. 212 ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕੀਤੀ ਹੈ ਜੋ ਕਿ ਬਹੁਤ ਸੰਘਣੀ ਪਰਾਲੀ ਦਾ ਉਤਪਾਦਨ ਕਰਦੀ ਹੈ। ਬਹੁਤ ਸਾਰੇ ਕਿਸਾਨ ਸੋਚਦੇ ਹਨ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਹੈਪੀ ਸੀਡਰ ਦੀ ਵਰਤੋਂ ਸੰਘਣੀ ਪਰਾਲੀ ਵਾਲੀਆਂ ਕਿਸਮਾਂ ਲਈ ਸੰਭਵ ਨਹੀਂ ਹੈ, ਪ੍ਰੰਤੂ ਅਜਿਹਾ ਨਹੀਂ ਹੈ। ਇਕ ਮਹੀਨੇ ਵਿਚ ਹੀ ਸਾਰੀ ਪਰਾਲੀ ਧਰਤੀ ਵਿਚ ਮਿਲਾ ਦਿੱਤੀ ਜਾਂਦੀ ਹੈ ਅਤੇ ਝੋਨੇ ਦੇ ਕਰਚੇ ਆਸਾਨੀ ਨਾਲ ਵੇਖੇ ਜਾ ਸਕਦੇ ਹਨ।
ਉਸ ਦੀ ਸਲਾਹ ਨਾਲ ਪਹਿਲਾਂ ਉਸ ਦੇ ਭਰਾਵਾਂ ਅਤੇ ਫੇਰ ਉਸ ਦੇ ਗੁਆਂਢੀਆਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਰਵਾਇਤ ਬੰਦ ਕਰ ਦਿੱਤੀ ਹੈ। ਉਹ ਮਹਿਸੂਸ ਕਰਦਾ ਹੈ ਕਿ ਹਰ ਸਾਲ ਉਸ ਦੀ ਮਿੱਟੀ ਦੀ ਉਪਜਾਉ ਸ਼ਕਤੀ ਵਿਚ ਵਾਧਾ ਹੋਇਆ ਹੈ। ਉਸ ਨੇ ਦੱਸਿਆ ਕਿ ਇਸ ਸਾਲ, ਹੁਣ ਤੱਕ, ਉਸ ਵੱਲੋਂ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਗਈ ਕਿਊਂਕਿ ਫਸਲ ਸਿਹਤਮੰਦ ਹੈ। ਜਿਵੇਂ ਜਿਵੇਂ ਅਸੀਂ ਅੱਗ ਲਗਾਉਣਾ ਬੰਦ ਕਰਦੇ ਹਾਂ, ਮਿੱਟੀ ਵਿਚ ਬਿਮਾਰੀਆਂ ਖਿਲਾਫ਼ ਲੜਨ ਦੇ ਤੱਤ ਵਧਦੇ ਹਨ ਅਤੇ ਕਿਸਾਨੀ ਮਿੱਤਰ ਜੀਵ ਜੰਤੂ ਜ਼ਮੀਨ ਵਿਚ ਚੰਗੇ ਗੁਣ ਲੈ ਕੇ ਆਊਂਦੇ ਹਨ।
ਬਲਵਿੰਦਰ ਛੋਟੇ ਕਿਸਾਨਾਂ ਦੀ ਹੈਪੀ ਸੀਡਰ ਰਾਹੀਂ ਝੋਨੇ ਦੀ ਸਿੱਧੀ ਬਿਜਾਈ ’ਚ ਸਹਾਇਤਾ ਕਰਕੇ ਨੇਕ ਕੰਮ ਕਰ ਰਿਹਾ ਹੈ। ਉਸ ਨੇ ਕਈ ਛੋਟੇ ਕਿਸਾਨਾਂ ਦੇ ਖੇਤਾਂ ਵਿਚ ਹੈਪੀ ਸੀਡਰ ਰਾਹੀਂ ਝੋਨੇ ਦੀ ਮੁਫ਼ਤ ਬਿਜਾਈ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਸਭ ਉਸ ਦੇ ਬੱਚਿਆਂ ਲਈ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਚੰਗੇ ਅਤੇ ਸਾਫ਼ ਵਾਤਾਵਰਣ ਵਿਚ ਸਾਹ ਲੈ ਸਕਣ।

ਝੋਨੇ ਅਤੇ ਕਣਕ ਦੀ ਫ਼ਸਲ ਤੋਂ ਇਲਾਵਾ ਉਹ ਫੁੱਲਾਂ ਦਾ ਵੀ ਪਾਲਣ ਪੋਸ਼ਣ ਕਰਦਾ ਹੈ। ਉਸ ਨੇ ਪਟਿਆਲਾ, ਲੁਧਿਆਣਾ, ਮਲੇਰਕੋਟਲਾ ਅਤੇ ਕੁਆਲਾ ਲੁਮਪੁਰ ਤੋਂ ਲਿਆਂਦੇ ਫੁੱਲਾਂ ਦੇ ਪੌਦਿਆਂ ਰਾਹੀਂ ਆਪਣੇ ਖੇਤ ਨਾਲ ਦੋਵੇਂ ਪਾਸੇ ਲੱਗਦੀਆਂ ਸੜਕਾਂ ਨੂੰ ਸ਼ਿੰਗਾਰਿਆ ਹੈ।

Leave a Reply