Punjab

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ CM ਭਗਵੰਤ ਮਾਨ ਵਲੋਂ Anti Corruption ਹੈਲਪਲਾਈਨ ਨੰਬਰ 9501 200 200 ਜਾਰੀ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦਾ ਅਹਿਦ
–      ਸ਼ਹੀਦਾਂ ਦੀ ਪਵਿੱਤਰ ਧਰਤੀ ਤੋਂ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ-9501200200 ਜਾਰੀ ਕੀਤਾ
ਇਕ ਮਹੀਨੇ ਵਿਚ ਰਿਸ਼ਵਤਖੋਰੀ ਨੂੰ ਮੁਕੰਮਲ ਰੂਪ ਵਿੱਚ ਨੱਥ ਪਾਉਣ ਦਾ ਪ੍ਰਣ
ਹੁਸੈਨੀਵਾਲਾ (ਫਿਰੋਜ਼ਪੁਰ), 23 ਮਾਰਚ:
          ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬੀਆਂ ਨਾਲ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਮੁੱਖ ਮੰਤਰੀ ਨੇ ਅੱਜ ਮਹਾਨ ਸ਼ਹੀਦਾਂ ਦੀ ਪਵਿਤੱਰ ਧਰਤੀ ਹੁਸੈਨੀਵਾਲਾ ਤੋਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਅਤੇ ਇਕ ਮਹੀਨੇ ਵਿੱਚ ਰਿਸ਼ਵਤਖੋਰੀ ਨੂੰ ਮੁਕੰਮਲ ਰੂਪ ਵਿੱਚ ਨੱਥ ਪਾਉਣ ਦਾ ਅਹਿਦ ਲਿਆ।
          ਅੱਜ ਇੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਐਕਸ਼ਨ ਲਾਈਨ ਨੰਬਰ-9501200200 ਜਾਰੀ ਕੀਤਾ।
                                                                   https://fb.watch/bWtflqqDtL/
          ਮੁੱਖ ਮੰਤਰੀ ਨੇ ਕਿਹਾ, ”ਅੱਜ ਤੋਂ ਬਾਅਦ ਕੋਈ ਵੀ ਮੰਤਰੀ, ਵਿਧਾਇਕ, ਅਧਿਕਾਰੀ ਜਾਂ ਕਰਮਚਾਰੀ ਕਿਸੇ ਕੰਮ ਬਦਲੇ ਤੁਹਾਡੇ ਕੋਲੋਂ ਰਿਸ਼ਵਤ ਜਾਂ ਕਮਿਸ਼ਨ ਮੰਗਦਾ ਹੈ ਤਾਂ ਉਸ ਨੂੰ ਨਾਂਹ ਨਾ ਕਰੋ ਸਗੋਂ ਇਸ ਦੀ ਵੀਡੀਓ ਜਾਂ ਆਡੀਓ ਬਣਾ ਕੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ ਉਤੇ ਭੇਜ ਦਿੱਤੀ ਜਾਵੇ ਜਿਸ ਤੋਂ ਬਾਅਦ ਸਾਡੀ ਸਰਕਾਰ ਇਸ ਦੀ ਮੁਕੰਮਲ ਜਾਂਚ ਕਰਵਾਏਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।”
                    ਮੁੱਖ ਮੰਤਰੀ ਨੇ ਕਿਹਾ, ”ਮੈਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ ਅਤੇ ਅੱਜ ਦੇ ਇਸ ਦਿਹਾੜੇ ਮੌਕੇ ਮੈਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਮੈਂ ਸਮੂਹ ਪੰਜਾਬੀਆਂ ਤੋਂ ਇਸ ਮਕਸਦ ਲਈ ਪੂਰਨ ਸਹਿਯੋਗ ਦੀ ਮੰਗ ਕਰਦਾ ਹਾਂ ਜੋ ਸਹੀ ਮਾਅਨਿਆਂ ਵਿੱਚ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।”
          ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਵੱਲੋਂ ਅਜ਼ਾਦ ਭਾਰਤ ਦੇ ਸੰਜੋਏ ਹੋਏ ਸੁਪਨੇ ਸਾਕਾਰ ਕਰਨ ਦੀ ਜ਼ਿੰਮੇਵਾਰੀ ਹੁਣ ਸਾਡੀ ਹੈ ਅਤੇ ਅਸੀਂ ਲੋਕਾਂ ਨਾਲ ਸਾਫ਼-ਸੁਥਰਾ ਤੇ ਇਮਾਨਦਾਰ ਸ਼ਾਸਨ ਦੇਣ ਦੇ ਕੀਤੇ ਗਏ ਵਾਅਦੇ ਨੂੰ ਹਰ ਹਾਲ ਵਿੱਚ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਘਰ-ਘਰ ਪਹੁੰਚਾਏਗੀ।
          ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਨੂੰ ਅਮਲੀ ਰੂਪ ਦੇਣ ਸਮੇਤ ਲੋਕਾਂ ਦੇ ਹਿੱਤ ਵਿੱਚ ਹੋਰ ਵੀ ਕਈ ਫੈਸਲੇ ਲਏ ਜਾ ਰਹੇ ਹਨ।
          ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਵਿਜ਼ਟਰ ਬੁੱਕ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਲਿਖਿਆ, ”ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ‘ਤੇ ਮੱਥਾ ਟੇਕ ਕੇ ਬਹੁਤ ਸਕੂਨ ਮਿਲਿਆ। ਅੱਜ ਉਨ੍ਹਾਂ ਦੀ ਸੁਪਨਿਆਂ ਦੀ ਆਜ਼ਾਦੀ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਇਹੋ ਅਰਦਾਸ ਹੈ ਕਿ ਸ਼ਹੀਦਾਂ ਦੀ ਆਤਮਾ ਅਤੇ ਪਰਮਾਤਮਾ ਸਾਨੂੰ ਸਮੱਤ ਅਤੇ ਬਲ ਬਖ਼ਸ਼ੇ।”
          ਮੁੱਖ ਮੰਤਰੀ ਨੇ ਅੱਜ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤੋਂ ਇਲਾਵਾ ਰਾਜ ਮਾਤਾ ਵਿਦਿਆਵਤੀ ਅਤੇ ਸ੍ਰੀ ਬੀ.ਕੇ. ਦੱਤ ਆਦਿ ਸ਼ਹੀਦਾਂ ਦੀਆਂ ਸਮਾਧਾਂ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
          ਇਸ ਮੌਕੇ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ, ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਆ, ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਤੋਂ ਇਲਾਵਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਐਸ.ਐਸ.ਪੀ. ਨਰਿੰਦਰ ਭਾਰਗਵ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!