Punjab

ਚੰਨੀ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ: ਅਰਵਿੰਦ ਕੇਜਰੀਵਾਲ

ਚੰਨੀ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ: ਅਰਵਿੰਦ ਕੇਜਰੀਵਾਲ

ਕਾਂਗਰਸ ਨੇਤਾ ਕੁਰਸੀ ਲਈ ਆਪਸ ਵਿੱਚ ਲੜ ਰਹੇ, ਅਸੀਂ ਮਿਲ ਕੇ ਪੰਜਾਬ ਲਈ ਯੋਜਨਾਵਾਂ ਬਣਾ ਰਹੇ ਹਾਂ- ਅਰਵਿੰਦ ਕੇਜਰੀਵਾਲ

ਜਿਹੜੀ ਪਾਰਟੀ ਇਕੱਠਿਆਂ ਮਿਲਕੇ ਚੋਣ ਨਹੀਂ ਲੜ ਸਕਦੀ, ਉਹ ਪੰਜਾਬ ਨੂੰ ਚੰਗਾ ਭਵਿੱਖ ਕੀ ਦੇਵੇਗੀ-ਭਗਵੰਤ ਮਾਨ

ਪੰਜਾਬ ਨੂੰ ਸਥਿਰ ਸਰਕਾਰ ਦੀ ਲੋੜ, ‘ਆਪ’ ਪੰਜਾਬ ਨੂੰ ਸਥਿਰ ਤੇ ਇਮਾਨਦਾਰ ਸਰਕਾਰ ਦੇਵੇਗੀ – ਭਗਵੰਤ ਮਾਨ

ਅੰਮ੍ਰਿਤਸਰ/ਚੰਡੀਗੜ੍ਹ, 13 ਫਰਵਰੀ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਹਾਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਅਸੀਂ ਤਿੰਨ ਵਾਰ ਸਰਵੇਖਣ ਕਰਵਾ ਚੁੱਕੇ ਹਾਂ। ਤਿੰਨੋਂ ਸਰਵੇਖਣਾਂ ਵਿੱਚ ਆਮ ਆਦਮੀ ਪਾਰਟੀ ਦੋਵਾਂ ਥਾਵਾਂ ’ਤੇ ਬਹੁਤ ਮੋਹਰੀ ਰਹੀ। ਸਰਵੇ ਮੁਤਾਬਕ ਚਮਕੌਰ ਸਾਹਿਬ ਵਿੱਚ ਚੰਨੀ ਨੂੰ 35 ਫ਼ੀਸਦੀ ਲੋਕਾਂ ਨੇ ਪਸੰਦ ਕੀਤਾ ਅਤੇ ਆਮ ਆਦਮੀ ਪਾਰਟੀ ਨੂੰ 52 ਫੀਸਦੀ ਲੋਕਾਂ ਨੇ ਚੁਣਿਆ। ਦੂਜੇ ਪਾਸੇ ਚੰਨੀ ਦੀ ਦੂਜੀ ਸੀਟ ਭਦੌੜ ‘ਚ ‘ਆਪ’ ਉਮੀਦਵਾਰ ਨੂੰ 48 ਫੀਸਦੀ ਲੋਕਾਂ ਨੇ ਪਸੰਦ ਕੀਤਾ ਜਦਕਿ ਚੰਨੀ ਨੂੰ ਸਿਰਫ 30 ਫੀਸਦੀ ਲੋਕਾਂ ਨੇ ਪਸੰਦ ਕੀਤਾ।

ਐਤਵਾਰ ਨੂੰ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੀ ਬਣਕੇ ਰਹਿ ਜਾਣਗੇ, ਕਿਉਂਕਿ ਜਦੋਂ ਉਹ ਵਿਧਾਇਕ ਹੀ ਨਹੀਂ ਬਣਨਗੇ ਤਾਂ ਮੁੱਖ ਮੰਤਰੀ ਕਿਵੇਂ ਬਣਨਗੇ। ਕੇਜਰੀਵਾਲ ਨੇ ਕਿਹਾ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਪੰਜਾਬ ਕਾਂਗਰਸ ਦੇ ਨੇਤਾ ਕੁਰਸੀ ਲਈ ਲਗਾਤਾਰ ਆਪਸ ਵਿੱਚ ਲੜ ਰਹੇ ਹਨ ਅਤੇ ਇੱਕ ਦੂਜੇ ‘ਤੇ ਦੂਸ਼ਣਬਾਜੀ ਦਾ ਚਿੱਕੜ ਸੁੱਟ ਰਹੇ ਹਨ। ਜਦੋਂ ਕਿ ਅਸੀਂ ਆਪਣੇ ਨੇਤਾਵਾਂ, ਵਰਕਰਾਂ ਅਤੇ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਪੰਜਾਬ ਦੇ ਵਿਕਾਸ ਲਈ ਅਗਲੇ ਪੰਜ ਸਾਲਾਂ ਲਈ ਯੋਜਨਾਵਾਂ ਉਲੀਕ ਰਹੇ ਹਾਂ। ਕਾਂਗਰਸ ਪਾਰਟੀ ਇੱਕ ਸਰਕਸ ਬਣ ਗਈ ਹੈ। ਪੰਜਾਬ ਦੇ ਲੋਕ ਸਰਕਸ ਚਲਾਉਣ ਵਾਲੇ ਨੂੰ ਵੋਟ ਨਹੀਂ ਪਾਉਣ ਵਾਲੇ।

‘ਆਪ’ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੀ ਪਾਰਟੀ ਦੇ ਨੇਤਾ ਇਕੱਠੇ ਰਲਕੇ ਚੋਣ ਨਹੀਂ ਲੜ ਸਕਦੇ, ਉਹ ਪੰਜਾਬ ਨੂੰ ਚੰਗਾ ਭਵਿੱਖ ਕੀ ਦੇਣਗੇ। ਮਾਨ ਨੇ ਕਾਂਗਰਸੀ ਨੇਤਾਵਾਂ ਦੀ ਆਪਸੀ ਲੜਾਈ ਦੀ ਮਿਸਾਲ ਦਿੰਦਿਆਂ ਕਿਹਾ ਕਿ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ‘ਤੇ ਦੋਸ਼ ਲਗਾਏ ਹਨ ਕਿ ਉਹ (ਮਨਪ੍ਰੀਤ ਬਾਦਲ) ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਆਪਣੇ ਪਤੀ ਕੈਪਟਨ ਦੇ ਲਈ ਕਾਂਗਰਸ ਉਮੀਦਵਾਰ ਦੇ ਖਿਲਾਫ ਚੋਣ ਪ੍ਰਚਾਰ ਕਰ ਰਹੀ ਹੈ,ਜਦੋਂਕਿ ਉਹ ਇਸ ਸਮੇਂ ਕਾਂਗਰਸ ਦੇ ਸੰਸਦ ਮੈਂਬਰ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਦਾ ਭਰਾ ਕਾਂਗਰਸੀ ਉਮੀਦਵਾਰ ਵਿਰੁੱਧ ਚੋਣ ਲੜ ਰਿਹਾ ਹੈ ਅਤੇ ਉਸ ਨੂੰ ਅੰਦਰੋਂ ਚੰਨੀ ਦਾ ਪੂਰਾ ਸਮਰਥਨ ਹੈ। ਕਾਂਗਰਸ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜ ਰਿਹਾ ਹੈ ਅਤੇ ਉਸ ਲਈ ਰਾਣਾ ਗੁਰਜੀਤ ਕਾਂਗਰਸੀ ਉਮੀਦਵਾਰ ਵਿਰੁੱਧ ਚੋਣ ਪ੍ਰਚਾਰ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਅਸਲ ਵਿਚ ਕਾਂਗਰਸੀ ਨੇਤਾਵਾਂ ਨੂੰ ਜਨਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਕਿਸੇ ਵੀ ਤਰੀਕੇ ਨਾਲ ਸੱਤਾ ਵਿੱਚ ਬਣਾਈ ਰੱਖਣਾ ਹੈ। ਕੁਰਸੀ ਲਈ ਦਿਨ-ਰਾਤ ਲੜਨ ਵਾਲੀ ਕਾਂਗਰਸ ਪਾਰਟੀ ਪੰਜਾਬ ਨੂੰ ਸਥਿਰ ਸਰਕਾਰ ਨਹੀਂ ਦੇ ਸਕਦੀ। ਸੱਤਾ ਵਿੱਚ ਆਉਣ ਤੋਂ ਬਾਅਦ ਵੀ ਉਹ ਕੁਰਸੀ ਲਈ ਇਸੇ ਤਰ੍ਹਾਂ ਲੜਦੇ ਰਹਿਣਗੇ। ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਪੰਜਾਬ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਣਾ ਹੈ। ਮਾਨ ਨੇ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਇੱਕ ਸਥਿਰ ਤੇ ਮਜ਼ਬੂਤ ​​ਸਰਕਾਰ ਦੀ ਲੋੜ ਹੈ। ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਇੱਕਜੁੱਟ ਹੋਕੇ ਚੋਣ ਮੈਦਾਨ ਵਿੱਚ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸੂਬੇ ਦੇ ਸਾਰੇ ਨੇਤਾ ਮਿਲ ਕੇ ਪੰਜਾਬ ਦੇ ਬਿਹਤਰ ਭਵਿੱਖ ਲਈ ਸਖ਼ਤ ਮਿਹਨਤ ਕਰ ਰਹੇ ਹਨ। ਆਮ ਆਦਮੀ ਪਾਰਟੀ ਪੰਜਾਬ ਨੂੰ ਸਥਿਰ, ਮਜ਼ਬੂਤ ​​ਅਤੇ ਇਮਾਨਦਾਰ ਸਰਕਾਰ ਦੇਵੇਗੀ ਅਤੇ ਸੂਬੇ ਨੂੰ ਮੁੜ ਤੋਂ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਬਣਾਏਗੀ।

Related Articles

Leave a Reply

Your email address will not be published. Required fields are marked *

Back to top button
error: Sorry Content is protected !!