ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ

Punjab REGIONAL
By Admin

ਬਾਦਲ ਐਂਡ ਕੰਪਨੀ ਦੀ ਬੋਲਤੀ ਬੰਦ ਕਰੇਗੀ ‘ਆਪ’ – ਭਗਵੰਤ ਮਾਨ

ਹਰਸਿਮਰਤ ਬਾਦਲ ਆਪਣੇ ਪਤੀ ਦੀ ਗਾਤਰਾ ਸਾਹਿਬ ਸੰਭਾਲਣ ਵਿੱਚ ਕਰਨ ਮਦਦ
ਪਰਮਿੰਦਰ ਸਿੰਘ ਢੀਂਡਸਾ ‘ਆਪ’ ਨੂੰ ਸਿੱਖਿਆ ਦੇਣ ਦੀ ਥਾਂ ਖ਼ੁਦ ਆਪਣੇ ਪਿਤਾ ਦੀਆਂ ਸਿੱਖਿਆਵਾਂ ਉੱਤੇ ਚੱਲਣ

ਚੰਡੀਗੜ੍ਹ 30 ਮਾਰਚ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਅਤੇ ਉਨ੍ਹਾਂ ਆਗੂਆਂ ਨੂੰ ਆਮ ਆਦਮੀ ਪਾਰਟੀ ਦਾ ‘ਫੋਬੀਆ’ ਹੋ ਗਿਆ ਹੈ। ਬਾਦਲ ਪਰਿਵਾਰ ਐਂਡ ਕੰਪਨੀ ‘ਆਪ’ ਦੇ ਡਰੋਂ ਖ਼ੁਸ਼ਫਹਿਮੀ ਵਾਲੇ ਸੁਪਨੇ ਲੈਣ ਲੱਗੀ ਹੈ ਕੀ ਆਮ ਆਦਮੀ ਪਾਰਟੀ ਬੰਦ ਹੋ ਗਈ ਹੈ ਅਤੇ ਭਗਵੰਤ ਮਾਨ ਕਿਸੇ ਹੋਰ ਪਾਰਟੀ ਵਿੱਚ ਜਾ ਰਿਹਾ ਹੈ, ਪ੍ਰੰਤੂ ਅਜਿਹੇ ਸੁਪਨੇ ਸੱਚ ਨਹੀਂ ਹੋਣ ਲੱਗੇ। ਆਮ ਆਦਮੀ ਪਾਰਟੀ ਖ਼ੁਦ ਬੰਦ ਨਹੀਂ ਹੋ ਰਹੀ ਸਗੋਂ ਬਾਦਲ ਐਂਡ ਕੰਪਨੀ ਦੀ ਬੋਲਤੀ ਬੰਦ ਕਰੇਗੀ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਬਾਦਲ ਦਲ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਫ਼ਵਾਹਾਂ ਉਡਾਉਣੀਆਂ ਬੰਦ ਕਰਨ ਅਤੇ ਚੋਣ ਮੈਦਾਨ ਵਿੱਚ ਜ਼ਮੀਨੀ ਹਕੀਕਤ ਦੇ ਰੂਬਰੂ ਹੋਣ।
ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਇੱਕ ਅੰਦੋਲਨ ਵਿੱਚੋਂ ਨਿਕਲੀ ਹੋਈ ਵਤਨਪ੍ਰਸਤ ਪਾਰਟੀ ਹੈ। ਬਾਦਲਾਂ, ਕੈਪਟਨਾਂ ਵਾਂਗ ਪਰਿਵਾਰਪ੍ਰਸਤ ਅਤੇ  ਐਸ਼ਪ੍ਰਸਤ ਪਾਰਟੀ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਵਤਨਪ੍ਰਸਤੀ ਕਾਰਨ ਉਨ੍ਹਾਂ ਪ੍ਰਤੀਕਿਰਿਆ ਦਿੱਤੀ ਸੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਜੋੜੀ ਦੇਸ਼ ਅਤੇ ਦੇਸ਼ ਦੀ ਏਕਤਾ-ਅਖੰਡਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਸ ਖ਼ਤਰਨਾਕ ਅਤੇ ਦੇਸ਼ ਵਿਰੋਧੀ ਜੋੜੀ ਨੂੰ ਰੋਕਣ ਲਈ ‘ਆਪ’ ਕੋਈ ਵੀ ਕੁਰਬਾਨੀ ਦੇ ਸਕਦੀ ਹੈ, ਪ੍ਰੰਤੂ ਇਸ ਦਾ ਮਤਲਬ ਇਹ ਨਹੀਂ ਸੀ ਕਿ ਆਮ ਆਦਮੀ ਪਾਰਟੀ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਆਸੀ ਇਤਿਹਾਸ ਵਿਚ ‘ਆਪ’ ਸਭ ਤੋਂ ਤੇਜ਼ੀ ਨਾਲ ਵੱਧ ਫ਼ੁਲ ਰਹੀ ਪਾਰਟੀ ਹੈ। ਇਸ ਕਾਰਨ ਬਾਦਲਾਂ ਤੇ ਇਨ੍ਹਾਂ ਦੀਆਂ ਬੀ ਟੀਮਾਂ ਨੂੰ ‘ਆਪ’ ਦਾ ‘ਫੋਬੀਆ’ ਹੋਇਆ ਪਿਆ ਹੈ ਅਤੇ ਇਹ ਰਾਤਾਂ ਨੂੰ ਚੈਨ ਨਾਲ ਸੌਂ ਵੀ ਨਹੀਂ ਸਕਦੇ। ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਨੂੰ ਵੰਗਾਰਦਿਆਂ ਕਿਹਾ ਕਿ ਉਹ ਮੇਰੇ (ਭਗਵੰਤ ਮਾਨ) ਉੱਤੇ ਟੀਕਾ ਟਿੱਪਣੀ ਕਰਨ ਤੋਂ ਪਹਿਲਾਂ ਖ਼ੁਦ ਲਈ ਹਲਕਾ ਪੱਕਾ ਕਰ ਲੈਣ।
ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਪਰ ਨਾਲ ਹੀ ਵਿਅੰਗਪੂਰਨ ਸ਼ਰਤ ਰੱਖੀ ਕਿ ਉਹ ਆਪਣੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ ਸੰਗਰੂਰ ਤੋਂ ਦੂਰ ਰੱਖਣ ਕਿਉਂਕਿ ਸੰਗਰੂਰ ਹਲਕੇ ਦੇ ਨੌਜਵਾਨ ਚਿੱਟੇ ਦੇ ਨਸ਼ੇ ਤੋਂ ਬਚੇ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਾਰੀਆਂ ਚੋਣਾਂ ਦਾ ਇਤਿਹਾਸ ਰਿਹਾ ਹੈ ਕਿ ਬਿਕਰਮ ਮਜੀਠੀਆ ਜਿਸ ਵੀ ਹਲਕੇ ਵਿੱਚ ਪ੍ਰਚਾਰ ਇੰਚਾਰਜ ਰਿਹਾ ਹੈ ਉੱਥੋਂ ਦੇ ਨੌਜਵਾਨ ਨਸ਼ੇ ਉੱਤੇ ਲਗਾ ਦਿੱਤੇ ਗਏ।
ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਉਹ ਮੇਰੇ (ਭਗਵੰਤ ਮਾਨ) ਬਾਰੇ ਸੋਚਣਾ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਗਾਤਰਾ ਸਾਹਿਬ ਸੰਭਾਲਣ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਜੋ ਬੰਦਾ ਗਾਤਰਾ ਸਾਹਿਬ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਪੰਜਾਬ ਅਤੇ ਪੰਥ ਦੀ ਕੀ ਸੰਭਾਲ ਕਰੇਗਾ?
ਭਗਵੰਤ ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਲਾਹ ਦਿੱਤੀ ਕਿ ਉਹ ਸਾਨੂੰ ‘ਆਪ’ ਨੂੰ ਸਿੱਖਿਆ ਦੇਣ ਦੀ ਥਾਂ ਆਪਣੇ ਪਿਤਾ ਜੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਸਿੱਖਿਆ ਉੱਤੇ ਆਗਿਆਕਾਰੀ ਪੁੱਤਰ ਵਜੋਂ ਅਮਲ ਕਰਨ।

Leave a Reply