Punjab

ਮੁੱਖ ਮੰਤਰੀ ਵੱਲੋਂ ਮਨੀਪੁਰ ‘ਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਕੱਢਣ ਲਈ ਹੈਲਪਲਾਈਨ ਨੰਬਰ ਜਾਰੀ

ਉੱਤਰ ਪੂਰਬੀ ਸੂਬੇ ਵਿੱਚ ਰਹਿ ਰਹੇ ਲੋਕ ਜਾਂ ਉਨ੍ਹਾਂ ਦੇ ਪਰਿਵਾਰ ਸਹਾਇਤਾ ਲਈ 9417936222 ਜਾਂ ਈ-ਮੇਲ ਆਈ.ਡੀ. sahotramanjeet@gmail.com ‘ਤੇ ਕਰ ਸਕਦੇ ਨੇ ਸੰਪਰਕ
ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਇੱਕ ਨੌਜਵਾਨ ਦੀ ਵਾਪਸੀ
ਚੰਡੀਗੜ੍ਹ, 9 ਮਈ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੇ ਇੱਕ ਨੌਜਵਾਨ ਨੂੰ ਦੇਸ਼ ਦੇ ਉੱਤਰ ਪੂਰਬੀ ਹਿੱਸੇ ਵਿੱਚ ਹਿੰਸਾ ਦੀ ਲਪੇਟ ਵਿਚ ਆਏ ਸੂਬੇ ਮਨੀਪੁਰ ਤੋਂ ਸੁਰੱਖਿਅਤ ਕੱਢਿਆ ਗਿਆ।
ਇਸ ਬਾਰੇ ਮੁੱਖ ਮੰਤਰੀ ਨੇ ਉੱਤਰ ਪੂਰਬੀ ਸੂਬੇ ਵਿੱਚ ਫਸੇ ਪੰਜਾਬੀਆਂ ਨੂੰ ਬਾਹਰ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਪੂਰੀ ਵਾਹ ਲਾ ਰਹੀ ਹੈ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸੂਬੇ ਦੇ ਨੌਜਵਾਨ ਰਾਹੁਲ ਕੁਮਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਉਹ ਛੇਤੀ ਹੀ ਘਰ ਵਾਪਸ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਜਾਂ ਹੋਰ ਵਿਅਕਤੀ ਜੋ ਮਨੀਪੁਰ ਵਿੱਚ ਫਸਿਆ ਹੋਇਆ ਹੈ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 9417936222 ਜਾਂ ਈਮੇਲ ਆਈਡੀ sahotramanjeet@gmail.com ‘ਤੇ ਸੰਪਰਕ ਕਰ ਸਕਦੇ ਹਨ। ਮਨੀਪੁਰ ਵਿੱਚ ਫਸੇ ਨੌਜਵਾਨਾਂ/ਵਿਦਿਆਰਥੀਆਂ ਦੇ ਚਿੰਤਤ ਪਰਿਵਾਰਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਨਾਜ਼ੁਕ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਪੂਰਾ ਸਹਿਯੋਗ ਕਰੇ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਮਨੀਪੁਰ ਵਿੱਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਕੱਢੇ ਜਾਣ ਨੂੰ ਯਕੀਨੀ ਬਣਾਉਣ ਲਈ ਕੇਂਦਰ ਦੇ ਦਖਲ ਦੀ ਲੋੜ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਭਾਰਤ ਸਰਕਾਰ ਮਨੀਪੁਰ ਹਿੰਸਾ ਵਿੱਚ ਫਸੇ ਸਾਰੇ ਲੋਕਾਂ ਲਈ ਮਦਦ ਦਾ ਹੱਥ ਵਧਾਉਣ ਵਾਸਤੇ ਲੋੜੀਂਦੇ ਕਦਮ ਚੁੱਕੇਗੀ।

Related Articles

Back to top button
error: Sorry Content is protected !!